ਕਿਸਾਨੀ ਰੋਹ ਦਾ ਸਹਾਮਣਾ ਕਰਨ ਲਈ ਤਿਆਰ ਰਹੇ ਆਪ ਸਰਕਾਰ - ਬੁਰਜਗਿੱਲ
02 ਨਵੰਬਰ ਨੂੰ ਘੇਰੇ ਜਾਣਗੇ ਸਹਿਕਾਰੀ ਸਭਾਵਾਂ ਦੇ ਜ਼ਿਲ੍ਹਾ ਅਧਿਕਾਰੀ
Ravi Jakhu
ਬਰਨਾਲਾ 01 ਨਵੰਬਰ, 2026
- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਸੂਬਾ ਪੱਧਰੀ ਮਹੀਨਾਵਾਰ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਚਲੰਤ ਕਿਸਾਨੀ ਮਸਲਿਆਂ ਨੂੰ ਵਿਚਾਰਦਿਆਂ ਹੋਇਆ ਸੂਬਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਸ਼ੈਸ਼ਨ ਦੇ ਅਖੀਰਲੇ ਦਿਨ ਕਿਸਾਨੀ ਮੁੱਦਿਆਂ ਖਾਸ ਕਰਕੇ ਪਾਣੀਆਂ ਦੇ ਮਾਮਲੇ 'ਤੇ ਪਾਸ ਕੀਤੇ ਮਤਿਆਂ ਦਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਨਾਲ ਚੰਡੀਗੜ੍ਹ ਮੋਰਚੇ ਵੇਲੇ ਕੀਤੇ ਲਿਖਤੀ ਵਾਅਦੇ ਦੇ ਅਨੁਰੂਪ ਨਾ ਹੋਣ 'ਤੇ ਸਖਤ ਨਰਾਜ਼ਗੀ ਜਾਹਰ ਕੀਤੀ। ਉਹਨਾਂ ਕਿਹਾ ਕੀ ਇਸ ਸਬੰਧੀ ਭਵਿੱਖੀ ਰਣਨੀਤੀ ਘੜਨ ਲਈ 3 ਨਵੰਬਰ ਨੂੰ ਲੁਧਿਆਣਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਰੱਖੀ ਗਈ ਹੈ। ਉਹਨਾਂ ਅੱਗੇ ਕਿਹਾ ਕੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਕ੍ਰੈਡਿਟ ਸਕੀਮ ਅਧੀਨ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵੱਲੋਂ ਜਾਰੀ ਕੀਤੇ ਨਵੇਂ ਨੋਟੀਫਿਕੇਸ਼ਨ ਵਿਚਲੀਆਂ ਕਿਸਾਨ ਵਿਰੋਧੀ ਸੋਧਾਂ ਕਾਰਨ ਅਤੇ ਡੀਏਪੀ ਦੀ ਘਾਟ ਦੇ ਮਾਮਲੇ ਤੇ ਇਸ ਨਵੇਂ ਨੋਟੀਫਿਕੇਸ਼ਨ ਨੂੰ ਰੱਦ ਕਰਾਉਣ ਅਤੇ ਡੀਏਪੀ ਦੀ ਢੁੱਕਵੀਂ ਸਪਲਾਈ ਲਈ 2 ਨਵੰਬਰ ਨੂੰ ਸੂਬੇ ਭਰ 'ਚ ਡੀ.ਆਰ. ਦਫਤਰਾਂ ਸਾਹਮਣੇ ਧਰਨੇ ਦੇਣ ਦਾ ਫੈਸਲਾ ਕੀਤਾ ਹੈ ਜਿਸ ਵਿੱਚ ਜੱਥੇਬੰਦੀ ਵੱਧ ਚੜ੍ਹ ਕੇ ਸ਼ਮੂਲੀਅਤ ਕਰੇਗੀ।
ਮੀਟਿੰਗ ਵਿੱਚ ਸਭ ਤੋਂ ਪਹਿਲਾਂ ਨਸ਼ਾ ਵਿਰੋਧੀ ਲਹਿਰ ਦੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਨੂੰ ਸ਼ਰਧਾਂਜਲੀ ਭੇਟ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਅਤੇ ਐਕਸ਼ਨ ਕਮੇਟੀ ਨਾਲ ਗੱਲਬਾਤ ਕਰਕੇ ਮੰਗਾਂ ਪੂਰੀਆਂ ਕੀਤੀਆਂ ਜਾਣ।
ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਹਾ ਕਿ ਧਾਰਾ 78,79,80 ਰੱਦ ਕਰਨ, ਬੀਜ ਬਿੱਲ ਖਿਲਾਫ਼ ਮਤਾ ਨਾ ਪਾਉਣਾ ਸਹਿਕਾਰੀ ਵਿੱਤੀ ਸੰਸਥਾਵਾਂ 'ਚ ਯੱਕਮੁਸ਼ਤ ਕਰਜ਼ਾ ਨਿਪਟਾਰਾ ਸਕੀਮ ਅਤੇ ਗੰਨੇ ਦੇ ਭਾਅ ਬਾਰੇ ਪੰਜਾਬ ਸਰਕਾਰ ਦੀ ਚੁੱਪ ਉੱਪਰ ਵੀ ਸਵਾਲ ਖੜੇ ਹੁੰਦੇ ਹਨ।ਸਾਨੂੰ ਉਮੀਦ ਸੀ ਕਿ ਲਿਖਤੀ ਵਾਅਦੇ ਅਨੁਸਾਰ ਆਪਣੇ ਅਖੀਰਲੇ ਸਮੇਂ ਵਿੱਚ ਪੰਜਾਬ ਸਰਕਾਰ ਕਿਸਾਨਾਂ ਨੂੰ ਕਰਜ਼ੇ ਸਬੰਧੀ ਰਾਹਤ ਦੇਵੇਗੀ ਅਤੇ ਗੰਨਾ ਕਾਸ਼ਤਕਾਰਾਂ ਦੇ ਮਸਲਿਆਂ ਦੇ ਹੱਲ ਲਈ ਕੋਈ ਸਾਰਥਕ ਐਲਾਨ ਵਿਧਾਨ ਸਭਾ ਦੇ ਮੰਚ ਤੋਂ ਕਰੇਗੀ ਪਰ ਭਗਵੰਤ ਸਿੰਘ ਮਾਨ ਨੇ ਵਾਅਦਿਆਂ ਤੋਂ ਮੁੱਕਰ ਜਾਣ ਦੀ ਉਹੀ ਪੁਰਾਣੀ ਕਹਾਣੀ ਦੋਹਰਾ ਦਿੱਤੀ। ਮੀਟਿੰਗ ਦੋਰਾਨ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਗੜੇਮਾਰੀ ਅਤੇ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈਆਂ ਫਸਲਾਂ ਦਾ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਸਮੇਂ ਸੂਬਾ ਖ਼ਜਾਨਚੀ ਰਾਮ ਸਿੰਘ ਮਟੌਰੜਾ,ਸੂਬਾ ਪ੍ਰੈਸ ਸਕੱਤਰ ਇੰਦਰਪਾਲ ਸਿੰਘ ਬਰਨਾਲਾ,ਲੁਧਿਆਣਾ ਤੋਂ ਜਗਤਾਰ ਸਿੰਘ ਐਤੀਆਣਾ, ਸ਼੍ਰੀ ਮੁਕਤਸਰ ਸਾਹਿਬ ਤੋਂ ਗੁਰਭੇਜ ਸਿੰਘ,ਪੂਰਨ ਸਿੰਘ ਵੱਟੂ,ਤੇਜਿੰਦਰ ਸਿੰਘ ਸਮਰਾ,ਮਾਨਸਾ ਤੋਂ ਮਹਿੰਦਰ ਸਿੰਘ ਭੈਣੀ ਬਾਘਾ,ਲਛਮਣ ਸਿੰਘ ਚੱਕ ਅਲੀਸ਼ੇਰ,ਪਟਿਆਲਾ ਤੋਂ ਗੁਰਬਚਨ ਸਿੰਘ ਕੰਨਸੁਹਾ,ਜਗਮੇਲ ਸਿੰਘ ਸੁਧੇਵਾਲ,ਫਰੀਦਕੋਟ ਤੋਂ ਕਰਮਜੀਤ ਸਿੰਘ ਚੈਨਾ,ਸੁਖਦੇਵ ਸਿੰਘ ਫੌਜੀ,ਗੁਰਮੇਲ ਸਿੰਘ,ਗੁਰਦਾਸਪੁਰ ਤੋ ਦਲਬੀਰ ਸਿੰਘ ਜੀਵਨ ਚੱਕ,ਮੰਗਤਾ ਸਿੰਘ,ਬਰਨਾਲਾ ਤੋਂ ਸਿਕੰਦਰ ਸਿੰਘ ਭੂਰੇ, ਬਠਿੰਡਾ ਤੋਂ ਰਾਜਮਹਿੰਦਰ ਸਿੰਘ ਕੋਟ ਭਾਰਾ ,ਜਗਸੀਰ ਸਿੰਘ,ਲਖਬੀਰ ਸਿੰਘ ਆਦਿ ਆਗੂ ਹਾਜ਼ਰ ਸਨ।
- Download Babushahi App
-
-