'ਯੁੱਧ ਨਸ਼ਿਆਂ ਵਿਰੁੱਧ' ਬਾਈਕ ਰੈਲੀ 'ਚ ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਤੱਕ ਨੌਜਵਾਨਾਂ ਦਾ ਉਮੜਿਆ ਸੈਲਾਬ, ਨਸ਼ਾ ਮੁਕਤ ਪੰਜਾਬ ਦਾ ਲਿਆ ਅਹਿਦ
ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕੀਤੀ, ਭਗਵੰਤ ਮਾਨ ਸਰਕਾਰ ਨਸ਼ਿਆਂ ਖ਼ਿਲਾਫ਼ ਦ੍ਰਿੜ੍ਹਤਾ ਨਾਲ ਲੜ ਰਹੀ ਹੈ ਜੰਗ: ਦਿਨੇਸ਼ ਚੱਢਾ
'ਯੁੱਧ ਨਸ਼ਿਆਂ ਵਿਰੁੱਧ' ਪੰਜਾਬ ਦੀ ਜਵਾਨੀ ਨੂੰ ਖੇਡਾਂ, ਅਰੋਗ ਜੀਵਨ ਅਤੇ ਨਸ਼ਾ ਮੁਕਤ ਭਵਿੱਖ ਵੱਲ ਮੋੜ ਰਿਹਾ ਹੈ: ਦਿਨੇਸ਼ ਚੱਢਾ
ਭਗਵੰਤ ਮਾਨ ਸਰਕਾਰ ਦੀ ਮੁਹਿੰਮ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਲੈ ਕੇ ਜਾ ਰਹੀ ਹੈ: ਦਿਨੇਸ਼ ਚੱਢਾ
ਸ੍ਰੀ ਚਮਕੌਰ ਸਾਹਿਬ / ਰੂਪਨਗਰ; 1 ਨਵੰਬਰ
ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਫਲੈਗਸ਼ਿਪ ਪ੍ਰੋਗਰਾਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸ੍ਰੀ ਚਮਕੌਰ ਸਾਹਿਬ ਤੋਂ ਰੂਪਨਗਰ ਤੱਕ ਇੱਕ ਨਸ਼ਾ ਵਿਰੋਧੀ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ। ਸ੍ਰੀ ਚਮਕੌਰ ਸਾਹਿਬ ਵਿਖੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਵੱਲੋਂ ਰੈਲੀ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਇਸ ਦੀ ਅਗਵਾਈ ਕੀਤੀ ਗਈ।
ਰੈਲੀ ਵਿੱਚ ਵੱਡੀ ਗਿਣਤੀ ਵਿੱਚ ਉਤਸ਼ਾਹੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਨਸ਼ਾ ਮੁਕਤ ਤੇ ਸਿਹਤਮੰਦ ਪੰਜਾਬ ਦੇ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਪਹਿਲਕਦਮੀ ਜ਼ਰੀਏ ਆਗੂਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਅਰੋਗ ਜੀਵਨ ਸ਼ੈਲੀ ਅਪਣਾਉਣ ਅਤੇ ਪੰਜਾਬ ਦੀ ਪ੍ਰਗਤੀ ਤੇ ਖ਼ੁਸ਼ਹਾਲੀ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਰੂਪਨਗਰ ਤੋਂ 'ਆਪ' ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ, "ਪਿਛਲੀਆਂ ਸਰਕਾਰਾਂ ਨੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਪੰਜਾਬ ਵਿੱਚ ਨਸ਼ਿਆਂ ਦੇ ਕੋਹੜ ਨੂੰ ਵਧਣ-ਫੁੱਲਣ ਦਿੱਤਾ। ਇਸ ਦੇ ਉਲਟ, ਭਗਵੰਤ ਮਾਨ ਸਰਕਾਰ ਨਸ਼ਿਆਂ ਵਿਰੁੱਧ ਲਗਾਤਾਰ ਇੱਕ ਦ੍ਰਿੜ੍ਹ ਜੰਗ ਲੜ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਜ਼ਮੀਨੀ ਪੱਧਰ 'ਤੇ ਦੇਖਣ ਨੂੰ ਮਿਲ ਰਹੇ ਹਨ।"
ਉਨ੍ਹਾਂ ਅੱਗੇ ਕਿਹਾ, "ਭਗਵੰਤ ਮਾਨ ਸਰਕਾਰ ਦੇ ਨਿਰੰਤਰ ਯਤਨ ਨਾ ਸਿਰਫ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ, ਸਗੋਂ ਉਨ੍ਹਾਂ ਨੂੰ ਖੇਡਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੁੜਨ ਲਈ ਵੀ ਪ੍ਰੇਰਿਤ ਕਰ ਰਹੇ ਹਨ। ਇਹ ਮੁਹਿੰਮ ਪੰਜਾਬ ਦੇ ਨੌਜਵਾਨਾਂ ਦੀ ਊਰਜਾ ਨੂੰ ਇੱਕ ਸਿਹਤਮੰਦ, ਵਧੇਰੇ ਫਲਦਾਇਕ ਅਤੇ ਪ੍ਰਗਤੀਸ਼ੀਲ ਭਵਿੱਖ ਵੱਲ ਲਗਾ ਰਹੀ ਹੈ।"
ਵਿਧਾਇਕ ਡਾ. ਚਰਨਜੀਤ ਸਿੰਘ ਅਤੇ ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਬਾਈਕ ਰੈਲੀ ਵਿੱਚ ਨੌਜਵਾਨਾਂ ਦੀ ਉਤਸ਼ਾਹਜਨਕ ਭਾਗੀਦਾਰੀ ਨਸ਼ਾ ਮੁਕਤ ਪੰਜਾਬ ਦੇ ਮਿਸ਼ਨ ਨੂੰ ਮਿਲ ਰਹੇ ਵੱਡੇ ਜਨਤਕ ਸਮਰਥਨ ਨੂੰ ਦਰਸਾਉਂਦੀ ਹੈ। ਉਨ੍ਹਾਂ ਦੁਹਰਾਇਆ ਕਿ ਭਗਵੰਤ ਮਾਨ ਸਰਕਾਰ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਸੂਬੇ ਦੀ ਨਵੀਂ ਪੀੜ੍ਹੀ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
- Download Babushahi App
-
-