ਆਈਸੀਸੀਆਰ ਦੇ ਪ੍ਰਤਿਨਿਧੀ ਮੰਡਲ ਵੱਲੋਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਗੱਲਬਾਤ
ਅਸ਼ੋਕ ਵਰਮਾ
ਬਠਿੰਡਾ, 1 ਨਵੰਬਰ, 2026: ਭਾਰਤੀ ਸੱਭਿਆਚਾਰਕ ਸਬੰਧ ਪਰਿਸ਼ਦ (ਆਈਸੀਸੀਆਰ), ਜ਼ੋਨਲ ਦਫ਼ਤਰ (ਉੱਤਰ) ਦੇ ਇੱਕ ਪ੍ਰਤਿਨਿਧੀ ਮੰਡਲ ਨੇ ਸ਼ਨੀਵਾਰ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਿੱਚ ਉਪਲਬਧ ਸਹੂਲਤਾਂ ਅਤੇ ਪਹਿਲਕਦਮੀਆਂ ਦੀ ਸਮੀਖਿਆ ਕਰਨਾ ਅਤੇ ਅਕਾਦਮਿਕ ਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ ਦੀ ਪੜਚੋਲ ਕਰਨਾ ਸੀ। ਇਸ ਮੌਕੇ ਆਈਸੀਸੀਆਰ ਦੇ ਜ਼ੋਨਲ ਡਾਇਰੈਕਟਰ (ਉੱਤਰ) ਸ਼੍ਰੀ ਕੇ. ਅੱਯਨਾਰ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਖੇਤਰੀ ਡਾਇਰੈਕਟਰ ਡਾ. ਕੇ. ਪੰਨੀਰਸੇਲਵਮ ਵੀ ਮੌਜੂਦ ਰਹੇ।
ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸਿਰਿਕਾ ਨੇ ਪ੍ਰਤਿਨਿਧੀ ਮੰਡਲ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਸੁਖਾਵਾਂ ਅਕਾਦਮਿਕ ਮਾਹੌਲ ਪ੍ਰਦਾਨ ਕਰਨਾ ਯੂਨੀਵਰਸਿਟੀ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਯੂਨੀਵਰਸਿਟੀ ਵਿੱਚ ਉਪਲਬਧ ਅਕਾਦਮਿਕ, ਰਿਹਾਇਸ਼ੀ ਅਤੇ ਸਹਿ-ਪਾਠਕ੍ਰਮ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਆਈਕਿਊਏਸੀ ਡਾਇਰੈਕਟਰ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਡਿਵੀਜ਼ਨ ਦੀ ਸਹਿ-ਡਾਇਰੈਕਟਰ ਪ੍ਰੋ. ਮੋਨਿਸ਼ਾ ਧੀਮਾਨ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਅਤੇ ਉਨ੍ਹਾਂ ਨੂੰ ਅਕਾਦਮਿਕ ਤੇ ਸੱਭਿਆਚਾਰਕ ਅਨੁਭਵ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਤਿਨਿਧੀ ਮੰਡਲ ਨੂੰ ਜਾਣੂ ਕਰਵਾਇਆ ਕਿ ਮੌਜੂਦਾ ਸਮੇਂ ਵਿੱਚ 35 ਦੇਸ਼ਾਂ ਦੇ 127 ਵਿਦਿਆਰਥੀ ਕੇਂਦਰੀ ਯੂਨੀਵਰਸਿਟੀ ਪੰਜਾਬ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਆਈਸੀਸੀਆਰ ਦੇ ਪ੍ਰਤਿਨਿਧੀ ਮੰਡਲ ਦਾ ਇਹ ਦੌਰਾ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ, ਖੋਜ ਦੇ ਮੌਕਿਆਂ ਨੂੰ ਵਧਾਉਣ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੋਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਆਈਸੀਸੀਆਰ ਦੇ ਜ਼ੋਨਲ ਡਾਇਰੈਕਟਰ (ਉੱਤਰ) ਸ਼੍ਰੀ ਕੇ. ਅੱਯਨਾਰ ਨੇ ਕਿਹਾ ਕਿ ਪਰਿਸ਼ਦ ਦਾ ਉਦੇਸ਼ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨਾ ਹੈ। ਉਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਅਤੇ ਜੀਵੰਤ ਸੱਭਿਆਚਾਰਕ ਮਾਹੌਲ ਪ੍ਰਦਾਨ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੀਯੂਪੀਬੀ ਵਰਗੀਆਂ ਸੰਸਥਾਵਾਂ ਵਿਸ਼ਵ ਪੱਧਰ ’ਤੇ ਭਾਰਤ ਦੀ ਅਕਾਦਮਿਕ ਸਾਖ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਦੌਰੇ ਦੌਰਾਨ ਆਈਸੀਸੀਆਰ ਦੇ ਪ੍ਰਤਿਨਿਧੀ ਮੰਡਲ ਨੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ 25 ਤੋਂ ਵੱਧ ਦੇਸ਼ਾਂ ਦੇ 100 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਗੱਲ-ਬਾਤ ਕੀਤੀ। ਵਿਦਿਆਰਥੀਆਂ ਨੇ ਆਪਣੇ ਅਕਾਦਮਿਕ ਤਜਰਬੇ, ਖੋਜ ਕਾਰਜਾਂ ਅਤੇ ਯੂਨੀਵਰਸਿਟੀ ਵਿੱਚ ਜੀਵਨ ਨਾਲ ਜੁੜੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਪੜ੍ਹਾਈ, ਰਿਹਾਇਸ਼, ਵੀਜ਼ਾ ਸਬੰਧੀ ਮਾਮਲਿਆਂ ਅਤੇ ਹੋਰ ਪ੍ਰਸ਼ਾਸਨਿਕ ਮੁੱਦਿਆਂ ਬਾਰੇ ਆਪਣੇ ਸਵਾਲ ਰੱਖੇ। ਆਈਸੀਸੀਆਰ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਪਰਿਸ਼ਦ ਦੀਆਂ ਵੱਖ-ਵੱਖ ਸਕਾਲਰਸ਼ਿਪ ਯੋਜਨਾਵਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਅੰਤ ਵਿੱਚ, ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਨੇ ਸਭ ਦਾ ਧੰਨਵਾਦ ਕੀਤਾ।
- Download Babushahi App
-
-