ਸਾਬਕਾ ਸੈਨਿਕਾਂ ਦੇ ਸਨਮਾਨ ਤੇ ਭਲਾਈ ਲਈ ਪੱਛਮੀ ਕਮਾਂਡ ਦਾ ਵਿਸ਼ੇਸ਼ ਉਪਰਾਲਾ
---ਲੁਧਿਆਣਾ ’ਚ ਵਿਸ਼ਾਲ ਰੈਲੀ, ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਨੇ ਸਾਬਕਾ ਸੈਨਿਕਾਂ ਨਾਲ ਕੀਤੀ ਮੁਲਾਕਾਤ
ਸੁਖਮਿੰਦਰ ਭੰਗੂ
ਲੁਧਿਆਣਾ, 1 ਨਵੰਬਰ 2026
ਪੱਛਮੀ ਕਮਾਂਡ ਅਧੀਨ ਵਜਰਾ ਕੋਰ ਵੱਲੋਂ ਢੋਲੇਵਾਲ ਮਿਲਟਰੀ ਕੰਪਲੈਕਸ, ਲੁਧਿਆਣਾ ਵਿਖੇ ਪੰਜਾਬ ਦੇ ਸਾਬਕਾ ਸੈਨਿਕਾਂ, ਵੀਰ ਨਾਰੀਆਂ, ਵੀਰ ਮਾਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ‘ਸਾਡੇ ਸਾਬਕਾ ਸੈਨਿਕ, ਸਾਡਾ ਮਾਣ’ ਦੇ ਸੰਦੇਸ਼ ਅਤੇ ‘ਸੰਪਰਕ, ਸੰਜੀਵਨੀ, ਰੋਜ਼ਗਾਰ ਅਤੇ ਸਹੂਲਤ’ ਦੀ ਥੀਮ ਅਧੀਨ ਕਰਵਾਈ ਗਈ ਇਸ ਰੈਲੀ ਦਾ ਮੁੱਖ ਉਦੇਸ਼ ਸਾਬਕਾ ਸੈਨਿਕਾਂ ਨੂੰ ਇੱਕੋ ਛੱਤ ਹੇਠ ਭਲਾਈ ਸੇਵਾਵਾਂ, ਸਿਹਤ ਸਹੂਲਤਾਂ, ਰੁਜ਼ਗਾਰ ਸਬੰਧੀ ਜਾਣਕਾਰੀ ਅਤੇ ਪ੍ਰਸ਼ਾਸਨਿਕ ਸਹਾਇਤਾ ਮੁਹੱਈਆ ਕਰਵਾਉਣਾ ਸੀ।
ਇਸ ਮੌਕੇ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ (AVSM, SM**) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਸਾਬਕਾ ਸੈਨਿਕਾਂ ਦਾ ਸਨਮਾਨ ਕੀਤਾ ਅਤੇ ਵੀਰ ਨਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਆਰਮੀ ਕਮਾਂਡਰ ਨੇ ਕਿਹਾ ਕਿ ਭਾਰਤੀ ਫੌਜ ਆਪਣੇ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਪੰਜਾਬ ਦੀ ਸ਼ਾਨਦਾਰ ਫੌਜੀ ਵਿਰਾਸਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੱਛਮੀ ਕਮਾਂਡ ਦਾ ਪੰਜਾਬ ਅਤੇ ਇੱਥੋਂ ਦੇ ਲੋਕਾਂ ਨਾਲ ਡੂੰਘਾ ਤੇ ਅਟੁੱਟ ਰਿਸ਼ਤਾ ਹੈ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਦੇਸ਼ ਦੀ ਵਿਰਾਸਤ ਦੇ ਰਖਵਾਲੇ ਅਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਾਗਰਿਕ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਵਰਦੀ ਉਤਾਰਨ ਤੋਂ ਬਾਅਦ ਵੀ ਸੈਨਿਕਾਂ ਦਾ ਅਨੁਸ਼ਾਸਨ, ਇਮਾਨਦਾਰੀ ਅਤੇ ਦੇਸ਼ ਸੇਵਾ ਦੀ ਭਾਵਨਾ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣੀ ਰਹਿੰਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਾਬਕਾ ਸੈਨਿਕਾਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਦਿਵਾਉਣ, ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਅਤੇ ਵੀਰ ਨਾਰੀਆਂ ਸਮੇਤ ਸਾਰੇ ਫੌਜੀ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਯਤਨ ਜਾਰੀ ਰਹਿਣਗੇ।
ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਉਨ੍ਹਾਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਅਨੁਸ਼ਾਸਨ, ਸਰੀਰਕ ਤੰਦਰੁਸਤੀ ਤੇ ਦੇਸ਼ ਸੇਵਾ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਰੈਲੀ ਦੌਰਾਨ ਸਾਬਕਾ ਸੈਨਿਕਾਂ ਦੀਆਂ ਵੱਖ-ਵੱਖ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਚਾਰ ਵਿਸ਼ੇਸ਼ ਸੇਵਾ ਕੈਂਪ ਲਗਾਏ ਗਏ। ਸੰਪਰਕ ਕੈਂਪ ਵਿੱਚ ਰਿਕਾਰਡ ਦਫ਼ਤਰਾਂ, ਜ਼ਿਲ੍ਹਾ ਸੈਨਿਕ ਬੋਰਡ ਅਤੇ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜ਼ੇਸ਼ਨ (AWPO) ਰਾਹੀਂ ਪੈਨਸ਼ਨ, ਦਸਤਾਵੇਜ਼ਾਂ ਅਤੇ ਹੋਰ ਹੱਕਦਾਰੀਆਂ ਸਬੰਧੀ ਮਾਮਲਿਆਂ ਵਿੱਚ ਸਹਾਇਤਾ ਦਿੱਤੀ ਗਈ।
ਸੰਜੀਵਨੀ ਕੈਂਪ ਵਿੱਚ ਫੌਜੀ ਹਸਪਤਾਲਾਂ ਅਤੇ ਸਿਵਲ ਸਿਹਤ ਸੰਸਥਾਵਾਂ ਦੇ ਮਾਹਿਰਾਂ ਵੱਲੋਂ ਸਿਹਤ ਜਾਂਚ, ਡਾਕਟਰੀ ਸਲਾਹ, ਦਵਾਈਆਂ ਅਤੇ ਸਾਬਕਾ ਸੈਨਿਕ ਯੋਗਦਾਨ ਸਿਹਤ ਯੋਜਨਾ (ECHS) ਨਾਲ ਸਬੰਧਤ ਸਹੂਲਤਾਂ ਬਾਰੇ ਮਾਰਗਦਰਸ਼ਨ ਕੀਤਾ ਗਿਆ।
ਇਸੇ ਤਰ੍ਹਾਂ ਰੁਜ਼ਗਾਰ ਕੈਂਪ ਰਾਹੀਂ ਉਦਯੋਗਿਕ ਅਦਾਰਿਆਂ, ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ (MSMEs) ਅਤੇ ਪੁਨਰਵਾਸ ਏਜੰਸੀਆਂ ਦੇ ਸਹਿਯੋਗ ਨਾਲ ਸਾਬਕਾ ਸੈਨਿਕਾਂ ਨੂੰ ਦੂਜੀ ਪਾਰੀ ਦੇ ਰੁਜ਼ਗਾਰ, ਹੁਨਰ ਵਿਕਾਸ ਅਤੇ ਨਵੇਂ ਰੁਜ਼ਗਾਰ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਜਦਕਿ ਸਹੂਲਤ ਕੈਂਪ ਵਿੱਚ ਸਿਵਲ ਪ੍ਰਸ਼ਾਸਨ, ਪੁਲਿਸ, ਬੈਂਕਾਂ ਅਤੇ ਆਧਾਰ ਸੇਵਾਵਾਂ ਨਾਲ ਸਬੰਧਤ ਵਿਭਾਗਾਂ ਵੱਲੋਂ ਵੱਖ-ਵੱਖ ਪ੍ਰਸ਼ਾਸਨਿਕ ਕੰਮਾਂ ਲਈ ਸਹਾਇਤਾ ਮੁਹੱਈਆ ਕਰਵਾਈ ਗਈ।
ਇਹ ਰੈਲੀ ਸਿਰਫ਼ ਭਲਾਈ ਸੇਵਾਵਾਂ ਪ੍ਰਦਾਨ ਕਰਨ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਸਾਬਕਾ ਫੌਜੀਆਂ ਲਈ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਅਤੇ ਆਪਣੇ ਸਾਥੀਆਂ ਨਾਲ ਮੁੜ ਮਿਲਣ ਦਾ ਵੀ ਵਿਸ਼ੇਸ਼ ਮੌਕਾ ਬਣੀ। ਇਸ ਦੌਰਾਨ ਸਾਬਕਾ ਸੈਨਿਕਾਂ ਨੇ ਆਪਸੀ ਵਿਚਾਰ-ਵਟਾਂਦਰਾ ਕੀਤਾ ਅਤੇ ਫੌਜੀ ਪਰਿਵਾਰਾਂ ਨੇ ਮਿਲ ਕੇ ਆਪਣੀ ਸਾਂਝ ਤੇ ਭਾਈਚਾਰਕ ਭਾਵਨਾ ਦਾ ਪ੍ਰਗਟਾਵਾ ਕੀਤਾ। ਸਮਾਗਮ ਦੌਰਾਨ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮਾਂ ਨੇ ਵੀ ਮਾਹੌਲ ਨੂੰ ਉਤਸ਼ਾਹ ਅਤੇ ਖੁਸ਼ੀ ਨਾਲ ਭਰ ਦਿੱਤਾ।
ਪੱਛਮੀ ਕਮਾਂਡ ਵੱਲੋਂ ਦੁਹਰਾਇਆ ਗਿਆ ਕਿ ਦੇਸ਼ ਦੀ ਸੇਵਾ ਵਿੱਚ ਆਪਣਾ ਕੀਮਤੀ ਯੋਗਦਾਨ ਪਾਉਣ ਵਾਲੇ ਹਰੇਕ ਸਾਬਕਾ ਸੈਨਿਕ, ਵੀਰ ਨਾਰੀ ਅਤੇ ਫੌਜੀ ਪਰਿਵਾਰ ਨੂੰ ਬਣਦਾ ਸਨਮਾਨ, ਮਾਣ-ਸਤਿਕਾਰ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨਾ ਫੌਜ ਦੀ ਅਹਿਮ ਜ਼ਿੰਮੇਵਾਰੀ ਹੈ।
- Download Babushahi App
-
-