ਦੋ ਰੋਜਾ ਹੜਤਾਲ ਭਰ ਕੇ ਮੁਲਾਜਮਾਂ ਨੇ ਪੈਨਸ਼ਨਰਾਂ ਦੇ ਸਹਿਯੋਗ ਨਾਲ DC ਦਫਤਰ ਦਿੱਤਾ ਧਰਨਾ
ਸਰਕਾਰ ਨੇ ਮੰਗਾਂ ਨਾ ਮੰਨੀਆ ਤਾਂ ਮੁਲਾਜਮ ਤੇ ਪੈਨਸ਼ਨਰ ‘ਆਪ’ ਨੂੰ ਘਰ ਤੋਰਨ ਦੇਣਗੇ : ਆਗੂ
Ravi Jakhu
ਲੁਧਿਆਣਾ 21 ਅਕਤੂਬਰ 2026- ਪੰਜਾਬ ਭਰ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਵੱਲੋਂ ਮੰਗਾਂ ਮਨਵਾਉਣ ਲਈ 21 ਅਤੇ 22 ਅਕਤੂਬਰ ਦੀ ਦੋ ਰੋਜਾ ਸਮੂਹਿਕ ਛੁੱਟੀ ਭਰਕੇ ਜੋ ਤਿੱਖਾ ਸੰਘਰਸ਼ ਦਿੱਤਾ ਗਿਆ ਸੀ ਉਸ ਤਹਿਤ ਅੱਜ ਸੂਬੇ ਭਰ ਦੇ ਲੱਖਾਂ ਮੁਲਾਜਮ ਸਮੂਹਿਕ ਛੁੱਟੀ ਭਰਕੇ ਸੰਘਰਸ਼ ਦੇ ਮੈਦਾਨ ‘ਚ ਡੱਟ ਗਏ ਹਨ। ਲੁਧਿਆਣਾ ਦੇ ਡੀਸੀ ਦਫਤਰ ਦੇ ਬਾਹਰ ਸਾਂਝੀ ਐਕਸ਼ਨ ਕਮੇਟੀ ਦੇ ਬੈਨਰ ਹੇਠ ਇੱਕਠੇ ਹੋਏ ਮੁਲਾਜਮਾਂ ਅਤੇ ਪੈਸ਼ਨਰਾਂ ਨੇ ਕਈ ਘੰਟੇ ਧਰਨਾ ਦੇ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਮੰਗਾਂ ਮੰਨਣ ਨੂੰ ਕਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਯੂਨੀਅਨਾਂ ਦੇ ਸੂਬਾਈ ਤੇ ਜਿਲ੍ਹਾ ਆਗੂਆਂ ਗੁਰਪ੍ਰੀਤ ਸਿੰਘ ਮਹਿਦੂਦਾਂ, ਸੰਦੀਪ ਭੂੰਬਕ, ਗੁਰਦੀਪ ਸਿੰਘ ਚੀਮਾ, ਗੁਰਮੇਲ ਸਿੰਘ ਮੈਰੜੇ, ਕੇਵਲ ਸਿੰਘ ਬਨਵੈਤ, ਧੰਨਾ ਸਿੰਘ ਸਵੱਦੀ, ਰਮਨਜੀਤ ਸਿੰਘ, ਬਲਵਿੰਦਰ ਸਿੰਘ ਲਤਾਲਾ, ਸੁਰਿੰਦਰ ਸਿੰਘ ਬੈਂਸ, ਸੰਜੀਵ ਸ਼ਰਮਾ, ਜਗਦੇਵ ਸਿੰਘ ਲਲਤੋਂ, ਰਾਜਦੀਪ ਸਿੰਘ, ਰਾਜ ਕੁਮਾਰ, ਕੁਲਦੀਪ ਸਿੰਘ, ਜਸਵਿੰਦਰ ਸਿੰਘ, ਹਰਦੇਵ ਸਿੰਘ ਮੁੱਲਾਂਪੁਰ, ਪਰਮਿੰਦਰ ਮਲੋਦ, ਖੁਸ਼ਵੰਤ ਸਿੰਘ ਬਾਜਵਾ, ਪਰਮਜੀਤ ਸਿੰਘ ਮਾਨ, ਟਹਿਲ ਸਿੰਘ ਸਰਾਭਾ, ਗੁਰਦਿਆਲ ਸਿੰਘ ਤਲਵੰਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ 17 ਜੁਲਾਈ 2020 ਦਾ ਪੱਤਰ ਰੱਦ ਕਰਕੇ 2020 ਤੋਂ ਬਾਅਦ ਭਰਤੀ ਹੋਏ ਅਤੇ ਤਰਸ ਦੇ ਆਧਾਰ ‘ਤੇ ਭਰਤੀ ਹੋਏ ਸਾਰੇ ਮੁਲਾਜਮਾਂ ਨੂੰ ਛੇਵੇਂ ਪੇਅ ਕਮਿਸ਼ਨ ਤੱਕ ਤਨਖਾਹ ਨਾ ਦਿੱਤੀ, 15 ਜਨਵਰੀ 2015 ਦਾ ਪੱਤਰ ਰੱਦ ਕਰਕੇ ਪ੍ਰੋਬੇਸ਼ਨਲ ਪੀਰੀਅਡ ‘ਚ ਵੀ ਪੂਰੀ ਤਨਖਾਹ ਨਾ ਦਿੱਤੀ ਜਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਤੇ ਕੱਚੇ ਕਾਮੇਂ ਤੁਰੰਤ ਪੱਕੇ ਨਾ ਕੀਤੇ ਤਾਂ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ। ਆਗੂਆਂ ਨੇ ਕਿਹਾ ਕਿ ਉਪਰੋਕਤ ਮੰਗਾਂ ਤੋਂ ਇਲਾਵਾ ਬਾਕੀ ਬਚਦਾ 10 ਫੀਸਦੀ ਡੀਏ ਸਮੇਤ ਬਹੁਤ ਸਾਰੀਆਂ ਮੰਗਾਂ ਕੇਡਰ ਅਤੇ ਸੀਆਰਏ ਦੇ ਹਿਸਾਪ ਨਾਲ ਹਨ ਜਿਨ੍ਹਾਂ ਦੀ ਗਿਣਤੀ 50 ਦੇ ਕਰੀਬ ਬਣਦੀ ਹੈ ਇਨ੍ਹਾਂ ਸਾਰੀਆਂ ਮੰਗਾਂ ਨੂੰ ਮਨਵਾਉਣ ਲਈ ਸਾਰੇ ਮੁਲਾਜਮਾਂ ਅਤੇ ਪੈਨਸ਼ਰਾਂ ਵੱਲੋਂ ਸਾਂਝਾ ਸ਼ੰਘਰਸ਼ ਉਲੀਕਿਆ ਗਿਆ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੀਆਂ ਮੰਗਾਂ ਨਾ ਮੰਨੀਆ ਤਾਂ ਅਸੀਂ ਅਪਣੇ ਕੀਤੇ ਐਲਾਨ ਮੁਤਾਬਿਕ 94 ਦੇ 94 ਵਿਧਾਇਕਾਂ ਦੀਆਂ ਜਮਾਨਤਾਂ ਜਬਤ ਕਰਵਾ ਕੇ ਇਨ੍ਹਾਂ ਨੂੰ ਪੱਕੇ ਤੌਰ ‘ਤੇ ਘਰਾਂ ਨੂੰ ਤੋਰ ਦੇਵਾਂਗੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਭੰਡਾਂ ਦੀ ਸਰਕਾਰ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਇਸ ਲਈ ਝਾੜੂ ਨੂੰ ਤੀਲਾ ਤੀਲਾ ਕਰਨ ਲਈ ਮੁਲਾਜਮਾਂ ਦੇ ਨਾਲ ਕਮਰ ਕਸੇ ਕਰ ਲਵੋ। ਇਸ ਮੌਕੇ ਵੱਡੀ ਗਿਣਤੀ ‘ਚ ਮਹਿਲਾ ਮੁਲਾਜਮਾਂ ਸਮੇਤ ਹੋਰ ਮੁਲਾਜਮ ਹਾਜਰ ਸਨ।
- Download Babushahi App
-
-