ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਪਹੁੰਚੇ ਅੰਮ੍ਰਿਤਸਰ ਵਪਾਰੀਆਂ ਨਾਲ ਕੀਤੀ ਮੁਲਾਕਾਤ
ਭਾਰਤ ਵਿੱਚ ਪੈਟਰੋਲ ਡੀਜ਼ਲ ਸਭ ਤੋਂ ਸਸਤਾ
ਦੇਸ਼ ’ਚ 1.07 ਲੱਖ ਐਲਪੀਜੀ ਰਿਟੇਲ ਆਊਟਲੈਟ, ਇੱਕ ਤਿੰਨ ਵੀ ਨਹੀਂ ਹੋਇਆ ਡ੍ਰਾਈ ਆਊਟ
ਨਸ਼ਿਆਂ ਦੇ ਮੁੱਦੇ ’ਤੇ ਪੁਰੀ ਦਾ ਪੰਜਾਬ ਸਰਕਾਰ ’ਤੇ ਨਿਸ਼ਾਨਾ—ਕਿਹਾ, ਸਿਆਸੀ ਇਜਾਜ਼ਤ ਤੋਂ ਬਿਨਾਂ ਨਸ਼ੇ ਦੀ ਇੰਨੀ ਖੁੱਲ੍ਹੀ ਰਿਟੇਲਿੰਗ ਸੰਭਵ ਨਹੀਂ
2027 ਵਿੱਚ ਜੇਕਰ ਹੋਇਆ ਗਠਬੰਧਨ ਤਾਂ ਛੋਟੇ ਭਰਾ ਦੀ ਭੂਮਿਕਾ ਵਿੱਚ ਨਹੀਂ ਨਜ਼ਰ ਆਵੇਗੀ ਬੀਜੇਪੀ
2027 ’ਚ ਪੰਜਾਬ ’ਚ BJP ਸਰਕਾਰ ਬਣਨ ਦਾ ਪੁਰੀ ਨੇ ਕੀਤਾ ਦਾਅਵਾ, ਅਕਾਲੀ ਦਲ ਨਾਲ ਗਠਜੋੜ ’ਤੇ ਕਿਹਾ—ਬਰਾਬਰ ਦੀਆਂ ਸ਼ਰਤਾਂ ’ਤੇ ਹੀ ਗੱਲਬਾਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ 19 ਸਤੰਬਰ
ਅੰਮ੍ਰਿਤਸਰ ਵਿੱਚ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੋਜ਼ਗਾਰ ਮੇਲੇ ਸਮੇਤ ਦੇਸ਼ ਦੀ ਅਰਥਵਿਵਸਥਾ, ਪੈਟਰੋਲ-ਡੀਜ਼ਲ ਅਤੇ LPG ਦੀ ਸਪਲਾਈ, E-20 ਪੈਟਰੋਲ, ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਤ ਕਈ ਸਿਆਸੀ ਮੁੱਦਿਆਂ ’ਤੇ ਆਪਣੀ ਗੱਲ ਰੱਖੀ। ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਵਿੱਚ ਆ ਕੇ ਲੋਕਾਂ ਅਤੇ ਭਾਜਪਾ ਪਰਿਵਾਰ ਦੇ ਮੈਂਬਰਾਂ ਨਾਲ ਮਿਲਣਾ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਗਾਰ ਮੇਲੇ ਦੇ 20ਵੇਂ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਹਨ। ਪੁਰੀ ਮੁਤਾਬਕ ਸਤੰਬਰ-ਅਕਤੂਬਰ 2022 ਤੋਂ ਸ਼ੁਰੂ ਹੋਏ ਰੋਜ਼ਗਾਰ ਮੇਲਿਆਂ ਦੇ ਹੁਣ ਤੱਕ 20 ਐਡੀਸ਼ਨ ਹੋ ਚੁੱਕੇ ਹਨ ਅਤੇ ਦੇਸ਼ ਭਰ ਵਿੱਚ ਲਗਭਗ 12 ਤੋਂ 13 ਲੱਖ ਨਿਯੁਕਤੀ ਪੱਤਰ ਵੰਡੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 45 ਵੱਖ-ਵੱਖ ਸਥਾਨਾਂ ’ਤੇ 51 ਹਜ਼ਾਰ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ 20 ਵਿੱਚੋਂ 17 ਰੋਜ਼ਗਾਰ ਮੇਲਿਆਂ ਵਿੱਚ ਸ਼ਾਮਲ ਹੋ ਚੁੱਕੇ ਹਨ।
