ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਵਾਸਤੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਇਕਜੁੱਟ ਹੋ ਕੇ ਅੰਦੋਲਨ ਕਰੋ: ਹਰਸਿਮਰਤ ਕੌਰ ਬਾਦਲ
ਵਿਸ਼ਾਲ ਇਨਸਾਫ ਰੈਲੀਆਂ ਨੂੰ ਕੀਤਾ ਸੰਬੋਧਨ, ਔਰਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ’ਠੀਕਰੀ ਪਹਿਰੇ’ ਸ਼ੁਰੂ ਕਰਨ ਤਾਂ ਜੋ ਸਪਸ਼ਟ ਸੁਨੇਹਾ ਜਾਵੇ ਕਿ ਹੁਣ ਬਹੁਤ ਹੋ ਗਿਆ
ਮੁਹਾਲੀ/26 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਆਮ ਆਦਮੀ ਪਾਰਟੀ (ਆਪ) ਦੇ ਰਾਜ ਵਿਚ ਨਸ਼ਿਆਂ ਦੇ ਹੋਏ ਪਸਾਰ ਤੋਂ ਸੂਬੇ ਨੂੰ ਮੁਕਤ ਕਰਵਾਉਣ ਲਈ ਇਕਜੁੱਟ ਹੋ ਕੇ ਕਿਸਾਨ ਅੰਦੋਲਨ ਦੀ ਤਰਜ਼ ’ਤੇ ਅੰਦੋਲਨ ਸ਼ੁਰੂ ਕਰਨ।
ਐਮ ਪੀ, ਜਿਹਨਾਂ ਨੇ ਇਥੇ ਵਿਸ਼ਾਲ ਮਾਵਾਂ ਧੀਆਂ ਇਨਸਾਫ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਪੁੱਤਾਂ ਅਤੇ ਭਵਿੱਖੀ ਪੀੜੀ ਨੂੰ ਬਚਾਉਣ ਵਾਸਤੇ ਸਭ ਕੁਝ ਆਪਣੇ ਹੱਥਾਂ ਵਿਚ ਲਈਏ। ਉਹਨਾਂ ਕਿਹਾ ਕਿ ਸਾਨੂੰ ਇਸ ਨਸ਼ਿਆਂ ਦੇ ਪਸਾਰ ਨਾਲ ਉਸੇ ਤਰੀਕੇ ਨਜਿੱਠਣਾ ਹੋਵੇਗਾ ਜਿਵੇਂ ਤਿੰਨ ਕਾਲੇ ਖੇਤੀ ਕਾਨੂੰਨਾਂ ਨਾਲ ਨਜਿੱਠਿਆ ਸੀ ਤੇ ਕੇਂਦਰ ਨੂੰ ਇਹ ਕਾਨੂੰਨ ਲੈਣੇ ਪਏ। ਉਹਨਾਂ ਕਿਹਾ ਕਿ ਸਾਨੂੰ ਪਿੰਡਾਂ ਵਿਚ ਠੀਕਰੀ ਪਹਿਰੇ ਸ਼ੁਰੂ ਕਰਨੇ ਪੈਣਗੇ ਤਾਂ ਜੋ ਮੌਤ ਦੇ ਸੌਦਾਗਰਾਂ ਅਤੇ ਆਪ ਆਗੂਆਂ-ਪੁਲਿਸ ਗੰਢਤੁੱਪ ਨੂੰ ਸਪਸ਼ਟ ਸੁਨੇਹਾ ਜਾਵੇ ਕਿ ਪੰਜਾਬ ਦੀਆਂ ਔਰਤਾਂ ਜਾਗ ਗਈਆਂ ਹਨ। ਉਹਨਾਂ ਕਿਹਾ ਕਿ ਹੁਣ ਬਹੁਤ ਹੋ ਗਿਆ ਤੇ ਅਸੀਂ ਆਪਣੀਆਂ ਗਲੀਆਂ ਵਿਚ ਨਸ਼ੇ ਵਿਕਣ ਨਹੀਂ ਦੇ ਸਕਦੇ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਉਹਨਾਂ ਨੂੰ ਫੇਲ੍ਹ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਨੇ ਸਾਡੇ ਨੌਜਵਾਨਾਂ ਖਿਲਾਫ ਬੰਦੂਕਾਂ ਵਰਤੀਆਂ ਤੇ ਆਪ ਸਰਕਾਰ ਨਸ਼ੀਲੀਆਂ ਗੋਲੀਆਂ ਵਰਤ ਰਹੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਹਾਲਾਤ ਹੋਰ ਮਾੜੇ ਹੋ ਗਏ ਹਨ। ਉਹਨਾਂ ਕਿਹਾ ਕਿ ਤੁਹਾਨੂੰ ਦੁਕਾਨਾਂ ਵਿਚ ਟੌਫੀਆਂ ਮਿਲਣ ਭਾਵੇਂ ਨਾ ਮਿਲਣ ਪਰ ਨਸ਼ੇ ਦੀਆਂ ਗੋਲੀਆਂ ਮਿਲ ਜਾਂਦੀਆਂ ਹਨ। ਇਸੇ ਤਰੀਕੇ ਆਟੇ ਦੀ ਥੋੜ੍ਹ ਤਾਂ ਹੋ ਸਕਦੀ ਹੈ ਪਰ ਚਿੱਟੇ ਦੀ ਸਪਲਾਈ ਨਹੀਂ ਘਟਦੀ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮਾੜੇ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਨਸ਼ਿਆਂ ਨੂੰ ਤੁਹਾਡੇ ਕੋਲੋਂ ਦੂਰ ਰੱਖਣ ਦੀ ਜ਼ਿੰਮੇਵਾਰੀ ਕਿਸਦੀ ਹੈ ? ਉਹਨਾਂ ਨੇ ਇਹ ਵੀ ਪੁੱਛਿਆ ਕਿ ਮੁੱਖ ਮੰਤਰੀ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿਚ ਸੁੱਟਣ ਦਾ ਵਾਅਦਾ ਉਹ ਪੂਰਾ ਕਿਉਂ ਨਹੀਂ ਕਰਦੇ। ਉਹਨਾਂ ਨੇ ਤਾਜ਼ਾ ਕੌਮੀ ਅੰਕੜੇ ਦੱਸ ਕੇ ਇਹ ਸਾਬਤ ਵੀ ਕੀਤਾ ਕਿ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਨਸ਼ਾ ਤਸਕਰੀ ਵਿਚ ਨੰਬਰ ਇਕ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਦੇ ਮਾਮਲੇ ਵਿਚ ਦੂਜੇ ਨੰਬਰ ’ਤੇ ਹੈ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਹੀ ਤੁਹਾਡੇ ਹੱਕਾਂ ਵਾਸਤੇ ਲੜ ਸਕਦਾ ਹੈ। ਉਹਨਾਂ ਕਿਹਾ ਕਿ ਸਾਡੇ ਲਈ ਤੁਹਾਡੀਆਂ ਸ਼ਿਕਾਇਤਾਂ ਸਭ ਤੋਂ ਅਹਿਮ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੈਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰੀ ਵਜ਼ਾਰਤ ਛੱਡੀ। ਉਹਨਾਂ ਨੇ ਭਰੋਸਾ ਦੁਆਇਆ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਕਾਨੂੰਨਾਂ ਵਿਚ ਤਬਦੀਲੀ ਕਰ ਕੇ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲਣੀ ਯਕੀਨੀ ਬਣਾਈ ਜਾਵੇਗੀ ਅਤੇ ਉਹਨਾਂ ਨੂੰ ਉਮਰ ਕੈਦ ਮਿਲਣੀ ਵੀ ਯਕੀਨੀ ਬਣਾਈ ਜਾਵੇਗੀ।
ਸਰਦਾਰਨੀ ਬਾਦਲ ਨੇ ਕਿਹਾ ਕਿ ਇੰਨੇ ਵੱਡੇ ਸਮਾਜਿਕ ਮੁੱਦੇ ’ਤੇ ਕੋਈ ਕਾਰਵਾਈ ਇਸ ਕਰ ਕੇ ਨਹੀਂ ਕੀਤੀ ਜਾ ਰਹੀ ਕਿਉਂਕਿ ਆਪ ਸਰਕਾਰ ਆਪਣੇ ਪ੍ਰਾਪੇਗੰਡੇ ਵਿਚ ਲੱਗੀ ਹੈ। ਉਹਨਾਂ ਕਿਹਾ ਕਿ ਇਕੱਲੇ ਇਸ਼ਤਿਹਾਰਾਂ ’ਤੇ 6 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ। ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਹਨ ਅਤੇ ਮੁੱਖ ਮੰਤਰੀ ਦਫਤਰ ਵਿਚ ਤਾਇਨਾਤੀਆਂ ਤੇ ਤਬਾਦਲਿਆਂ ਵਾਸਤੇ ਰਿਸ਼ਵਤਾਂ ਲਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਗਮਾਡਾ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 10 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਬੇਨਕਾਬ ਕੀਤਾ ਹੈ ਜਿਸ ਵਿਚ ਸਤੇਂਦਰ ਜੈਨ ਸਮੇਤ ਆਪ ਦਾ ਦਿੱਲੀ ਗਿਰੋਹ ਸ਼ਾਮਲ ਹੈ।
ਸਰਦਾਰਨੀ ਬਾਦਲ ਨੇ ਇਹ ਵੀ ਦੱਸਿਆ ਕਿ ਆਪ ਸਰਕਾਰ ਦੇ ਰਾਜ ਵਿਚ ਕਿਵੇਂ ਔਰਤਾਂ ਦਾ ਅਪਮਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਔਰਤਾਂ ਨਾਲ ਵਧੀਕੀ ਹੋਈ, ਉਹ ਮੁੱਖ ਮੰਤਰੀ ਕੋਲ ਗਈਆਂ ਸਨ ਅਤੇ ਦੋ ਨੇ ਤਾਂ ਮੀਡੀਆ ਇਨਫਲੂਐਂਸਰ ਖਿਲਾਫ ਜ਼ਬਰ ਜਨਾਹ ਦਾ ਕੇਸ ਵੀ ਦਰਜ ਕਰਵਾਇਆ ਪਰ ਸਰਕਾਰ ਨੇ ਇਹਨਾਂ ਔਰਤਾਂ ਦੀ ਕੋਈ ਮਦਦ ਨਹੀਂ ਕੀਤੀ ਬਲਕਿ ਉਲਟਾ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਜ਼ਬਰ ਜਨਾਹ ਦੇ ਮੁਲਜ਼ਮ ਗੁਰੀ ਚਹਿਲ ਦੇ ਨਜ਼ਦੀਕੀ ਨਾਲ ਸੌਦੇਬਾਜ਼ੀ ਕਰ ਲਈ ਤੇ ਮੁਲਜ਼ਮ ਨੂੰ ਜੇਲ੍ਹ ਵਿਚੋਂ ਕੱਢਵਾਉਣ ਵਾਸਤੇ 5 ਕਰੋੜ ਰੁਪਏ ਵਿਚ ਸੌਦਾ ਕਰ ਲਿਆ। ਉਹਨਾਂ ਕਿਹਾ ਕਿ ਅਸੀਂ ਜ਼ਬਰ ਜਨਾਹ ਪੀੜਤਾਂ ਵਾਸਤੇ ਇਨਸਾਫ ਅਤੇ ਗੁਰਪ੍ਰੀਤ ਕੌਰ ਦੇ ਖਿਲਾਫ ਲੱਗੇ ਰਿਸ਼ਵਤਖੋਰੀ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ।
ਉਹਨਾਂ ਇਹ ਵੀ ਦੱਸਿਆ ਕਿ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਹਿਸਾਬ ਨਾਲ ਉਹਨਾਂ ਦਾ 60-60 ਹਜ਼ਾਰ ਰੁਪਏ ਬਕਾਇਆ ਬਣਦਾ ਹੈ ਪਰ ਆਪ ਸਰਕਾਰ ਔਰਤਾਂ ਨੂੰ 3-3 ਹਜ਼ਾਰ ਰੁਪਏ ਦੇ ਕੇ ਮੂਰਖ ਬਣਾਉਣਾ ਚਾਹੁੰਦੀ ਹੈ ਜਿਸਨੂੰ ਔਰਤਾਂ ਠੁਕਰਾ ਦੇਣਗੀਆਂ। ਉਹਨਾਂ ਕਿਹਾ ਕਿ ਔਰਤਾਂ ਨੂੰ ਆਪਣੇ ਬਕਾਏ ਮੰਗਣ ਦਾ ਹੱਕ ਹੈ ਤੇ ਇਹ ਪੈਸਾ ਤੁਰੰਤ ਉਹਨਾਂ ਲਈ ਜਾਰੀ ਹੋਣਾ ਚਾਹੀਦਾ ਹੈ।
ਇਸ ਮੌਕੇ ਪਰਮਿੰਦਰ ਸਿੰਘ ਸੋਹਾਣਾ, ਅਤੇ ਪਰਮਜੀਤ ਕੌਰ ਲਾਂਡਰਾ ਸਮੇਤ ਸੀਨੀਅਰ ਆਗੂ ਹਾਜ਼ਰ ਸਨ।
- Download Babushahi App
-
-