UK, ਯੂਰੋਪ ਦੀ ਧਰਮ ਪ੍ਰਚਾਰ ਯਾਤਰਾ ਉਪਰੰਤ ਪੰਜਾਬ ਪਰਤੇ ਬਾਬਾ ਬਲਬੀਰ ਸਿੰਘ 96 ਕਰੋੜੀ
ਦਿੱਲੀ ਹਵਾਈ ਅੱਡੇ ਤੇ ਨਿਹੰਗ ਸਿੰਘ ਫੌਜਾਂ ਵੱਲੋਂ ਭਰਵਾ ਨਿੱਘਾ ਸੁਆਗਤ
ਅੰਮ੍ਰਿਤਸਰ:- 9 ਸੰਤਬਰ 2026- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਰ ਬਚਨਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਪ੍ਰਾਪਤ ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਆਪਣੀ ਯੂ.ਕੇ, ਯੂਰੋਪ ਦੀ ਧਰਮ ਪ੍ਰਚਾਰ ਯਾਤਰਾ ਉਪਰੰਤ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਸ਼ਸਤਰਾਂ ਸਮੇਤ ਅੱਜ ਭਾਰਤ ਪੰਜਾਬ ਪਰਤ ਆਏ ਹਨ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਉਪਰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਗੁਰੂ ਸਾਹਿਬਾਨ ਦੇ ਇਤਿਹਾਸਕ ਸ਼ਸਤਰਾਂ ਅਤੇ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਖਾਲਸਾਈ ਜੈਕਾਰਿਆਂ ਅਤੇ ਨਰਸਿੰਙਿਆਂ ਦੀਆਂ ਧੰੁਨਾਂ ਨਾਲ ਨਿੱਘਾ ਸੁਆਗਤ ਕੀਤਾ ਗਿਆ ਹੈ।
ਬੁੱਢਾ ਦਲ ਦੇ ਮੈਨੇਜਰ ਸ. ਪਰਮਜੀਤ ਸਿੰਘ ਬਾਜਵਾ ਨੇ ਲਿਖਤੀ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦੇਂਦਿਆਂ ਕਿਹਾ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਆਪਣੀ ਇੰਗਲੈਂਡ, ਯੂਰੋਪ ਫੇਰੀ ਸਮੇਂ ਖਾਲਸਾ ਪੰਥ ਦਾ ਵੱਖ-ਵੱਖ ਸ਼ਹਿਰਾਂ ਵਿੱਚ ਧਰਮ ਪ੍ਰਚਾਰ ਕਰਨ ਅਤੇ ਵੱਖ-ਵੱਖ ਅਸਥਾਨਾਂ ਵਿਖੇ ਬੁੱਢਾ ਦਲ ਨੂੰ ਗੁਰੂ ਬਖਸ਼ਿਸ਼ਾਂ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕਰਨ ਲਈ ਯਾਤਰਾ ਤੇ ਗਏ ਸਨ। ਉਨ੍ਹਾਂ ਇਹ ਵੀ ਦਸਿਆ ਕਿ ਇੰਗਲੈਂਡ, ਯੂਰੋਪ ਦੀਆਂ ਸੰਗਤਾਂ ਨੇ ਪੁਰਜੋਰ ਸੁਆਗਤ ਕੀਤਾ। ਯੂ.ਕੇ, ਯੂਰੋਪ ਦੀਆਂ ਸੰਗਤਾਂ ਹਰ ਗੁਰੂ ਘਰ ਵਿੱਚ ਗੁਰੂ ਮਹਾਰਾਜ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਵੱਧਚੜ੍ਹ ਕੇ ਪੁਜਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਵਾਪਸੀ ਤੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਯੂ.ਕੇ,ਯੁਰੋਪ ਦੀਆਂ ਸਮੁੱਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੰਪਰਦਾਵਾਂ, ਸੰਤ ਮਹਾਪੁਰਸ਼ਾਂ ਵੱਲੋਂ ਮਿਲੇ ਨਿੱਘੇ ਪਿਆਰ ਸਤਿਕਾਰ ਭਰੇ ਮਿਲਣਵਰਤਨ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਹੈ।
ਸ. ਬਾਜਵਾ ਨੇ ਕਿਹਾ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿੱਲੀ ਪੁੱਜਣ ਸਮੇਂ ਸੁਆਗਤ ਕਰਨ ਵਾਲੀਆਂ ਨਿਹੰਗ ਸਿੰਘ ਫੌਜਾਂ ਵਿੱਚ ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਗੁਰਮੁਖ ਸਿੰਘ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਮਲੂਕ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਚਰਨ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਸਰਬਜੀਤ ਸਿੰਘ ਅਤੇ ਹੋਰ ਬੇਅੰਤ ਲਾਡਲੀਆਂ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ।
- Download Babushahi App
-
-