ਪੈਟਰੋਲੀਅਮ ਅਤੇ LPG ਦੀ ਸਪਲਾਈ ਬਾਰੇ ਗੱਲ ਕਰਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ ਵਿੱਚ 1 ਲੱਖ 7 ਹਜ਼ਾਰ ਰਿਟੇਲ ਪੈਟਰੋਲ ਆਊਟਲੈਟ ਹਨ ਅਤੇ ਉਨ੍ਹਾਂ ਦੇ ਮੁਤਾਬਕ ਕਿਸੇ ਵੀ ਰਿਟੇਲ ਆਊਟਲੈਟ ’ਤੇ ਡ੍ਰਾਈ ਆਊਟ ਦੀ ਸਥਿਤੀ ਨਹੀਂ ਆਈ। ਉਨ੍ਹਾਂ ਕਿਹਾ ਕਿ LPG ਨੂੰ ਲੈ ਕੇ ਚਿੰਤਾ ਜ਼ਰੂਰ ਸੀ ਕਿਉਂਕਿ ਦੇਸ਼ ਵਿੱਚ ਰੋਜ਼ਾਨਾ ਲਗਭਗ 90 ਹਜ਼ਾਰ ਮੀਟ੍ਰਿਕ ਟਨ LPG ਦੀ ਖਪਤ ਹੁੰਦੀ ਹੈ, ਜਦਕਿ ਪਹਿਲਾਂ ਘਰੇਲੂ ਉਤਪਾਦਨ ਲਗਭਗ 34 ਤੋਂ 35 ਹਜ਼ਾਰ ਮੀਟ੍ਰਿਕ ਟਨ ਪ੍ਰਤੀ ਦਿਨ ਸੀ। ਉਨ੍ਹਾਂ ਦੱਸਿਆ ਕਿ ਸਪਲਾਈ ਦੇ ਇੱਕ ਹਿੱਸੇ ਲਈ ਖਾੜੀ ਖੇਤਰ ਦੇ ਦੇਸ਼ਾਂ ’ਤੇ ਨਿਰਭਰਤਾ ਰਹੀ ਹੈ। ਪੁਰੀ ਨੇ ਕਿਹਾ ਕਿ ਸਰਕਾਰ ਵੱਲੋਂ ਘਰੇਲੂ ਉਤਪਾਦਨ ਵਧਾਇਆ ਗਿਆ ਹੈ ਅਤੇ ਉਨ੍ਹਾਂ ਦੇ ਦਾਅਵੇ ਮੁਤਾਬਕ ਇਹ 34-35 ਹਜ਼ਾਰ ਮੀਟ੍ਰਿਕ ਟਨ ਤੋਂ ਵਧਾ ਕੇ 55-56 ਹਜ਼ਾਰ ਮੀਟ੍ਰਿਕ ਟਨ ਪ੍ਰਤੀ ਦਿਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਸਰੋਤਾਂ ਤੋਂ ਵੀ LPG ਮੰਗਵਾਉਣ ਦੀ ਵਿਵਸਥਾ ਕੀਤੀ ਗਈ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਾਰੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਕੀਮਤਾਂ ਨੂੰ ਕੰਟਰੋਲ ਵਿੱਚ ਰੱਖਣ ਲਈ ਆਇਲ ਮਾਰਕੀਟਿੰਗ ਕੰਪਨੀਆਂ ਅਤੇ ਸਰਕਾਰ ਵੱਲੋਂ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕੀਤੀ ਗਈ ਅਤੇ ਇਸ ਕਾਰਨ ਰਿਟੇਲ ਪੱਧਰ ’ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਵਧਣ ਤੋਂ ਰੋਕਣ ਵਿੱਚ ਮਦਦ ਮਿਲੀ। ਉਨ੍ਹਾਂ ਕੈਨੇਡਾ ਅਤੇ ਅਮਰੀਕਾ ਸਮੇਤ ਹੋਰ ਦੇਸ਼ਾਂ ਵਿੱਚ ਊਰਜਾ ਦੀਆਂ ਕੀਮਤਾਂ ਦਾ ਹਵਾਲਾ ਦਿੰਦਿਆਂ ਭਾਰਤ ਦੀ ਊਰਜਾ ਸਪਲਾਈ ਸਥਿਤੀ ਬਾਰੇ ਆਪਣਾ ਪੱਖ ਰੱਖਿਆ।
