ਬੇਬੇ ਨਾਨਕੀ ਜੀ ਨਗਰ ’ਚ ਕਰਵਾਇਆ ਗਿਆ ਵਿਸ਼ੇਸ਼ ਗੁਰਮਤਿ ਸਮਾਗਮ
ਪ੍ਰਚਾਰਕਾਂ, ਗ੍ਰੰਥੀ ਸਿੰਘਾਂ ਅਤੇ ਸਮਾਜ ਸੇਵੀ ਧਾਰਮਿਕ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਸਮੇਂ ਦੀ ਲੋੜ : ਭਾਈ ਹਰਜੀਤ ਸਿੰਘ
**ਸੁਲਤਾਨਪੁਰ ਲੋਧੀ, 27 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)** – ਬੇਬੇ ਨਾਨਕੀ ਜੀ ਨਗਰ ਸੁਲਤਾਨਪੁਰ ਲੋਧੀ ਵਿਖੇ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਪ੍ਰਚਾਰਕ ਅਤੇ ਜ਼ਿਲ੍ਹਾ ਕਪੂਰਥਲਾ ਦੇ ਇੰਚਾਰਜ ਭਾਈ ਹਰਜੀਤ ਸਿੰਘ ਵੱਲੋਂ ਆਪਣੇ ਗ੍ਰਹਿ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹੋਏ ਇਸ ਸਮਾਗਮ ਦੌਰਾਨ ਪਰਿਵਾਰ ਦੀ ਚੜ੍ਹਦੀ ਕਲਾ, ਸਰਬੱਤ ਦੇ ਭਲੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ, ਗੁਰਦੁਆਰਾ ਗੁਰੂ ਕਾ ਬਾਗ ਦੇ ਮੁੱਖ ਸੇਵਾਦਾਰ ਭਾਈ ਰਘਬੀਰ ਸਿੰਘ, ਪ੍ਰਧਾਨ ਬੀਬੀ ਗੁਰਮੇਜ਼ ਕੌਰ, ਮੀਤ ਪ੍ਰਧਾਨ ਮਾਸਟਰਨੀ ਮਨਜੀਤ ਕੌਰ, ਖ਼ਜ਼ਾਨਚੀ ਡਾਕਟਰ ਗੁਰਦੇਵ ਸਿੰਘ ਸਮੇਤ ਬੀਬੀਆਂ ਦੇ ਜਥੇ ਅਤੇ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਸਮਾਗਮ ਦੌਰਾਨ ਭਾਈ ਹਰਜੀਤ ਸਿੰਘ ਮੁੱਖ ਪ੍ਰਚਾਰਕ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਦਵਿੰਦਰ ਸਿੰਘ ਪ੍ਰਚਾਰਕ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਸਾਹਿਬ ਅਤੇ ਭਾਈ ਪਰਮਜੀਤ ਸਿੰਘ ਪ੍ਰਚਾਰਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਗਤਾਂ ਨੂੰ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। ਸਮਾਪਤੀ ਮੌਕੇ ਭਾਈ ਰਣਜੋਧ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਹੱਟ ਸਾਹਿਬ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਭਾਈ ਦਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਹੁਕਮਨਾਮਾ ਸਰਵਣ ਕਰਵਾਇਆ।
ਇਸ ਮੌਕੇ ਕਾਰਸੇਵਾ ਦੇ ਬਾਬਾ ਜਸਪਾਲ ਸਿੰਘ (ਸੇਵਕ ਸੰਤ ਬਾਬਾ ਕਰਤਾਰ ਸਿੰਘ ਜੀ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਭਾਈ ਹਰਜੀਤ ਸਿੰਘ ਦੀ ਮਾਤਾ ਬੀਬੀ ਸੁਰਜੀਤ ਕੌਰ, ਭਾਈ ਹਰਜੀਤ ਸਿੰਘ ਅਤੇ ਉਨ੍ਹਾਂ ਦੇ ਸਪੁੱਤਰਾਂ ਹਰਸਿਮਰਨ ਸਿੰਘ ਤੇ ਹਰਮਨਦੀਪ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਈ ਹਰਜੀਤ ਸਿੰਘ ਨੇ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸਮਾਜ ਵਿੱਚ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਨੂੰ ਸਿਰਫ਼ ਪੜ੍ਹਨਾ ਹੀ ਕਾਫ਼ੀ ਨਹੀਂ, ਸਗੋਂ ਇਸ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਵੀ ਲਾਜ਼ਮੀ ਹੈ। ਅੱਜ ਸਮਾਜ ਵਿੱਚ ਜਾਤ-ਪਾਤ, ਊਚ-ਨੀਚ, ਵਹਿਮ-ਭਰਮ, ਧੜੇਬੰਦੀ ਅਤੇ ਅਗਿਆਨਤਾ ਵਧ ਰਹੀ ਹੈ, ਜਦਕਿ ਮਨੁੱਖੀ ਏਕਤਾ, ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਕਮਜ਼ੋਰ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਬਣਾਉਣ ’ਤੇ ਕਰੋੜਾਂ ਰੁਪਏ ਖਰਚ ਕਰ ਦਿੰਦੇ ਹਾਂ, ਪਰ ਜਦੋਂ ਗ੍ਰੰਥੀ ਸਿੰਘਾਂ ਦੀਆਂ ਸੇਵਾਵਾਂ ਅਤੇ ਉਨ੍ਹਾਂ ਦੇ ਮਾਣ-ਸਤਿਕਾਰ ਦੀ ਗੱਲ ਆਉਂਦੀ ਹੈ ਤਾਂ ਘੱਟ ਤੋਂ ਘੱਟ ਤਨਖ਼ਾਹ ਦੇਣ ਬਾਰੇ ਸੋਚਦੇ ਹਾਂ। ਅੱਜ ਸਮੇਂ ਦੀ ਲੋੜ ਹੈ ਕਿ ਯੋਗ, ਜ਼ਿੰਮੇਵਾਰ ਅਤੇ ਗੁਰਮਤਿ ਸਿਧਾਂਤਾਂ ਦੀ ਡੂੰਘੀ ਸਮਝ ਰੱਖਣ ਵਾਲੇ ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਦੀਆਂ ਸੇਵਾਵਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ। ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਅਜਿਹੀਆਂ ਧਾਰਮਿਕ ਸ਼ਖ਼ਸੀਅਤਾਂ ਦਾ ਉਤਸ਼ਾਹ ਵਧਾਉਣਾ ਚਾਹੀਦਾ ਹੈ।
ਇਸ ਮੌਕੇ ਭਾਈ ਹਰਜੀਤ ਸਿੰਘ ਵੱਲੋਂ ਬਾਬਾ ਜਸਪਾਲ ਸਿੰਘ ਕਾਰਸੇਵਾ, ਭਾਈ ਰਣਜੋਧ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਹੱਟ ਸਾਹਿਬ, ਭਾਈ ਰਘਬੀਰ ਸਿੰਘ ਮੁੱਖ ਸੇਵਾਦਾਰ ਮਾਤਾ ਸੁਲੱਖਣੀ ਜੀ ਸੇਵਾ ਸੁਸਾਇਟੀ, ਭਾਈ ਮਨਪ੍ਰੀਤ ਸਿੰਘ, ਭਾਈ ਦਵਿੰਦਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਪ੍ਰਚਾਰਕਾਂ ਤੋਂ ਇਲਾਵਾ ਸਾਬਕਾ ਬਲਾਕ ਸਿੱਖਿਆ ਅਫ਼ਸਰ ਸ. ਸੰਤੋਖ ਸਿੰਘ, ਸ. ਭਜਨ ਸਿੰਘ ਲੰਬਰਦਾਰ, ਸ. ਸੁਖਵਿੰਦਰ ਸਿੰਘ ਫੌਜੀ, ਸ. ਤਰਸੇਮ ਸਿੰਘ ਚੜ੍ਹਦੀਕਲਾ ਕਲਾਥ ਹਾਊਸ, ਜੇ.ਪੀ. ਸਿੰਘ ਬੇਬੇ ਨਾਨਕੀ ਨਗਰ ਸਮੇਤ ਸਮੂਹ ਜਥਿਆਂ ਅਤੇ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਅਖੀਰ ਵਿੱਚ ਭਾਈ ਹਰਜੀਤ ਸਿੰਘ ਨੇ ਸਮਾਗਮ ਵਿੱਚ ਪਹੁੰਚੀਆਂ ਸਮੂਹ ਧਾਰਮਿਕ ਸ਼ਖ਼ਸੀਅਤਾਂ, ਜਥਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
- Download Babushahi App
-
-