ਪੀ.ਆਈ.ਟੀ. ਨੰਦਗੜ੍ਹ ਦੇ ਵਿਦਿਆਰਥੀਆਂ ਵੱਲੋਂ ਟੂਰ ਦੌਰਾਨ ਇਤਿਹਾਸਕ ਅਸਥਾਨਾਂ ਦੇ ਦਰਸ਼ਨ
ਅਸ਼ੋਕ ਵਰਮਾ
ਨੰਦਗੜ੍ਹ/ਬਠਿੰਡਾ, 20 ਸਤੰਬਰ 2026 :ਪੰਜਾਬ ਇੰਸਟੀਚਿਊਟ ਆਫ਼ ਟੈਕਨਾਲੋਜੀ (ਪੀ.ਆਈ.ਟੀ.), ਨੰਦਗੜ੍ਹ ਵੱਲੋਂ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਇਤਿਹਾਸਕ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਇੱਕ ਰੋਜ਼ਾ ਵਿਦਿਅਕ ਅਤੇ ਧਾਰਮਿਕ ਟੂਰ ਵਾਲੀ ਬੱਸ ਨੂੰ ਸੰਸਥਾ ਦੇ ਡਾਇਰੈਕਟਰ ਡਾ. ਦੇਵਾਨੰਦ ਉੱਤਮ ਅਤੇ ਅਸਿਸਟੈਂਟ ਡਾਇਰੈਕਟਰ ਡਾ. ਵਿਨੀਤ ਚਾਵਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਸ਼ੁਭਕਾਮਨਾਵਾਂ ਦੇਣ ਦੇ ਨਾਲ ਨਾਲ ਵਿਦਿਆਰਥੀ ਜੀਵਨ ਵਿੱਚ ਅਜਿਹੇ ਟੂਰਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਫ਼ਰੀਦਕੋਟ ਪਹੁੰਚਣ 'ਤੇ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਪਵਿੱਤਰ ਅਸਥਾਨ 'ਟਿੱਲਾ ਬਾਬਾ ਫ਼ਰੀਦ ਜੀ' ਦੇ ਦਰਸ਼ਨ ਕੀਤੇ। ਇੱਥੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਬਾਬਾ ਫ਼ਰੀਦ ਜੀ ਦੇ ਇਤਿਹਾਸ ਬਾਰੇ ਦੱਸਿਆ ਕਿ 12ਵੀਂ-13ਵੀਂ ਸਦੀ ਦੇ ਇਸ ਮਹਾਨ ਸੂਫ਼ੀ ਸੰਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਦਰਜ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਇਸ ਅਸਥਾਨ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਵੇਂ 13ਵੀਂ ਸਦੀ ਵਿੱਚ ਰਾਜਾ ਮੋਕਲਸੀ ਵੱਲੋਂ ਕਰਵਾਈ ਜਾ ਰਹੀ ਜ਼ਬਰਦਸਤੀ ਮਜ਼ਦੂਰੀ (ਵੇਗਾਰ) ਦੌਰਾਨ ਬਾਬਾ ਜੀ ਦੇ ਸਿਰ 'ਤੇ ਗਾਰੇ ਦੀ ਟੋਕਰੀ ਹਵਾ ਵਿੱਚ ਉੱਡਣ ਦਾ ਚਮਤਕਾਰ ਦੇਖ ਕੇ ਰਾਜਾ ਚਰਨੀਂ ਪੈ ਗਿਆ ਸੀ ਅਤੇ ਉਸ ਨੇ ਸ਼ਹਿਰ ਦਾ ਨਾਮ 'ਮੋਕਲਹਰ' ਤੋਂ ਬਦਲ ਕੇ 'ਫ਼ਰੀਦਕੋਟ' ਰੱਖ ਦਿੱਤਾ ਸੀ। ਇਸੇ ਟਿੱਲੇ 'ਤੇ ਬਾਬਾ ਜੀ ਨੇ 40 ਦਿਨ ਤਪੱਸਿਆ ਕੀਤੀ ਸੀ।
