15 ਨਵੰਬਰ ਨੂੰ ਲੱਗੇਗਾ ਤੇਰਾ ਸਿੰਘ ਚੰਨ ਸਾਹਿਤਕ ਮੇਲਾ
Ravi Jakhu
ਚੰਡੀਗੜ੍ਹ: 10 ਨਵੰਬਰ 2026
ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ‘ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ-2026’ 15 ਨਵੰਬਰ ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਲਾਇਆ ਜਾ ਰਿਹਾ ਹੈ I ਇਸ ਮੇਲੇ ਵਿੱਚ ਕਲਾ, ਸਾਹਿਤ ਅਤੇ ਸਭਿਆਚਾਰ ਨਾਲ਼ ਸਬੰਧਿਤ ਨਾਮਵਰ ਸ਼ਖ਼ਸੀਅਤਾਂ ਆਪਣੀ ਹਾਜ਼ਰੀ ਨਾਲ਼ ਰੌਣਕ ਵਧਾਉਣਗੀਆਂ I ਉੱਘੇ ਸ਼ਾਇਰ ਅਤੇ ਫ਼ਿਲਮ ਉਦਯੋਗ ਵਿੱਚ ਪੰਜਾਬ ਦੀ ਮਾਣਮੱਤੀ ਨੁਮਾਇੰਦਗੀ ਕਰਕੇ ਆਪਣਾ ਉਚੇਚਾ ਨਾਮ ਸਥਾਪਿਤ ਕਰਨ ਵਾਲ਼ੇ ਗੀਤਕਾਰ ਇਰਸ਼ਾਦ ਕਾਮਿਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ I ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵਿਸ਼ੇਸ਼ ਮਹਿਮਾਨ ਹੋਣਗੇ I ਸੰਜੀਦਾ ਰੰਗਮੰਚ ਅਤੇ ਫ਼ਿਲਮ ਅਦਾਕਾਰ ਮਲਕੀਤ ਸਿੰਘ ਰੌਣੀ ‘ਸਮਾਜ ਸੰਵਾਰਨ ’ਚ ਸਾਹਿਤ, ਸੰਗੀਤ ਤੇ ਸਿਨੇਮੇ ਦਾ ਯੋਗਦਾਨ‘ ਵਿਸ਼ੇ ’ਤੇ ਮੁੱਖ ਬੁਲਾਰੇ ਹੋਣਗੇ I ਤੇਰਾ ਸਿੰਘ ਚੰਨ ਦੀ ਸਾਹਿਤਕ ਅਤੇ ਜਥੇਬੰਦਕ ਦੇਣ ਬਾਰੇ ਕੁੰਜੀਵਤ ਭਾਸ਼ਣ ਗੁਰਨਾਮ ਕੰਵਰ ਵੱਲੋਂ ਦਿੱਤਾਜਾਵੇਗਾ I ਮੇਲੇ ਦੀ ਰੂਪਰੇਖਾ ਬਾਰੇ ਹੋਰ ਜਾਣਕਾਰੀ ਦੇਂਦਿਆਂ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਇਸ ਵਾਰ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ-2026 ਗੁਰਨਾਮ ਕੰਵਰ ਅਤੇ ਮਲਕੀਤ ਰੌਣੀ ਨੂੰ ਪ੍ਰਦਾਨ ਕੀਤੇ ਜਾਣਗੇ I ਹਰਮਿੰਦਰ ਸਿੰਘ ਕਾਲੜਾ ਅਤੇ ਵਰਿੰਦਰ ਸਿੰਘ ਚੱਠਾ ਨੂੰ ਸਰੋਤਾ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾਵੇਗਾ I ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਸਥਾਪਨਾ ਤੋਂ ਹੀ ਨਿਰੰਤਰ ਸਾਥ ਨਿਭਾ ਰਹੇ ਉੱਘੇ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਅਤੇ ਨਾਮਵਰ ਕਵਿਤਰੀ ਰਜਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਹੋਵੇਗਾ I ਲੋਕ ਕਲਾਕਾਰ ਬਲਕਾਰ ਸਿੱਧੂ ਅਤੇ ਉਹਨਾਂ ਦੀ ਟੀਮ ਵੱਲੋਂ ਲੁੱਡੀ ਅਤੇ ਝੂਮਰ ਦੀਆਂ ਪੇਸ਼ਕਾਰੀਆਂ ਹੋਣਗੀਆਂ I ਸ੍ਰੀ ਭੈਣੀ ਸਾਹਿਬ, ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ, ਬਲਦੇਵ ਸਿੰਘ ਸਪਤਰਿਸ਼ੀ ਅਤੇ ਸਵਰਗੀ ਤੇਰਾ ਸਿੰਘ ਚੰਨ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ਼ ਕਰਵਾਏ ਜਾਣ ਵਾਲ਼ੇ ਇਸ ਸਾਹਿਤਕ ਮੇਲੇ ਵਿੱਚ ਪੰਜਾਬੀ ਸਾਹਿਤ, ਸਭਿਆਚਾਰ, ਕਲਾਵਾਂ, ਖਾਣ ਅਤੇ ਪਹਿਰਾਵੇ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ I ਮੇਲਾ 15 ਨਵੰਬਰ 2026 ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ੁਰੂ ਹੋਵੇਗਾ I
ਪੰਜਾਬ ਕਲਾ ਭਵਨ ‘ਚ ਤੇਰਾ ਸਿੰਘ ਚੰਨ ਯਾਦਗਾਰੀ ਮੇਲੇ ਦਾ ਪੋਸਟਰ ਕਾਰਜਕਾਰਨੀ ਵੱਲੋਂ ਜਾਰੀ ਕੀਤਾ ਗਿਆ I ਪੰਜਾਬੀ ਫ਼ਿਲਮ ਐਂਡ ਟੀ.ਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਦੇ ਦਫ਼ਤਰ ਵਿੱਚ ਪੰਜਾਬੀ ਫ਼ਿਲਮ ਉਦਯੋਗ ਦੀਆਂ ਉੱਘੀਆਂ ਹਸਤੀਆਂ ਬੀ. ਐੱਨ ਸ਼ਰਮਾ, ਸ਼ਵਿੰਦਰ ਮਾਹਲ, ਮਲਕੀਤ ਰੌਣੀ, ਭਾਰਤ ਭੂਸ਼ਨ ਵਰਮਾ, ਪਰਮਜੀਤ ਪੱਲੂ, ਵਿਨੋਦ ਸ਼ਰਮਾ ਅਤੇ ਪ੍ਰਭ ਗਰੇਵਾਲ ਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਇਹ ਪੋਸਟਰ ਜਾਰੀ ਕੀਤਾ ਗਿਆ I
- Download Babushahi App
-
-