ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ‘ਪੰਜਾਬੀ ਭਾਸ਼ਾ ਵਿੱਚ ਵਿਗਿਆਨ’ ਵਿਸ਼ੇ ਤੇ ਸੈਮੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 15 ਅਕਤੂਬਰ 2026: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਕਾਰਜਕਾਰੀ ਵਾਈਸ ਚਾਂਸਲਰ ਪ੍ਰੋ. ਰਾਮਕ੍ਰਿਸ਼ਨ ਵੁਸੀਰਿਕਾ ਦੀ ਸਰਪ੍ਰਸਤੀ ਹੇਠ ਪੰਜਾਬੀ ਭਾਸ਼ਾ ਰਾਹੀਂ ਵਿਗਿਆਨਕ ਗਿਆਨ ਦੇ ਪ੍ਰਸਾਰ ਅਤੇ ਵਿਗਿਆਨਕ ਸੰਚਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਦੋ ਰੋਜ਼ਾ ਸੈਮੀਨਾਰ ‘ਪੰਜਾਬੀ ਭਾਸ਼ਾ ਵਿੱਚ ਵਿਗਿਆਨ’ ਦਾ ਉਦਘਾਟਨੀ ਸੈਸ਼ਨ ਕਰਵਾਇਆ। 14 ਅਤੇ 15 ਅਕਤੂਬਰ, 2026 ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਵਿਗਿਆਨ ਪਰਿਸ਼ਦ ਪੰਚਨਦ ਪੰਜਾਬ; ਵਿਗਿਆਨ ਭਾਰਤੀ; ਅਤੇ ਭਾਰਤੀ ਭਾਸ਼ਾ ਸਮਿਤੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਸੈਮੀਨਾਰ ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਦੀ ਪਹਿਲਕਦਮੀ ‘ਭਾਰਤੀ ਭਾਸ਼ਾ ਉਤਸਵ’ ਤਹਿਤ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰੋ. ਆਦਰਸ਼ ਪਾਲ ਵਿਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ, ਨੇ ਆਪਣੇ ਸੰਬੋਧਨ ਵਿੱਚ ਵਿਗਿਆਨਕ ਗਿਆਨ ਨੂੰ ਆਮ ਲੋਕਾਂ ਤੱਕ ਉਨ੍ਹਾਂ ਦੀ ਮਾਂ-ਬੋਲੀ ਵਿੱਚ ਪਹੁੰਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਹੀ ਨਹੀਂ, ਸਗੋਂ ਗਿਆਨ ਦੇ ਪ੍ਰਸਾਰ, ਵਿਗਿਆਨਕ ਸੋਚ ਦੇ ਵਿਕਾਸ ਅਤੇ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਵੀ ਹੈ।
ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਰਾਕੇਸ਼ ਸ਼ਾਰਦਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਕਿਹਾ ਕਿ ਵਿਗਿਆਨਕ ਗਿਆਨ ਨੂੰ ਮਾਂ-ਬੋਲੀ ਵਿੱਚ ਉਪਲਬਧ ਕਰਵਾਉਣਾ ਸਿੱਖਿਆ ਨੂੰ ਸਰਲ, ਸਮਾਵੇਸ਼ੀ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਅਤੇ ਪੰਜਾਬੀ ਅਖ਼ਬਾਰਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਤੋਂ ਇਲਾਵਾ ਹੋਰ ਭਾਸ਼ਾਵਾਂ ਸਿੱਖਣ ਲਈ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਉਹ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਗਿਆਨ ਅਤੇ ਜਾਣਕਾਰੀ ਦਾ ਲਾਭ ਉਠਾ ਸਕਣ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਸੰਜੀਵ ਚੌਹਾਨ ਨੇ ਵਿਗਿਆਨਕ ਗਿਆਨ ਦੇ ਪ੍ਰਸਾਰ ਵਿੱਚ ਭਾਸ਼ਾ ਦੀ ਅਹਿਮ ਭੂਮਿਕਾ ਅਤੇ ਸਿੱਖਿਆ ਨੂੰ ਕਲਾਸਰੂਮ ਦੀਆਂ ਸੀਮਾਵਾਂ ਤੋਂ ਬਾਹਰ ਲਿਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨ ਨੂੰ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨਾਲ ਜੋੜਨ ਲਈ ਸਰਲ ਭਾਸ਼ਾ ਅਤੇ ਪ੍ਰਭਾਵਸ਼ਾਲੀ ਸੰਚਾਰ ਬਹੁਤ ਮਹੱਤਵਪੂਰਨ ਹਨ।
