ਅੱਠ ਸਾਲਾ ਬੱਚੀ ਨਾਲ ਜਬਰ-ਜਨਾਹ ਕਰਨ ਵਾਲੇ ਨਾਬਾਲਗ ਨੂੰ 20 ਸਾਲ ਦੀ ਜੇਲ੍ਹ, ਅਦਾਲਤ ਨੇ 50 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 19 ਸਤੰਬਰ, 2026 : ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਇੱਕ ਅੱਠ ਸਾਲਾ ਮਾਸੂਮ ਬੱਚੀ ਨਾਲ ਜਬਰ-ਜਨਾਹ ਕਰਨ ਦੇ ਗੰਭੀਰ ਮਾਮਲੇ ਵਿੱਚ ਦੋਸ਼ੀ ਪਾਏ ਗਏ ਨਾਬਾਲਗ ਲੜਕੇ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ 'ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦੇ ਨਾਲ-ਨਾਲ ਪੀੜਤ ਬੱਚੀ ਨੂੰ ਚਾਰ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ।
ਇਹ ਵਾਰਦਾਤ ਲਗਭਗ ਦੋ ਸਾਲ ਪਹਿਲਾਂ ਵਾਪਰੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ। ਘਟਨਾ ਦੇ ਸਮੇਂ ਦੋਸ਼ੀ ਦੀ ਉਮਰ 16 ਸਾਲ 8 ਮਹੀਨੇ ਸੀ, ਪਰ ਅਪਰਾਧ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਨੇ ਕਾਨੂੰਨ ਅਨੁਸਾਰ ਉਸ ਨੂੰ ਬਾਲਗ ਮੰਨ ਕੇ ਮੁਕੱਦਮਾ ਚਲਾਇਆ ਅਤੇ ਇਸੇ ਆਧਾਰ 'ਤੇ ਇਹ ਸਜ਼ਾ ਸੁਣਾਈ।
ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਸੀ ਜਦੋਂ ਪੁਲਿਸ ਨੂੰ ਮਨੀਮਾਜਰਾ ਸਿਵਲ ਹਸਪਤਾਲ ਤੋਂ ਬੱਚੀ ਦੇ ਦਾਖਲ ਹੋਣ ਦੀ ਸੂਚਨਾ ਮਿਲੀ। ਬੱਚੀ ਨੂੰ ਪੇਟ ਵਿੱਚ ਤੇਜ਼ ਦਰਦ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਗੁਆਂਢ ਵਿੱਚ ਰਹਿੰਦੇ ਨਾਬਾਲਗ ਲੜਕੇ ਨੇ ਬੱਚੀ ਨੂੰ ਕਿਸੇ ਬਹਾਨੇ ਨਾਲ ਛੱਤ 'ਤੇ ਭੇਜਿਆ ਅਤੇ ਆਪ ਵੀ ਪਿੱਛੇ ਪਹੁੰਚ ਕੇ ਉਸ ਨਾਲ ਜਬਰ-ਜਨਾਹ ਕੀਤਾ। ਪੋਕਸੋ (POCSO) ਐਕਟ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ 'ਤੇ ਹੁਣ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ।
- Download Babushahi App
-
-