ਭਾਰਤ ਦੀ ਅਰਥਵਿਵਸਥਾ ਬਾਰੇ ਪੁਰੀ ਨੇ ਕਿਹਾ ਕਿ 2014 ਵਿੱਚ ਦੇਸ਼ ਦੀ ਅਰਥਵਿਵਸਥਾ ਦਾ ਆਕਾਰ ਲਗਭਗ 2 ਟ੍ਰਿਲੀਅਨ ਡਾਲਰ ਸੀ, ਜਦਕਿ ਹੁਣ ਉਨ੍ਹਾਂ ਮੁਤਾਬਕ ਇਹ ਲਗਭਗ 4 ਟ੍ਰਿਲੀਅਨ ਡਾਲਰ ਹੈ। ਉਨ੍ਹਾਂ ਕਿਹਾ ਕਿ ਗਲੋਬਲ ਪੱਧਰ ’ਤੇ ਆਰਥਿਕ ਚੁਣੌਤੀਆਂ ਦੇ ਬਾਵਜੂਦ ਭਾਰਤੀ ਅਰਥਵਿਵਸਥਾ ਨੇ ਵਿਕਾਸ ਦਰ ਦਰਜ ਕੀਤੀ ਹੈ। ਉਨ੍ਹਾਂ 7.8 ਫੀਸਦੀ ਦੇ ਆਰਥਿਕ ਵਿਕਾਸ ਦਰ ਦੇ ਅੰਕੜੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ’ਤੇ ਵੀ ਭਾਰਤੀ ਅਰਥਵਿਵਸਥਾ ਬਾਰੇ ਸਕਾਰਾਤਮਕ ਅੰਕੜੇ ਸਾਹਮਣੇ ਆ ਰਹੇ ਹਨ।
E-20 ਪੈਟਰੋਲ ਦੇ ਮੁੱਦੇ ’ਤੇ ਹਰਦੀਪ ਸਿੰਘ ਪੁਰੀ ਨੇ ਇਸ ਨਾਲ ਵਾਹਨਾਂ ਨੂੰ ਨੁਕਸਾਨ ਹੋਣ ਸਬੰਧੀ ਕੀਤੀਆਂ ਜਾ ਰਹੀਆਂ ਆਲੋਚਨਾਵਾਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ E-20 ਵਿੱਚ 20 ਫੀਸਦੀ ਐਥਨਾਲ ਬਲੈਂਡਿੰਗ ਹੁੰਦੀ ਹੈ ਅਤੇ ਉਨ੍ਹਾਂ ਮੁਤਾਬਕ ਇਸ ਦੀ ਸ਼ੁਰੂਆਤ ਅਪ੍ਰੈਲ 2023 ਵਿੱਚ ਹੋਈ ਸੀ। ਪੁਰੀ ਨੇ ਫਲੈਕਸ ਫਿਊਲ ਵਾਹਨਾਂ ਅਤੇ E-85 ਨਾਲ ਜੁੜੇ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ E-85 ਲਈ ਖਾਸ ਤੌਰ ’ਤੇ ਤਿਆਰ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਨੂੰ ਆਮ ਵਾਹਨਾਂ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।
ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਇੱਕ ਗੰਭੀਰ ਸਮੱਸਿਆ ਹੈ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਆਉਂਦੇ ਹੋਏ ਕਈ ਸਾਲਾਂ ਤੋਂ ਇਸ ਸਮੱਸਿਆ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਤਾਬਕ ਪੰਜਾਬ ਨੇ ਨਸ਼ਿਆਂ ਕਾਰਨ ਇੱਕ ਪੂਰੀ ਪੀੜ੍ਹੀ ਨੂੰ ਗੁਆਇਆ ਹੈ। ਪੁਰੀ ਨੇ ਦਾਅਵਾ ਕੀਤਾ ਕਿ ਇੰਨੀ ਖੁੱਲ੍ਹੀ ਨਸ਼ਿਆਂ ਦੀ ਰਿਟੇਲਿੰਗ ਸਿਆਸੀ ਪ੍ਰਬੰਧ ਦੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਕਾਰਵਾਈ ਨੂੰ ਕਿਸੇ ਇੱਕ ਸਰਕਾਰ ਜਾਂ ਪਾਰਟੀ ਤੱਕ ਸੀਮਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਹੁਣ ਇਸ ਸਮੱਸਿਆ ਨੂੰ ਰੋਕਣ ਲਈ ਕਾਰਵਾਈ ਦੀ ਲੋੜ ਹੈ। ਬਾਰਡਰ ਅਤੇ ਨਸ਼ਿਆਂ ਦੀ ਤਸਕਰੀ ਬਾਰੇ ਸਵਾਲ ਦੇ ਜਵਾਬ ਵਿੱਚ ਪੁਰੀ ਨੇ ਕਿਹਾ ਕਿ ਸਿੰਥੈਟਿਕ ਡਰੱਗਜ਼ ਦੇ ਮਾਮਲੇ ਨੂੰ ਸਿਰਫ਼ ਬਾਰਡਰ ਜਾਂ BSF ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਪਲਾਈ ਅਤੇ ਡਿਸਟ੍ਰੀਬਿਊਸ਼ਨ ਦੇ ਮਾਮਲੇ ਵਿੱਚ ਘਰੇਲੂ ਪੱਧਰ ’ਤੇ ਵੀ ਜਾਂਚ ਦੀ ਲੋੜ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਸਿਸਟਮ ਦੇ ਅੰਦਰ ਮੌਜੂਦ ਲੋਕਾਂ ਤੋਂ ਜਾਣਕਾਰੀ ਲੈਣ ਦੀ ਗੱਲ ਕਹੀ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਸ਼ਿਆਂ ਖਿਲਾਫ਼ BJP ਦੇ ਪਲਾਨ ਬਾਰੇ ਪੁੱਛੇ ਸਵਾਲ ’ਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਅਗਲੀ ਸਰਕਾਰ BJP ਦੀ ਬਣੇਗੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਨਸ਼ਿਆਂ ਖਿਲਾਫ਼ ਅਤੇ ਹੋਰ ਸਮੱਸਿਆਵਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਦਾ ਪੰਜਾਬ ਨੂੰ ਵੀ ਲਾਭ ਮਿਲ ਸਕਦਾ ਹੈ। ਗੁਜਰਾਤ ਵਿੱਚ ਨਸ਼ਿਆਂ ਦੀ ਗੱਲ ਹੋਣ ’ਤੇ ਪੁਰੀ ਨੇ ਕਿਹਾ ਕਿ ਉੱਥੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੇ ਪੰਜਾਬ ਦੀ ਗੁਜਰਾਤ ਨਾਲ ਤੁਲਨਾ ਕੀਤੀ ਜਾ ਰਹੀ ਹੈ ਤਾਂ ਹੋਰ ਖੇਤਰਾਂ ਵਿੱਚ ਵੀ ਤੁਲਨਾ ਕੀਤੀ ਜਾਣੀ ਚਾਹੀਦੀ ਹੈ।
