ਮਾਨਸਾ ਪੁਲਿਸ ਜਬਰ : ਬਠਿੰਡਾ ਜ਼ਿਲ੍ਹੇ ਦੇ ਛੇ ਥਾਣਿਆਂ ਅੱਗੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੋਸ ਧਰਨੇ
ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2026 :ਕੱਲ੍ਹ ਮਾਨਸਾ ਪੁਲਿਸ ਵੱਲੋਂ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਨੂੰ ਖੋਹ ਕੇ ਲੈ ਜਾਣ,ਲੋਕਾਂ ਤੇ ਜਬਰ ਕਰਨ ਅਤੇ ਪਰਮਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਵੱਲੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤਹਿਤ ਜਿ਼ਿਲ੍ਹ ਬਠਿੰਡਾ ਦੇ ਨਥਾਣਾ, ਭਗਤਾ, ਬਠਿੰਡਾ ਸਦਰ, ਸੰਗਤ, ਤਲਵੰਡੀ ਅਤੇ ਮੌੜ ਮੰਡੀ ਦੇ ਪੁਲਿਸ ਥਾਣਿਆਂ ਅੱਗੇ ਧਰਨੇ ਦੇ ਕੇ ਸਰਕਾਰ ਤੇ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੱਜ ਦੇ ਇਕੱਠਾਂ ਨੂੰ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਤੋਂ ਪੀੜਤ ਲੋਕਾਂ ਨੂੰ ਇਨਸਾਫ ਦੇਣ ਦੀ ਬਜਾਏ ਪੁਲਿਸ ਨੂੰ ਖੁੱਲੀਆਂ ਛੋਟਾਂ ਦੇ ਕੇ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦੌਰਾਨ ਪੁਲਿਸ ਵੱਲੋਂ ਇਨਸਾਫ ਮੋਰਚੇ ਤੇ ਪੁਲਿਸ ਦਹਿਸ਼ਤ ਪਾਉਣ ਖਿਲਾਫ ਇਨਸਾਫ ਮੰਗਦੇ ਲੋਕਾਂ ਦੇ ਜਬਰ ਢਾਹਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਵੱਲੋਂ ਪਿਛਲੀਆਂ ਸਰਕਾਰਾਂ ਸਮੇਂ ਦੌਰਾਨ ਸਰਕਾਰ ਤੇ ਪੁਲਿਸ ਅਫਸਰਾਂ ਦੀ ਪੁਸਤ ਪਨਾਹੀ ਤਹਿਤ ਨਸ਼ੇ ਦਾ ਕਾਰੋਬਾਰ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ ਜਿਸ ਨੇ ਪੰਜਾਬ ਦੀ ਨੌਜਵਾਨੀ ਨੂੰ ਵੱਡੀ ਪੱਧਰ ਤੇ ਗ੍ਰਿਫਤ ਵਿੱਚ ਲੈ ਲਿਆ ਹੈ ਉਸ ਤੋਂ ਬਾਅਦ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਦੀ ਗੱਦੀ ਦੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਨਸ਼ਿਆਂ ਦਾ ਖਾਤਮਾ ਦਾ ਵਾਅਦਾ ਅਨੁਸਾਰ ਰੁਕਣ ਦੀ ਬਜਾਏ ਇਸ ਰਾਜ ਵਿੱਚ ਨਸ਼ੇ ਦਾ ਕਾਰੋਬਾਰ ਹੋਰ ਵਧ ਗਿਆ ਹੈ । ਨਸ਼ੇ ਦੇ ਕਾਰੋਬਾਰ ਨੂੰ ਰੋਕਣ ਲਈ ਅੱਗੇ ਰਹੀਆਂ ਨਸ਼ਾ ਰੋਕੂ ਕਮੇਟੀਆਂ ਦੇ ਵਿਅਕਤੀਆਂ ਜਾਂ ਹੋਰ ਲੋਕਾਂ ਦੇ ਕਤਲ ਅਤੇ ਰੋਜਾਨਾ ਹੀ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਖਾਤਰ ਇਨਸਾਫ ਲੈਣ ਲਈ ਲੜ ਰਹੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਇਨਸਾਫ ਦੇਣ ਦੀ ਬਜਾਏ ਉਹਨਾਂ ਤੇ ਜਬਰ ਢਾਹਿਆ ਜਾ ਰਿਹਾ ਹੈ। ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਐਸਐਸਪੀ ਮਾਨਸਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨਾ ਲੋਕਾਂ ਦਾ ਜਮਹੂਰੀ ਹੱਕ ਹੈ ਤੇ ਉਸ ਨੂੰ ਰੋਕਿਆ ਨਹੀਂ ਜਾਵੇਗਾ ਪਰ ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਵਿੱਚ ਮਾਨਸਾ ਧਰਨੇ ਤੇ ਜਾ ਰਹੇ ਮਰਦਾਂ ਔਰਤਾਂ ਦੇ ਕਾਫਲੇ ਤੇ ਪੁਲਿਸ ਵੱਲੋਂ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਦਰਜਨਾਂ ਕਿਸਾਨ ਜਖਮੀ ਹੋ ਗਏ । ਬੁਲਾਰਿਆਂ ਨੇ ਪੁਲਿਸ ਜਬਰ ਦੀ ਸਖਤ ਨਿੰਦਾ ਕਰਦਿਆਂ ਮੰਗ ਕੀਤੀ ਕਿ ਦਲਜੀਤ ਸਿੰਘ ਦੀ ਲਾਸ਼ ਵਾਰਿਸਾਂ ਨੂੰ ਸੌਂਪੀ ਜਾਵੇ,ਪੁਲਿਸ ਜਬਰ ਬੰਦ ਕੀਤਾ ਜਾਵੇ।
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਵੱਡੇ ਨਸ਼ਾ ਤਸਕਰਾਂ ਤੇ ਪ੍ਰਸ਼ਾਸਨਿਕ ਰਾਜਸੀ ਸਰਪ੍ਰਸਤਾਂ ਨੂੰ ਸਾਹਮਣੇ ਲਿਆ ਕੇ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ,ਇਸ ਧੰਦੇ 'ਚ ਗਲਤਾਨ ਸਭਨਾਂ ਨੂੰ ਸਖਤ ਸਜਾ਼ਾਵਾਂ ਦਿੱਤੀਆਂ ਜਾਣ ਅਤੇ ਉਹਨਾਂ ਦੀਆਂ ਜਾਇਦਾਦਾਂ ਜਬਤ ਕੀਤੀਆਂ ਜਾਣ ,ਨਸ਼ਾ ਤਸਕਰੀ ਦੀਆਂ ਕੌਮਾਂਤਰੀ ਲੜੀਆਂ ਨੂੰ ਤੋੜ ਕੇ ਮੁਲਕ ਅੰਦਰ ਬਣਾਏ ਜਾਂਦੇ ਸੰਥੈਟਿਕ ਡਰੱਗਜ਼ ਦੀਆਂ ਫੈਕਟਰੀਆਂ ਬੰਦ ਕਰਾਵਾਈਆਂ ਜਾਣ ਅਤੇ ਸਰਹੱਦਾਂ 'ਤੇ ਸਖਤੀ ਕੀਤੀ ਜਾਵੇ,ਪੀੜਤ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਦੀ ਬਜਾਏ ਉਹਨਾਂ ਦੇ ਮੁੜ-ਵਸੇਬੇ ਦੀ ਅਸਰਦਾਰ ਨੀਤੀ ਬਣਾਈ ਜਾਵੇ ਅਤੇ ਮੁੜ ਵਸੇਵੇ ਲਈ ਵਿੱਤੀ ਸਹਾਇਤਾ ਦਿੱਤੀ ਜਾਵੇ। ਅੱਜ ਦੇ ਇਕੱਠਾਂ ਨੂੰ ਮਾਲਣ ਕੌਰ ਕੋਠਾ ਗੁਰੂ,ਜਗਦੇਵ ਸਿੰਘ ਜੋਗੇਵਾਲਾ ,ਅਵਤਾਰ ਸਿੰਘ ਪੂਹਲਾ, ਲਖਬੀਰ ਸਿੰਘ ਗਿੱਦੜ, ਜਸਪਾਲ ਸਿੰਘ ਕੋਠਾ ਗੁਰੂ, ਅਮਰੀਕ ਸਿੰਘ ਸਿਵੀਆਂ, ਨੀਟਾ ਸਿੰਘ ਦਿਓਣ, ਰਾਮ ਸਿੰਘ, ਧਰਮਪਾਲ ਸਿੰਘ, ਰਣਜੋਧ ਸਿੰਘ, ਹਰਪ੍ਰੀਤ ਸਿੰਘ, ਭੋਲਾ ਸਿੰਘ, ਗੁਰਜੀਤ ਸਿੰਘ, ਸਿਕੰਦਰ ਸਿੰਘ, ਅਮਨਦੀਪ ਸਿੰਘ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾ ਗੁਰੂ ਨੇ ਵੀ ਸੰਬੋਧਨ ਕੀਤਾ।
- Download Babushahi App
-
-