ਪੁਕਾਰ ਕਰੇ ਆਬਕਾਰੀ ਵਿਭਾਗ ਸਿਹਤ 'ਤੇ ਮਾੜੇ ਪ੍ਰਭਾਵ ਰੋਕਣ ਲਈ ਨਾ ਪੀਓ ਨਾਜਾਇਜ਼ ਸ਼ਰਾਬ
ਅਸ਼ੋਕ ਵਰਮਾ
ਬਠਿੰਡਾ, 01 ਨਵੰਬਰ 2026 :ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਆਬਕਾਰੀ ਵਿਭਾਗ ਵੱਲੋਂ ਬੀੜ ਤਲਾਬ ਖੇਤਰ ਵਿਖੇ ਨਜਾਇਜ਼ ਸ਼ਰਾਬ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਤਿਉਹਾਰਾਂ ਦੇ ਸੀਜ਼ਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਕਮਿਸ਼ਨਰ ਪੰਜਾਬ ਸ਼੍ਰੀ ਜਤਿੰਦਰ ਜੋਰਵਾਲ ਅਤੇ ਡਿਪਟੀ ਕਮਿਸ਼ਨਰ ਆਬਕਾਰੀ ਫ਼ਿਰੋਜ਼ਪੁਰ ਜ਼ੋਨ ਸ਼੍ਰੀ ਰਾਜੇਸ਼ ਐਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਸਹਾਇਕ ਕਮਿਸ਼ਨਰ ਆਬਕਾਰੀ ਸ਼੍ਰੀ ਵਿਕਰਮ ਦੇਵ ਠਾਕੁਰ ਦੀ ਸੁਪਰਵਿਜ਼ਨ ਵਿੱਚ ਇਹ ਵਿਸ਼ੇਸ਼ ਕਾਰਵਾਈ ਕੀਤੀ ਗਈ ।
ਇਸ ਮੁਹਿੰਮ ਤਹਿਤ ਆਬਕਾਰੀ ਅਫ਼ਸਰ ਸ. ਬਿਕਰਮਜੀਤ ਸਿੰਘ ਭੁੱਲਰ ਅਤੇ ਸ਼੍ਰੀ ਵਰੁਣਦੀਪ ਗੋਇਲ ਦੀ ਦੇਖ-ਰੇਖ ਹੇਠ ਆਬਕਾਰੀ ਇੰਸਪੈਕਟਰ ਸ. ਗਗਨਦੀਪ ਸਿੰਘ ਬਾਠ ਅਤੇ ਸ. ਬਲਜੀਤ ਸਿੰਘ ਨੇ ਟੀਮ ਸਮੇਤ ਬੀੜ ਤਲਾਬ ਇਲਾਕੇ ਦੀਆਂ ਦੁਕਾਨਾਂ, ਬਾਜ਼ਾਰਾਂ ਅਤੇ ਆਮ ਇਕੱਠ ਵਾਲੀਆਂ ਥਾਵਾਂ 'ਤੇ ਜਾਗਰੂਕਤਾ ਪੋਸਟਰ ਲਗਾਏ, ਪਰਚੇ ਵੰਡੇ ਅਤੇ ਨਾਲ ਹੀ ਪਿੰਡ ਵਿੱਚ ਮੁਨਾਦੀ (ਅਨਾਊਂਸਮੈਂਟ) ਕਰਵਾ ਕੇ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੇ ਸਿਹਤ 'ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ, ਤਿਉਹਾਰਾਂ ਅਤੇ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੀ ਤਸਕਰੀ, ਵਿਕਰੀ ਅਤੇ ਵੰਡ ਨੂੰ ਰੋਕਣ ਲਈ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਲੋਕਾਂ ਨੂੰ ਨਕਲੀ, ਮਿਲਾਵਟੀ ਅਤੇ ਘਰ ਵਿੱਚ ਕੱਢੀ ਜਾਣ ਵਾਲੀ ਨਾਜਾਇਜ਼ ਸ਼ਰਾਬ (ਲਾਹਣ) ਤੋਂ ਹੋਣ ਵਾਲੇ ਗੰਭੀਰ ਜਾਨੀ-ਮਾਲੀ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਮੁਨਾਦੀ ਰਾਹੀਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਤੇ ਵੀ ਨਾਜਾਇਜ਼ ਸ਼ਰਾਬ ਬਣਾਉਣ, ਰੱਖਣ ਜਾਂ ਵੇਚਣ ਦੀ ਸੂਚਨਾ ਮਿਲਦੀ ਹੈ ਤਾਂ ਤੁਰੰਤ ਆਬਕਾਰੀ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਇਸ ਮੌਕੇ ਵਿਭਾਗ ਦੀ ਟੀਮ ਦੇ ਹੋਰ ਕਰਮਚਾਰੀ ਅਤੇ ਸਥਾਨਕ ਨਿਵਾਸੀ ਵੀ ਹਾਜ਼ਰ ਸਨ।
- Download Babushahi App
-
-