ਇਸ ਤੋਂ ਬਾਅਦ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਨੇ ਇਲਾਹੀ ਬਾਣੀ ਦਾ ਆਨੰਦ ਮਾਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਅਸਥਾਨ ਦੇ ਪਿਛੋਕੜ ਬਾਰੇ ਜਾਣਦਿਆਂ ਵਿਦਿਆਰਥੀਆਂ ਨੇ ਸਿੱਖਿਆ ਕਿ ਸ਼ਹਿਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਬਾਬਾ ਜੀ ਨੇ ਇਸੇ ਜਗ੍ਹਾ ਆਪਣੀ ਫਟੀ ਹੋਈ ਗੋਦੜੀ (ਕੰਬਲੀ) ਨੂੰ ਖੁਦ ਸੂਈ-ਧਾਗੇ ਨਾਲ ਰਫ਼ੂ ਕੀਤਾ ਸੀ, ਜੋ ਕਿ ਉਨ੍ਹਾਂ ਦੇ ਸਾਦਗੀ ਭਰੇ ਜੀਵਨ ਦਾ ਪ੍ਰਤੀਕ ਹੈ।
ਇਸ ਦੌਰਾਨ ਵਿਦਿਆਰਥੀਆਂ ਦੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸਾਰਿਆਂ ਨੇ ਇਕੱਠੇ ਬੈਠ ਕੇ ਦੁਪਹਿਰ ਦੇ ਖਾਣੇ ਦਾ ਸਵਾਦ ਲਿਆ। ਪੜ੍ਹਾਈ ਦੇ ਰੁਝੇਵਿਆਂ ਤੋਂ ਦੂਰ ਵਿਦਿਆਰਥੀਆਂ ਨੇ ਆਪਸੀ ਸਾਂਝ ਵਧਾਉਂਦਿਆਂ ਖ਼ੂਬ ਮਨੋਰੰਜਨ ਕੀਤਾ, ਗੀਤ ਗਾਏ ਅਤੇ ਇਸ ਯਾਦਗਾਰੀ ਸਫ਼ਰ ਦਾ ਪੂਰਾ ਆਨੰਦ ਲਿਆ।
ਇਸ ਟੂਰ ਨੂੰ ਸਫ਼ਲ ਬਣਾਉਣ ਵਿੱਚ ਅਸਿਸਟੈਂਟ ਪ੍ਰੋਫੈਸਰ ਹਰਮਨਦੀਪ ਕੌਰ, ਅਰਸ਼ਦੀਪ ਕੌਰ, ਜਸ਼ਨਦੀਪ ਕੌਰ, ਗਗਨਦੀਪ ਕੌਰ, ਮਨਮੀਤ ਕੌਰ, ਰਾਜਵੰਤ ਕੌਰ, ਦਲਜੀਤ ਕੌਰ, ਇੰਸਟ੍ਰਕਟਰ ਸ਼ਿੰਦਰਪਾਲ ਕੌਰ, ਟੈਕਨੀਸ਼ੀਅਨ ਗੁਰਪ੍ਰਤੀਕ ਸਿੰਘ, ਲੈਬ ਅਟੈਂਡੈਂਟ ਸਵਰਨ ਸਿੰਘ ਅਤੇ ਕਲਰਕ ਅਨਿਲ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ। ਵਿਦਿਆਰਥੀਆਂ ਨੇ ਇਸ ਗਿਆਨਵਰਧਕ ਟੂਰ ਲਈ ਸੰਸਥਾ ਦੀ ਮੈਨੇਜਮੈਂਟ ਅਤੇ ਅਧਿਆਪਕਾਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਸਫ਼ਲ ਟੂਰ ਸਬੰਧੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੀਵ ਕੁਮਾਰ ਸ਼ਰਮਾ ਅਤੇ ਰਜਿਸਟਰਾਰ ਪ੍ਰੋ. (ਡਾ.) ਪਰਮਜੀਤ ਸਿੰਘ ਨੇ ਪੀ.ਆਈ.ਟੀ. ਨੰਦਗੜ੍ਹ ਦੀ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਵਿਦਿਅਕ ਅਤੇ ਇਤਿਹਾਸਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਵਿੱਚ ਬਹੁਤ ਸਹਾਈ ਸਿੱਧ ਹੁੰਦੇ ਹਨ।
- Download Babushahi App
-
-