ਕੰਵਲਜੀਤ ਸਿੰਘ ਕੰਵਲ
ਟੋਰਾਂਟੋ, 22 ਅਕਤੂਬਰ 2019 - ਬੀਤੀ ਰਾਤ ਆਏ ਕੈਨੇਡੀਅਨ ਫੈਡਰਲ ਚੋਣਾਂ ਦੇ ਨਤੀਜਿਆਂ ਚ ਭਾਰਤੀ ਮੂਲ ਦੇ 18 ਪੰਜਾਬੀਆਂ ਨੇ ਕੈਨੇਡੀਅਨ ਪਾਰਲੀਮੈਂਟ ਦੀਆਂ 18 ਸੀਟਾਂ ਤੇ ਕਬਜਾ ਕਰਦੇ ਹੋਏ ਇਕ ਵਾਰ ਫਿਰ ਬੀਤੇ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬੀਆਂ ਦੇ ਗੜ੍ਹ ਸਮਝੇ ਜਾਂਦੇ ਅੱਠ ਲੱਖ ਦੀ ਆਬਾਦੀ ਵਾਲੇ ਸ਼ਹਿਰ ਬਰੈਂਮਪਟਨ ਦੀਆਂ ਪੰਜੇ ਸੀਟਾਂ ਆਪਣੇ ਨਾਂ ਕਰਦੇ ਹੋਏ ਪੰਜ ਲਿਬਰਲ ਉਮੀਦਵਾਰਾਂ ਨੇ ਮੈਂਬਰ ਪਾਰਲੀਮੈਂਟ ਦੀਆਂ ਕੁਰਸੀਆਂ ਤੇ ਕਬਜਾ ਕਰ ਲਿਆ ਅਤੇ ਆਪਣੇ ਵਿਰੋਧੀਆਂ ਨੂੰ ਕਰਾਰੀ ਸ਼ਿਕਸਤ ਦਿੱਤੀ। ਜਿਹਨਾਂ ਚ ਬਰੈਂਪਟਨ ਈਸਟ ਤੋਂ ਮਨਿੰਦਰ ਸਿੱਧੂ ਨੇ ਕੰਜਰਵੇਟਿਵ ਪਾਰਟੀ ਦੀ ਰਮੋਨਾਂ ਸਿੰਘ ਨੂੰ ਹਰਾ ਕੇ ਜਿੱਤ ਆਪਣੇ ਨਾਂ ਕੀਤੀ। ਬਰੈਂਮਪਟਨ ਵੈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੇ ਕੰਜਰਵੇਟਿਵ ਉਮੀਦਵਾਰ ਮੁਰਾਰੀ ਲਾਲ ਥਪਲੀਆਲ ਨੂੰ ਹਰਾ ਕੇ ਆਪਣਾ ਕਬਜਾ ਕਾਇਮ ਰਖਿਆ। ਬਰੈਂਮਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਅਰਪਨ ਖੰਨਾਂ ਕੰਜਰਵੇਟਿਵ ਨੂੰ ਹਰਾ ਕੇ ਦੁਬਾਰਾ ਇਹ ਸੀਟ ਲਿਬਰਲਾਂ ਦੀ ਝੋਲੀ ਪਾਈ। ਬਰੈਂਮਪਟਨ ਸੈਂਟਰ ਤੋਂ 2015 ਦੀਆਂ ਚੋਣਾਂ ਚ ਕੈਨੇਡਾ ਦੇ ਉਸ ਵਕਤ ਦੇ ਖੇਡ ਮੰਤਰੀ ਅਤੇ ਕੰਜਰਵੇਟਿਵ ਉਮੀਦਵਾਰ ਬੱਲ ਗੋਸਲ ਨੂੰ ਹਰਾ ਕੇ ਰਮੇਸ਼ ਸੰਘਾ ਜਿੱਤੇ ਸਨ ਅਤੇ ਇਸ ਵਾਰ ਬੱਲ ਗੋਸਲ ਦੀ ਪਤਨੀ ਅਤੇ ਕੰਜਰਵੇਟਿਵ ਉਮੀਦਵਾਰ ਪਵਨਜੀਤ ਗੋਸਲ ਨੂੰ ਹਰਾ ਕੇ ਐਡਵੋਕੇਟ ਰਮੇਸ਼ ਸੰਘਾ ਨੇ ਇਸ ਸੀਟ ਤੇ ਦੁਬਾਰਾ ਜਿੱਤ ਹਾਸਲ ਕੀਤੀ। ਬਰੈਂਮਪਟਨ ਸਾਊਥ ਤੋਂ ਕੰਜਰਵੇਟਿਵ ਊਮੀਦਵਾਰ ਰਮਨਦੀਪ ਬਰਾੜ ਨੂੰ ਹਰਾ ਕੇ ਸੋਨੀਆਂ ਸਿੱਧੂ ਲਿਬਰਲ ਨੇ ਦੂਜੀ ਵਾਰ ਆਪਣਾ ਕਬਜਾ ਇਸ ਸੀਟ ਤੇ ਕਾਇਮ ਰੱਖਿਆ।
ਮਿਸੀਸਾਗਾ ਮਾਲਟਨ ਸੀਟ ਤੋਂ ਕੈਨੇਡਾ ਦੀ ਫੈਡਰਲ ਸਰਕਾਰ ਦੇ ਮੰਤਰੀ ਨਵਦੀਪ ਬੈਂਸ ਨੇ ਆਪਣੇ ਵਿਰੋਧੀ ਕੰਜਰਵੇਟਿਵ ਉਮੀਦਵਾਰ ਤੋਂ ਸੀਟ ਜਿੱਤ ਲਈ ਹੈ। ਮਿਸੀਸਾਗਾ-ਸਟਰੀਟਵਿੱਲ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਗਗਨ ਸਿਕੰਦ ਦੂਜੀ ਵਾਰ ਚੋਣ ਜਿੱਤ ਗਏ ਹਨ। ਹਲਕਾ ਵਾਟਰਲੂ ਤੋਂ ਫੈਡਰਲ ਮੰਤਰੀ ਬਲਜੀਸ਼ ਚੱਘਰ (ਲਿਬਰਲ),ਹਲਕਾ ਕਿਚਨਰ ਤੋਂ ਰਾਜ ਸੈਣੀ, ਕੈਨੇਡਾ ਦੇ ਡਿਫੈਂਸ ਮੰਤਰੀ ਹਰਜੀਤ ਸਿੰਘ ਸੱਜਣ ਵੈਨਕੂਵਰ ਸਾਊਥ, ਰਣਦੀਪ ਸਿੰਘ ਸਰਾਏ ਸਰੀ ਸੈਂਟਰ, ਸੁੱਖ ਧਾਲੀਵਾਲ ਹਲਕਾ ਸਰੀ ਨਿਊਟਨ, ਅੰਜੂ ਢਿੱਲੋਂ ਹਲਕਾ ਲਛੀਨ- ਲਾਸਾਲ ਕਿਊਬਕ ਤੋਂ (ਸਾਰੇ ਲਿਬਰਲ) ਚੋਣ ਜਿੱਤ ਗਏ ਹਨ। ਐਨ ਡੀ ਪੀ ਮੁਖੀ ਜਗਮੀਤ ਸਿੰਘ ਹਲਕਾ ਬਰਨਬੀ ਤੋਂ ਚੋਣ ਜਿੱਤ ਕੇ ਦੁਬਾਰਾ ਮੈਂਬਰ ਪਾਰਲੀਮੈਂਟ ਬਣ ਗਏ ਹਨ। ਬੌਬ ਸਰੋਆ (ਮਾਰਖਮ ਯੂਨੀਅਨਵਿਲ ਹਲਕਾ), ਜੈਗ ਸਹੋਤਾ (ਕੈਲਗਰੀ ਸਕਾਈਵਿਊ), ਜਸਰਾਜ ਸਿੰਘ ਹੱਲਣ (ਕੈਲਗਰੀ ਮੈਕਾਲ) ਅਤੇ ਟਿਮ ਉੱਪਲ (ਐਡਮਿੰਟਨ-ਮਿਲਵੁੱਡਜ਼) (ਸਾਰੇ ਕੰਜਰਵੇਟਿਵ) ਨੇ ਫੈਡਰਲ ਮੰਤਰੀ ਅਮਰਜੀਤ ਸਿੰਘ ਸੋਹੀ ਨੂੰ ਹਰਾ ਕੇ ਕੈਨੇਡੀਅਨ ਪਾਰਲੀਮੈਂਟ ਚ ਦਸਤੱਕ ਦਿੱਤੀ ਹੈ।