ਚੱਕਰਵਾਤ 'ਮੁਰਾਸੂ' ਦਾ ਖ਼ਤਰਾ: 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ, ਭਾਰੀ ਮੀਂਹ ਦਾ Alert
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ 1 ਨਵੰਬਰ, 2026 : ਬੰਗਾਲ ਦੀ ਖ਼ਾਰੀ ਵਿੱਚ ਉੱਠਿਆ ਚੱਕਰਵਾਤੀ ਤੂਫ਼ਾਨ 'ਮੁਰਾਸੂ' ਹੋਰ ਜ਼ਿਆਦਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਮੌਸਮ ਵਿਭਾਗ (IMD) ਮੁਤਾਬਕ ਇਹ 2 ਨਵੰਬਰ ਨੂੰ ਇੱਕ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਜਾਵੇਗਾ ਅਤੇ ਇਸ ਦੇ 2 ਨਵੰਬਰ ਦੀ ਅੱਧੀ ਰਾਤ ਤੋਂ 3 ਨਵੰਬਰ ਦੀ ਅੱਧੀ ਰਾਤ ਦੇ ਵਿਚਕਾਰ ਨੇਲੋਰ ਅਤੇ ਨਰਸਾਪੁਰ ਦੇ ਵਿਚਕਾਰ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੂੰ ਪਾਰ ਕਰਨ ਦੀ ਭਾਰੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ। ਚੱਕਰਵਾਤ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਛੱਤੀਸਗੜ੍ਹ ਅਤੇ ਦੱਖਣੀ ਓਡੀਸ਼ਾ ਸਮੇਤ ਕਈ ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਆਈਐਮਡੀ ਦੇ ਅਪਡੈਟ ਮੁਤਾਬਕ ਦੱਖਣੀ ਭਾਰਤ ਵਿੱਚ 2 ਅਤੇ 3 ਨਵੰਬਰ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ ਅਤੇ ਤੇਲੰਗਾਨਾ ਵਿੱਚ ਜਦਕਿ 1 ਅਤੇ 2 ਨਵੰਬਰ ਨੂੰ ਤਾਮਿਲਨਾਡੂ ਵਿੱਚ ਭਾਰੀ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ ਕੇਰਲ, ਕਰਨਾਟਕ, ਲਕਸ਼ਦੀਪ ਅਤੇ ਪੁਡੂਚੇਰੀ ਵਿੱਚ ਵੀ ਆਉਣ ਵਾਲੇ ਦਿਨਾਂ ਤੱਕ ਮੀਂਹ ਦਾ ਦੌਰ ਜਾਰੀ ਰਹੇਗਾ। ਮੱਧ ਭਾਰਤ ਵਿੱਚ ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ੍ਹ ਵਿੱਚ 3 ਤੋਂ 5 ਨਵੰਬਰ ਦੌਰਾਨ ਭਾਰੀ ਮੀਂਹ ਅਤੇ ਤੇਜ਼ ਹਵਾਵਾਂ (60 ਕਿਲੋਮੀਟਰ ਪ੍ਰਤੀ ਘੰਟਾ ਤੱਕ) ਚੱਲਣ ਦੀ ਸੰਭਾਵਨਾ ਹੈ। ਪੂਰਬੀ ਭਾਰਤ ਵਿੱਚ ਝਾਰਖੰਡ, ਪੱਛਮੀ ਬੰਗਾਲ, ਸਿੱਕਮ, ਬਿਹਾਰ, ਓਡੀਸ਼ਾ ਅਤੇ ਅੰਡੇਮਾਨ-ਨਿਕੋਬਾਰ ਵਿੱਚ ਵੀ ਮੀਂਹ ਪਵੇਗਾ, ਜਦਕਿ ਓਡੀਸ਼ਾ ਵਿੱਚ 2 ਤੋਂ 4 ਨਵੰਬਰ ਦੌਰਾਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਵੇਗੀ। ਇਸ ਤੋਂ ਇਲਾਵਾ ਉੱਤਰੀ ਭਾਰਤ ਵਿੱਚ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ 1 ਅਤੇ 2 ਨਵੰਬਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।
- Download Babushahi App
-
-