ਬੰਦੀ ਛੋੜ ਦਿਵਸ ਮੌਕੇ ਸ਼ਾਨ ਨਾਲ ਸਜਾਇਆ ਗਿਆ ਨਿਹੰਗ ਫੌਜਾਂ ਵੱਲੋਂ ਮਹੱਲਾ
ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦੇਸ਼ ਵਿਦੇਸ਼ 'ਚ ਬੈਠੀਆਂ ਸੰਗਤਾਂ ਨੂੰ ਦਿੱਤੀਆਂ ਵਧਾਈਆਂ
ਨੌਜਵਾਨ ਪੀੜ੍ਹੀ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛਕਣ ਅਤੇ ਮਾਤਾ-ਪਿਤਾ ਦੇ ਆਗਿਆਕਾਰੀ ਬਣਨ ਦੀ ਅਪੀਲ
ਕੁਲਵਿੰਦਰ ਸਿੰਘ
ਅੰਮ੍ਰਿਤਸਰ 9 ਨਵੰਬਰ 2026- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ 96 ਕਰੋੜੀ ਬਾਬਾ ਬਲਬੀਰ ਸਿੰਘ ਜੀ ਨੇ ਬੰਦੀ ਛੋੜ ਦਿਵਸ ਦੇ ਪਵਿੱਤਰ ਅਤੇ ਇਤਿਹਾਸਕ ਦਿਹਾੜੇ ‘ਤੇ ਦੇਸ਼-ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਨਿਹੰਗ ਸਿੰਘ ਫੌਜਾਂ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਬੁੱਢਾ ਦਲ ਦੀ ਅਗਵਾਈ ਹੇਠ ਪੁਰਾਤਨ ਰਵਾਇਤਾਂ ਅਨੁਸਾਰ ਪੂਰੇ ਜਾਹੋ-ਜਲਾਲ ਨਾਲ ਵਿਸ਼ਾਲ ਮਹੱਲੇ ਸਜਾਏ ਗਏ, ਜਿੱਥੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਜੰਗ-ਜੂ ਕਰਤੱਬਾ ਦੇ ਦਰਸ਼ਨ ਕੀਤੇ।
ਇਸ ਮੌਕੇ ਪੰਥ ਦੇ ਬਹੁਤ ਸਾਰੇ ਸਤਿਕਾਰਯੋਗ ਮੁਖੀ ਸਾਹਿਬਾਨ ਹਾਜ਼ਰ ਸਨ। ਇਨ੍ਹਾਂ ਵਿੱਚ ਬਾਬਾ ਅਵਤਾਰ ਸਿੰਘ ਜੀ, ਦਲ ਪੰਥ ਬਾਬਾ ਬਿਧੀ ਚੰਦ ਜੀ ਜੱਥੇਦਾਰ ਬਾਬਾ ਜੋਗਾ ਸਿੰਘ ਜੀ , ਦਰਬਾਰ ਦਲ ਬਾਬਾ ਬਕਾਲਾ ਸਾਹਿਬ, ਬਾਬਾ ਨਾਗਰ ਸਿੰਘ ਜੀ, ਮਹਿਤਾ ਚੌਂਕ ਵਾਲੇ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਰਾਜਾ ਰਾਜ ਸਿੰਘ ਜੀ (ਪੁੱਤਰ ਬਾਬਾ ਚੜ੍ਹਤ ਸਿੰਘ ਜੀ), ਬਾਬਾ ਮੇਜਰ ਸਿੰਘ ਜੀ ਸੋਢੀ ਦਸ਼ਮੇਸ਼ ਤਰਨਾ ਦਲ, ਬਾਬਾ ਰਘਬੀਰ ਸਿੰਘ ਜੀ ਮੜੀਆਂ ਵਾਲੇ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਛਿੰਦਾ ਸਿੰਘ ਭਿੱਖੀਵਿੰਡ ਅਤੇ ਤਰਨਾ ਦਲ ਮੜੀਆਂ ਵਾਲੇ ਬਾਬਾ ਜਗਦੀਪ ਸਿੰਘ ਜੱਗਾ ਜੀ ਸਮੇਤ ਸਮੂਹ ਦਲਾਂ-ਪੰਥਾਂ ਦੇ ਮੁਖੀ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਸਮਾਗਮ ਦੌਰਾਨ ਬਾਬਾ ਬਲਬੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੇਨਤੀ ਕੀਤੀ ਕਿ ਜਿਨ੍ਹਾਂ ਗੁਰਸਿੱਖਾਂ ਨੇ ਅਜੇ ਤੱਕ ਖੰਡੇ-ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਬਾਣੇ ਦੇ ਧਾਰਨੀ ਬਣਦਿਆਂ ਜ਼ਰੂਰ ਅੰਮ੍ਰਿਤ ਛਕਣ। ਉਨ੍ਹਾਂ ਨੌਜਵਾਨ ਬੱਚਿਆਂ ਨੂੰ ਖਾਸ ਤੌਰ ‘ਤੇ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਨਸ਼ਿਆਂ ਵਰਗੀ ਘਾਤਕ ਅਲਾਹਮਤ ਤੋਂ ਪੂਰੀ ਤਰ੍ਹਾਂ ਬਚਣ, ਨਸ਼ਿਆਂ ਦਾ ਤਿਆਗ ਕਰਨ ਅਤੇ ਆਪਣੇ ਮਾਤਾ-ਪਿਤਾ ਦੇ ਆਗਿਆਕਾਰੀ ਬਣ ਕੇ ਆਪਣਾ ਜੀਵਨ ਸਫਲ ਕਰਨ। ਇਸ ਮੌਕੇ ਨਿਹੰਗ ਸਿੰਘ ਫੌਜਾਂ ਵੱਲੋਂ ਘੋੜਿਆਂ ਅਤੇ ਸ਼ਸਤਰਾਂ ਦੇ ਲਾ ਮਿਸਾਲ ਕਰਤਬ ਵਿਖਾ ਕੇ ਨਿਹਾਲ ਕੀਤਾ ਗਿਆ।
ਕੀ ਹੈ ਨਿਹੰਗ ਸਿੰਘ ਫੌਜਾਂ ਦਾ ਮਹੱਲਾ ?
ਜਦੋਂ ਦਿਵਾਲੀ ਵਾਲੇ ਦਿਨ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚ ਬੰਦ 52 ਰਾਜਿਆਂ ਨੂੰ ਰਿਹਾ ਕਰਵਾ ਕੇ ਲਿਆਏ ਸਨ ਤਾਂ ਉਹਨਾਂ ਦੀ ਆਮਦ ਤੇ ਨਗਰ ਵਾਸੀਆਂ ਅਤੇ ਸੰਗਤਾਂ ਵੱਲੋਂ ਭਾਰੀ ਦੀਪਮਾਲਾ ਕੀਤੀ ਗਈ ਸੀ ਜਿਸ ਨੂੰ ਬੰਦੀ ਛੋੜ ਦਿਵਸ ਜਾਂ ਦਿਵਾਲੀ ਦੇ ਦਿਹਾੜੇ ਵਜੋਂ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਮਹੱਲਾ ਸਜਾਇਆ ਜਾਂਦਾ ਹੈ ਮਹੱਲਾ ਸ਼ਬਦ ਦਾ ਅਰਥ ਜੇਤੂ ਮਾਰਚ ਹੈ ਇਸ ਦਿਨ ਨੂੰ ਫੌਜਾਂ ਵੱਲੋਂ ਬਨਾਵਟੀ ਹਮਲੇ ਵਿੱਚ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਇਸ ਮਹੱਲੇ ਦੀ ਅਗਵਾਈ ਪੰਜਵਾਂ ਤਖਤ ਬੁੱਢਾ ਦਲ ਅਤੇ ਤਰਨਾ ਦਲ ਵੱਲੋਂ ਕੀਤੀ ਜਾਂਦੀ ਹੈ ਅੰਮ੍ਰਿਤਸਰ ਵਿਖੇ ਸਥਿਤ ਛਾਉਣੀ ਨਿਹੰਗਾਂ ਬੁੱਢਾ ਦਲ ਪੰਜਵਾਂ ਤਖਤ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੇ ਹੈਡ ਕੁਆਰਟਰ ਅਤੇ ਗੁਰਦਵਾਰਾ ਮੱਲ ਅਖਾੜਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਇਸ ਮੁਹੱਲੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਇਸ ਵਿੱਚ ਨਿਹੰਗ ਸਿੰਘ ਫੌਜਾਂ ਰਵਾਇਤੀ ਨੀਲੇ ਬਾਣੇ ਵਿੱਚ ਜੰਗੀ ਜੌਹਰ ਅਤੇ ਕਰਤਬ ਦਿਖਾਉਂਦੇ ਹਨ ਜਿਸ ਵਿੱਚ ਗਤਕਾ ਘੋੜ ਸਵਾਰੀ ਨੇਜਾਬਾਜੀ ਸ਼ਾਮਿਲ ਹੁੰਦੇ ਹਨ। ਅਸਲ ਵਿੱਚ ਇਹ ਮਹੱਲਾ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਜਾਂ ਭਗਤੀ ਅਤੇ ਸ਼ਕਤੀ ਦੇ ਸਿਧਾਂਤ ਦਾ ਪ੍ਰਤੀਕ ਹੈ।
- Download Babushahi App
-
-