ਖੇਤੀ ਵਿਭਾਗ ਵੱਲੋਂ ਬਲਾਕ ਬਠਿੰਡਾ ਵਿੱਚ ਸਬਸਿਡੀ ਵਾਲੇ ਕਣਕ ਦੇ ਬੀਜ ਦੇ 1200 ਥੈਲਿਆਂ ਦੀ ਵੰਡ ਮੁਕੰਮਲ
ਜ਼ਿਲ੍ਹਾ ਬਠਿੰਡਾ ਵਿੱਚ ਹੁਣ ਤੱਕ 3000 ਕਿਸਾਨਾਂ ਨੂੰ 6000 ਥੈਲੇ ਕੀਤੇ ਜਾ ਚੁੱਕੇ ਹਨ ਮੁਹੱਈਆ
ਅਸ਼ੋਕ ਵਰਮਾ
ਬਠਿੰਡਾ, 01 ਨਵੰਬਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਸਬਸਿਡੀ ’ਤੇ ਸਰਟੀਫਾਈਡ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਕਿਸਾਨਾਂ ਨੂੰ ਸਬਸਿਡੀ ਵਾਲੇ ਕਣਕ ਦੇ ਬੀਜ ਦੀ ਉਪਲਬਧਤਾ ਸਬੰਧੀ ਜਾਣਕਾਰੀ ਦੇਣ ਉਪਰੰਤ ਹੁਣ ਤੱਕ 1200 ਥੈਲਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ 31 ਅਕਤੂਬਰ ਤੱਕ ਬਲਾਕ ਬਠਿੰਡਾ ਦੇ ਕਿਸਾਨਾਂ ਨੂੰ ਕਣਕ ਦੇ ਸਰਟੀਫਾਈਡ ਬੀਜ ਦੀਆਂ ਚਾਰ ਕਿਸਮਾਂ PBW-826, PBW-872, DBW-327 ਅਤੇ DBW-187 ਮੁਹੱਈਆ ਕਰਵਾਈਆਂ ਗਈਆਂ ਹਨ।
ਓਹਨਾ ਦਸਿਆ ਕੇ ਵਿਭਾਗ ਵੱਲੋਂ ਇਹ ਬੀਜ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਉਪਰੰਤ 2250 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਲਈ ਬੀਜ ਦੀਆਂ ਵੱਖ-ਵੱਖ ਕਿਸਮਾਂ ਦੀ ਉਪਲਬਧਤਾ ਬਾਰੇ ਸਮੇਂ-ਸਮੇਂ ’ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਸਬਸਿਡੀ ਦਾ ਲਾਭ ਲੈਣ ਲਈ ਕਿਸਾਨ ਵਿਭਾਗ ਦੇ ਪੋਰਟਲ Agrimachinerypb.com ’ਤੇ ਖੁਦ ਆਨਲਾਈਨ ਫਾਰਮ ਭਰ ਸਕਦੇ ਹਨ। ਫਾਰਮ ਦਾ ਪ੍ਰਿੰਟ ਲੈਣ ਉਪਰੰਤ ਇਸ ਨੂੰ ਸਬੰਧਤ ਨੰਬਰਦਾਰ ਜਾਂ ਮੌਜੂਦਾ ਸਰਪੰਚ ਤੋਂ ਤਸਦੀਕ ਕਰਵਾਉਣਾ ਲਾਜ਼ਮੀ ਹੈ। ਇੱਕ ਫਾਰਮ ਰਾਹੀਂ ਵੱਧ ਤੋਂ ਵੱਧ ਦੋ ਥੈਲੇ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ।
ਇਸ ਤੋਂ ਇਲਾਵਾ ਸਮੁੱਚੇ ਜ਼ਿਲ੍ਹਾ ਬਠਿੰਡਾ ਵਿੱਚ ਹੁਣ ਤੱਕ ਤਕਰੀਬਨ 3000 ਕਿਸਾਨਾਂ ਨੂੰ ਕਣਕ ਦੇ ਬੀਜ ਦੇ ਕੁੱਲ 6000 ਥੈਲੇ ਸਬਸਿਡੀ ’ਤੇ ਵੰਡੇ ਜਾ ਚੁੱਕੇ ਹਨ। ਹਰੇਕ ਥੈਲੇ ਵਿੱਚ 40 ਕਿਲੋਗ੍ਰਾਮ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਬੀਜ ਦੀ ਉਪਲਬਧਤਾ ਸਬੰਧੀ ਜਾਣਕਾਰੀ ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਰਹੇਗੀ ਅਤੇ ਬੀਜ ਦੀ ਉਪਲਬਧਤਾ ਦੇ ਆਧਾਰ ’ਤੇ ਵੰਡ ਦਾ ਕੰਮ ਨਿਰੰਤਰ ਜਾਰੀ ਰਹੇਗਾ।
ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਕਿਸਾਨ-ਹਿਤੈਸ਼ੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਬਸਿਡੀ ਵਾਲਾ ਕਣਕ ਦਾ ਸਰਟੀਫਾਈਡ ਬੀਜ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਵਿਭਾਗ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਅਤੇ ਖੇਤੀਬਾੜੀ ਉਤਪਾਦਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ।
- Download Babushahi App
-
-