ਅਕਾਲੀ ਦਲ ਨਾਲ ਸੰਭਾਵਿਤ ਗਠਜੋੜ ਬਾਰੇ ਸਵਾਲ ’ਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਸ ਸਬੰਧੀ ਅਧਿਕਾਰਤ ਫੈਸਲਾ ਪਾਰਟੀ ਦੇ ਅਧਿਕਾਰਤ ਆਗੂ ਹੀ ਦੇ ਸਕਦੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ BJP ਅਤੇ ਅਕਾਲੀ ਦਲ ਵਿਚਕਾਰ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਤਾਂ ਉਹ ਬਰਾਬਰ ਦੀਆਂ ਸ਼ਰਤਾਂ ’ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਬਦਲ ਚੁੱਕੇ ਹਨ ਅਤੇ BJP ਹੁਣ ਰਾਸ਼ਟਰੀ ਪੱਧਰ ’ਤੇ ਵੱਡੀ ਪਾਰਟੀ ਹੈ।
ਰਾਹੁਲ ਗਾਂਧੀ ਵੱਲੋਂ BJP ’ਤੇ ਸਿਆਸੀ ਪਾਰਟੀਆਂ ਨੂੰ ਤੋੜਨ ਦੇ ਦੋਸ਼ਾਂ ਬਾਰੇ ਪੁੱਛੇ ਸਵਾਲ ’ਤੇ ਪੁਰੀ ਨੇ ਕਿਹਾ ਕਿ ਕਾਂਗਰਸ ਦੇ ਇਤਿਹਾਸ ਨੂੰ ਵੀ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੁਝ ਲੋਕ BJP ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਦੇ ਮੁਤਾਬਕ ਇਹ ਲੋਕ BJP ਵਿੱਚ ਆਪਣਾ ਸਿਆਸੀ ਭਵਿੱਖ ਦੇਖ ਰਹੇ ਹਨ। ਰਵਨੀਤ ਸਿੰਘ ਬਿੱਟੂ ਨੂੰ ਡਿਟੇਨ ਕੀਤੇ ਜਾਣ ਸਬੰਧੀ ਸਵਾਲ ’ਤੇ ਪੁਰੀ ਨੇ ਕਿਹਾ ਕਿ ਉਹ ਰੋਜ਼ਗਾਰ ਮੇਲੇ ਵਿੱਚ ਸ਼ਾਮਲ ਹੋਣ ਲਈ ਆਏ ਹਨ ਅਤੇ ਇਸ ਮਾਮਲੇ ’ਤੇ ਟਿੱਪਣੀ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਰੋਜ਼ਗਾਰ ਮੇਲੇ ਦੌਰਾਨ ਪੰਜਾਬ ਅਤੇ ਅੰਮ੍ਰਿਤਸਰ ਵਿੱਚ ਮਿਲੀਆਂ ਨੌਕਰੀਆਂ ਬਾਰੇ ਪੁੱਛੇ ਸਵਾਲ ’ਤੇ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਕੁੱਲ 51 ਹਜ਼ਾਰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਜਦਕਿ ਅੰਮ੍ਰਿਤਸਰ ਵਿੱਚ 91 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੁੱਲ ਅੰਕੜੇ ਵੀ ਉਨ੍ਹਾਂ ਕੋਲ ਮੌਜੂਦ ਹਨ ਅਤੇ ਉਹ ਇਸ ਸਬੰਧੀ ਜਾਣਕਾਰੀ ਦੇਣਗੇ।
- Download Babushahi App
-
-