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਵਿਜੈ ਸ਼ਰਮਾ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ, ਖੋਜਕਰਤਾਵਾਂ ਅਤੇ ਭਾਸ਼ਾ ਮਾਹਿਰਾਂ ਨੂੰ ਮਾਂ-ਬੋਲੀ ਰਾਹੀਂ ਵਿਗਿਆਨਕ ਗਿਆਨ ਦੇ ਪ੍ਰਸਾਰ ਲਈ ਸਾਂਝੇ ਯਤਨ ਕਰਨ ਦਾ ਸੱਦਾ ਦਿੱਤਾ।
ਉਦਘਾਟਨੀ ਸੈਸ਼ਨ ਦੌਰਾਨ ਬੁਲਾਰਿਆਂ ਨੇ ਭਾਰਤੀ ਭੌਤਿਕ ਵਿਗਿਆਨੀ ਸੀ. ਵੀ. ਰਮਨ, ਨੋਬਲ ਪੁਰਸਕਾਰ ਜੇਤੂ ਡਾ. ਹਰਗੋਬਿੰਦ ਖੁਰਾਣਾ ਅਤੇ ਪ੍ਰਸਿੱਧ ਗਣਿਤ-ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਵਰਗੀਆਂ ਮਹਾਨ ਵਿਗਿਆਨਕ ਸ਼ਖ਼ਸੀਅਤਾਂ ਦਾ ਜ਼ਿਕਰ ਕਰਦਿਆਂ ਵਿਗਿਆਨਕ ਉੱਤਮਤਾ ਅਤੇ ਗਿਆਨ ਦੇ ਪ੍ਰਸਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ ਤੇ ਕਿਹਾ ਕਿ ਇਹ ਸਾਰੇ ਮਾਤ ਭਾਸ਼ਾ ਵਿਚ ਸਿੱਖਿਆ ਗ੍ਰਹਿਣ ਕਰਕੇ ਹੀ ਨਾਮਣਾ ਖੱਟ ਸਕੇ ਹਨ।
ਸਮਾਗਮ ਦੇ ਸ਼ੁਰੂ ਵਿੱਚ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪ੍ਰਬੰਧਕੀ ਸਕੱਤਰ ਪ੍ਰੋ. ਵਿਪਿਨ ਪਾਲ ਸਿੰਘ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਪੰਜਾਬੀ ਨੂੰ ਵਿਗਿਆਨਕ ਗਿਆਨ ਦੇ ਮਾਧਿਅਮ, ਵਿਗਿਆਨਕ ਪ੍ਰਕਾਸ਼ਨ ਦੀ ਭਾਸ਼ਾ ਅਤੇ ਪ੍ਰਭਾਵਸ਼ਾਲੀ ਸੰਚਾਰ ਦੇ ਸਾਧਨ ਵਜੋਂ ਵਿਕਸਿਤ ਕਰਨ ਲਈ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਪ੍ਰਬੰਧਕੀ ਸਹਿ ਸਕੱਤਰ ਪ੍ਰੋ. ਭਾਵਨਾਥ ਪਾਂਡੇ ਨੇ ਸਮਾਗਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਅੰਤ ਵਿੱਚ, ਸੈਮੀਨਾਰ ਦੇ ਕਨਵੀਨਰ ਪ੍ਰੋ. ਮੁਕੇਸ਼ ਯਾਦਵ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ, ਜਦਕਿ ਮੰਚ ਸੰਚਾਲਨ ਡਾ. ਸਰਬਜੀਤ ਸਿੰਘ ਮਾਨ ਨੇ ਕੀਤਾ। ਆਈਕਿਊਏਸੀ ਦੀ ਡਾਇਰੈਕਟਰ ਪ੍ਰੋ. ਮੋਨਿਸ਼ਾ ਧੀਮਾਨ ਅਤੇ ਸਕੂਲ ਆਫ਼ ਐਜੂਕੇਸ਼ਨ ਦੇ ਡੀਨ ਪ੍ਰੋ. ਸ਼ਮਸ਼ੀਰ ਸਿੰਘ ਢਿੱਲੋਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਮੰਚ ਦੀ ਸ਼ੋਭਾ ਵਧਾਈ। ਇਸ ਆਮਗਮ ਵਿੱਚ 150 ਤੋਂ ਵੱਧ ਵਿਆਇਰਥੀਆਂ ਨੇ ਭਾਗ ਲਿਆ।
ਸੈਮੀਨਾਰ ਦੇ ਦੂਜੇ ਦਿਨ ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਗਿਆਨ ਦੇ ਪ੍ਰਸਾਰ, ਵਿਗਿਆਨਕ ਲੇਖਣੀ, ਅਨੁਵਾਦ ਅਤੇ ਭਾਰਤੀ ਭਾਸ਼ਾਵਾਂ ਵਿੱਚ ਵਿਗਿਆਨਕ ਸੰਚਾਰ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
- Download Babushahi App
-
-