ਆਲੂਆਂ ਦੇ ਭਾਅ ਡਿੱਗਣ ਨਾਲ ਕਿਸਾਨਾਂ ਦਾ ਲੱਕ ਟੁੱਟਿਆ, ਸਰਕਾਰਾਂ ਤੁਰੰਤ ਰਾਹਤ ਦੇਣ: ਟੁਰਨਾ
ਬਲਵਿੰਦਰ ਸਿੰਘ ਧਾਲੀਵਾਲ
ਨਕੋਦਰ, 11 ਅਕਤੂਬਰ () — ਦੁਆਬੇ ਦੇ ਨੌਜਵਾਨ ਕਾਂਗਰਸੀ ਆਗੂ ਰਵਿੰਦਰ ਸਿੰਘ ਟੁਰਨਾ ਨੇ ਆਲੂ ਉਤਪਾਦਕ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਰਾਹਤ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਿੰਗੇ ਬੀਜਾਂ, ਖਾਦਾਂ, ਸਪਰੇਆਂ, ਡੀਜ਼ਲ ਅਤੇ ਮਜ਼ਦੂਰੀ ਦੇ ਵਧਦੇ ਖ਼ਰਚਿਆਂ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ, ਜਦਕਿ ਮੰਡੀਆਂ ਵਿੱਚ ਆਲੂਆਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਕੌਡੀਆਂ ਦੇ ਭਾਅ ਵੇਚਣ ਲਈ ਮਜਬੂਰ ਹਨ।
ਟੁਰਨਾ ਨੇ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਮੁਸ਼ਕਲ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਰਾਹਤ ਪੈਕੇਜ ਦੇਣ, ਫ਼ਸਲ ਦੀ ਸਾਂਭ-ਸੰਭਾਲ ਲਈ ਕੋਲਡ ਸਟੋਰੇਜ ਦੀਆਂ ਸਹੂਲਤਾਂ ਵਧਾਉਣ ਅਤੇ ਕਿਸਾਨਾਂ ਨੂੰ ਵਾਜਬ ਭਾਅ ਦਿਵਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਰਾਹਤ ਨਾ ਮਿਲੀ ਤਾਂ ਉਨ੍ਹਾਂ ਸਿਰ ਕਰਜ਼ੇ ਦਾ ਬੋਝ ਹੋਰ ਵਧ ਸਕਦਾ ਹੈ। ਕਿਸਾਨਾਂ ਦੀ ਮਿਹਨਤ ਦਾ ਸਹੀ ਮੁੱਲ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਇਸ ਸੰਕਟ ਵਿੱਚ ਇਕੱਲਿਆਂ ਨਹੀਂ ਛੱਡਿਆ ਜਾਣਾ ਚਾਹੀਦਾ।
- Download Babushahi App
-
-