ਚੰਡੀਗੜ੍ਹ ’ਚ ‘ਭਾਰਤ ਟੈਕਸੀ’ ਦੀ ਸ਼ੁਰੂਆਤ, ਡਰਾਈਵਰਾਂ ਨੂੰ ਮਿਲੇਗਾ ਸਹਿਕਾਰੀ ਮਾਲਕੀ ਮਾਡਲ ਦਾ ਲਾਭ
ਚੰਡੀਗੜ੍ਹ, 18 ਸਤੰਬਰ 2026: ਯੂ.ਟੀ. ਚੰਡੀਗੜ੍ਹ ਵਿੱਚ ਅੱਜ ‘ਭਾਰਤ ਟੈਕਸੀ’ ਸੇਵਾ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਕਾਰਤਾ ਵਿਭਾਗ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੇਂਦਰੀ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਵੀ ਸਮਾਗਮ ਵਿੱਚ ਮੌਜੂਦ ਰਹੇ।
ਇਸ ਮੌਕੇ ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਦੀਪਰਵਾ ਲਾਕੜਾ, ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੇ ਸੰਯੁਕਤ ਸਕੱਤਰ ਰਮਨ ਕੁਮਾਰ, ਭਾਰਤ ਟੈਕਸੀ ਦੇ ਚੇਅਰਮੈਨ ਜੈਯੇਨ ਮਹਿਤਾ ਅਤੇ ਸਹਿਕਾਰਤਾ ਸਕੱਤਰ ਐੱਲ. ਮੁਹੰਮਦ ਮੰਸੂਰ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ। ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ, ਭਾਰਤ ਟੈਕਸੀ ਦੇ ਨੁਮਾਇੰਦਿਆਂ, ਸਹਿਕਾਰਤਾ ਖੇਤਰ ਨਾਲ ਜੁੜੇ ਮੈਂਬਰਾਂ, ਡਰਾਈਵਰ-ਮੈਂਬਰਾਂ ਅਤੇ ਹੋਰ ਸੱਦੇ ਹੋਏ ਮਹਿਮਾਨਾਂ ਨੇ ਵੀ ਸਮਾਗਮ ਵਿੱਚ ਭਾਗ ਲਿਆ।
ਚੰਡੀਗੜ੍ਹ ਵਿੱਚ ‘ਭਾਰਤ ਟੈਕਸੀ’ ਦੀ ਸ਼ੁਰੂਆਤ ਨੂੰ ਤਕਨਾਲੋਜੀ ਆਧਾਰਿਤ ਆਵਾਜਾਈ ਖੇਤਰ ਵਿੱਚ ਸਹਿਕਾਰੀ ਮਾਡਲ ਦੇ ਵਿਸਥਾਰ ਵੱਲ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਪਹਿਲਕਦਮੀ ਤਹਿਤ ਡਰਾਈਵਰਾਂ ਨੂੰ ਸਿਰਫ਼ ਸੇਵਾ ਪ੍ਰਦਾਤਾ ਦੀ ਭੂਮਿਕਾ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਪਲੇਟਫਾਰਮ ਦੇ ਮੈਂਬਰ ਅਤੇ ਹਿੱਸੇਦਾਰ ਵਜੋਂ ਜੋੜਨ ’ਤੇ ਜ਼ੋਰ ਦਿੱਤਾ ਗਿਆ ਹੈ। ਸਹਿਕਾਰਤਾ ਦੇ ਸਿਧਾਂਤਾਂ ਨੂੰ ਡਿਜੀਟਲ ਤਕਨਾਲੋਜੀ ਨਾਲ ਜੋੜ ਕੇ ਡਰਾਈਵਰਾਂ ਦੀ ਭਾਗੀਦਾਰੀ ਅਤੇ ਮਾਲਕੀ ਨੂੰ ਉਤਸ਼ਾਹਿਤ ਕਰਨਾ ਇਸ ਮਾਡਲ ਦਾ ਮੁੱਖ ਉਦੇਸ਼ ਹੈ।
ਸਮਾਗਮ ਦੌਰਾਨ ਮਹਿਮਾਨਾਂ ਨੂੰ ‘ਭਾਰਤ ਟੈਕਸੀ’ ਦੀ ਪਹਿਲਕਦਮੀ ਅਤੇ ਇਸ ਦੇ ਸਹਿਕਾਰੀ ਮਾਡਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਦਰਸਾਉਂਦੀ ਆਡੀਓ-ਵਿਜ਼ੂਅਲ ਪੇਸ਼ਕਾਰੀ ਵੀ ਦਿਖਾਈ ਗਈ। ਡਰਾਈਵਰਾਂ ਦੀ ਮੈਂਬਰ ਅਤੇ ਹਿੱਸੇਦਾਰ ਵਜੋਂ ਭੂਮਿਕਾ ਨੂੰ ਦਰਸਾਉਂਦੇ ਹੋਏ ਪੰਜ ਡਰਾਈਵਰ-ਮੈਂਬਰਾਂ ਨੂੰ ਸ਼ੇਅਰ ਸਰਟੀਫਿਕੇਟ ਵੀ ਵੰਡੇ ਗਏ।
ਮੁੱਖ ਮਹਿਮਾਨ ਗੁਲਾਬ ਚੰਦ ਕਟਾਰੀਆ ਨੇ ਡਿਜੀਟਲ ਮਾਧਿਅਮ ਰਾਹੀਂ ‘ਭਾਰਤ ਟੈਕਸੀ’ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਟੈਕਸੀ ਦੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਨਾਲ ਯੂ.ਟੀ. ਚੰਡੀਗੜ੍ਹ ਵਿੱਚ ਇਸ ਸੇਵਾ ਦਾ ਰਸਮੀ ਤੌਰ ’ਤੇ ਆਗਾਜ਼ ਹੋ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ‘ਭਾਰਤ ਟੈਕਸੀ’ ਦੀ ਸ਼ੁਰੂਆਤ ਚੰਡੀਗੜ੍ਹ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਮਿਹਨਤ ਦੇ ਸਨਮਾਨ, ਸਹਿਕਾਰੀ ਮਾਲਕੀ, ਤਕਨੀਕੀ ਆਤਮਨਿਰਭਰਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਡਲ ਤਹਿਤ ਡਰਾਈਵਰ ਸਿਰਫ਼ ਸੇਵਾ ਦੇਣ ਵਾਲੇ ਵਿਅਕਤੀ ਨਹੀਂ ਰਹਿਣਗੇ, ਸਗੋਂ ਪਲੇਟਫਾਰਮ ਦੇ ਮੈਂਬਰ ਅਤੇ ਹਿੱਸੇਦਾਰ ਵਜੋਂ ਵੀ ਭਾਗੀਦਾਰੀ ਕਰ ਸਕਣਗੇ।
ਚੰਡੀਗੜ੍ਹ ਨੂੰ ਆਧੁਨਿਕ ਅਤੇ ਤਰੱਕੀਸ਼ੀਲ ਸ਼ਹਿਰ ਦੱਸਦਿਆਂ ਪ੍ਰਸ਼ਾਸਕ ਨੇ ਉਮੀਦ ਜਤਾਈ ਕਿ ‘ਭਾਰਤ ਟੈਕਸੀ’ ਸ਼ਹਿਰ ਦੀ ਮੌਜੂਦਾ ਜਨਤਕ ਆਵਾਜਾਈ ਪ੍ਰਣਾਲੀ ਦੀ ਪੂਰਕ ਬਣੇਗੀ ਅਤੇ ਲੋਕਾਂ ਨੂੰ ਸੁਰੱਖਿਅਤ, ਕਿਫਾਇਤੀ ਅਤੇ ਭਰੋਸੇਯੋਗ ਆਵਾਜਾਈ ਦਾ ਇੱਕ ਹੋਰ ਵਿਕਲਪ ਮਿਲੇਗਾ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੋੜੀਂਦੇ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਵੀ ਦਿੱਤਾ।
ਕਟਾਰੀਆ ਨੇ ‘ਭਾਰਤ ਟੈਕਸੀ’ ਦੇ ਪ੍ਰਬੰਧਕਾਂ ਨੂੰ ਪਾਰਦਰਸ਼ੀ ਸੰਚਾਲਨ, ਡਾਟਾ ਸੁਰੱਖਿਆ, ਉਚਿਤ ਕਿਰਾਇਆ ਪ੍ਰਣਾਲੀ ਅਤੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਇਲੈਕਟ੍ਰਿਕ ਅਤੇ ਵਾਤਾਵਰਣ ਪੱਖੋਂ ਅਨੁਕੂਲ ਵਾਹਨਾਂ ਨੂੰ ਉਤਸ਼ਾਹਿਤ ਕਰਨ ’ਤੇ ਵੀ ਜ਼ੋਰ ਦਿੱਤਾ।
ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁੱਜਰ ਨੇ ਕਿਹਾ ਕਿ ‘ਭਾਰਤ ਟੈਕਸੀ’ ਸਹਿਕਾਰੀ ਮਾਡਲ ’ਤੇ ਆਧਾਰਿਤ ਹੈ, ਜਿਸ ਵਿੱਚ ਟੈਕਸੀ ਡਰਾਈਵਰਾਂ ਨੂੰ ਪਲੇਟਫਾਰਮ ਦੇ ਸਰਗਰਮ ਭਾਗੀਦਾਰ ਬਣਾਉਣ ਦੀ ਵਿਵਸਥਾ ਹੈ। ਮੈਂਬਰ ਅਤੇ ਹਿੱਸੇਦਾਰ ਹੋਣ ਦੇ ਨਾਤੇ ਡਰਾਈਵਰਾਂ ਨੂੰ ਇਸ ਮਾਡਲ ਦੇ ਲਾਭਾਂ ਵਿੱਚ ਵੀ ਹਿੱਸਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਡਰਾਈਵਰਾਂ ਦੀ ਆਮਦਨ ਵਧਾਉਣ, ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਮਜ਼ਬੂਤ ਕਰਨ ਅਤੇ ਡਿਜੀਟਲ ਪਲੇਟਫਾਰਮ ਤੋਂ ਪੈਦਾ ਹੋਣ ਵਾਲੇ ਲਾਭਾਂ ਨੂੰ ਡਰਾਈਵਰਾਂ ਤੱਕ ਪਹੁੰਚਾਉਣ ਵਿੱਚ ਸਹਾਇਕ ਹੋ ਸਕਦੀ ਹੈ।
ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਕਿਹਾ ਕਿ ਦੇਸ਼ ਭਰ ਵਿੱਚ ਹੁਣ ਤੱਕ ਲਗਭਗ 10 ਲੱਖ ਡਰਾਈਵਰ ‘ਭਾਰਤ ਟੈਕਸੀ’ ਨਾਲ ਰਜਿਸਟਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਚੰਡੀਗੜ੍ਹ ਦੇ ਇੱਕ ਲੱਖ ਤੋਂ ਵੱਧ ਡਰਾਈਵਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਸੇਵਾ ਦੀ ਸ਼ੁਰੂਆਤ ਇਸ ਪਹਿਲਕਦਮੀ ਦੇ ਵਿਸਥਾਰ ਦਾ ਇੱਕ ਹੋਰ ਮਹੱਤਵਪੂਰਨ ਪੜਾਅ ਹੈ।
ਉਨ੍ਹਾਂ ਦੱਸਿਆ ਕਿ ‘ਭਾਰਤ ਟੈਕਸੀ’ ਵੱਲੋਂ ਆਉਣ ਵਾਲੇ ਮਹੀਨਿਆਂ ਵਿੱਚ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਸ਼ਹਿਰਾਂ ਵਿੱਚ ਵੀ ਸੇਵਾਵਾਂ ਦਾ ਵਿਸਥਾਰ ਕਰਨ ਦੀ ਯੋਜਨਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਕਾਰਤਾ ਵਿਭਾਗ ਨੇ ਸਬੰਧਤ ਵਿਭਾਗਾਂ ਅਤੇ ਭਾਰਤ ਟੈਕਸੀ ਦੇ ਨੁਮਾਇੰਦਿਆਂ ਦੇ ਸਹਿਯੋਗ ਨਾਲ ਸਮਾਗਮ ਦਾ ਤਾਲਮੇਲ ਕੀਤਾ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਪਹਿਲਕਦਮੀ ਰਾਹੀਂ ਸਹਿਕਾਰੀ ਮਾਡਲ ਨੂੰ ਆਵਾਜਾਈ ਖੇਤਰ ਤੱਕ ਵਿਸਥਾਰ ਮਿਲੇਗਾ ਅਤੇ ਤਕਨਾਲੋਜੀ ਆਧਾਰਿਤ ਪਲੇਟਫਾਰਮ ਵਿੱਚ ਮੈਂਬਰਾਂ ਦੀ ਵਧੇਰੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤੀ ਮਿਲੇਗੀ।
- Download Babushahi App
-
-