ਪਾਸ਼ ਦੇ ਜਨਮ ਦਿਹਾੜੇ 'ਤੇ ਪਿੰਡ ਤਲਵੰਡੀ ਸਲੇਮ ਵਿਖੇ ਲੋਕਾਂ ਦਾ ਹੜ੍ਹ
ਲੋਕਾਂ ਨੇ ਆਪਣੇ ਮਹਿਬੁਬ ਕਵੀ ਦੀ ਮੋਟਰ ਤੇ ਲੱਗੇ ਪੰਡਾਲ 'ਚ ਬੈਠ ਕੇ ਉਸਨੂੰ ਯਾਦ ਕੀਤਾ
ਸ਼ਹਾਦਤ ਵਾਲੇ ਖੇਤਾਂ 'ਚ ਗੂੰਜੇ ਪਾਸ਼ ਦੇ ਗੀਤ ਕਵਿਤਾਵਾਂ; ਜਨਮ ਦਿਹਾੜਾ ਸਮਾਗਮ 'ਚ ਪੁੱਜੇ ਹਜ਼ਾਰਾਂ ਲੋਕ
ਪੰਜਾਬ ਸਰਕਾਰ ਤੋਂ ਪਾਸ਼ ਯਾਦਗਾਰੀ ਕੰਪਲੈਕਸ ਨੂੰ ਬਕਾਇਦਾ ਤੌਰ 'ਤੇ ਯਾਦਗਾਰ ਐਲਾਨਣ ਦੀ ਮੰਗ
ਤਲਵੰਡੀ ਸਲੇਮ, 9 ਸਤੰਬਰ 2026- ਪੰਜਾਬੀ ਦੇ ਉੱਘੇ ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਹਾੜੇ ਮੌਕੇ ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਵਾਲੀ ਥਾਂ 'ਤੇ ਲੱਗੇ ਵਿਸ਼ਾਲ ਪੰਡਾਲ 'ਚ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਹਜ਼ਾਰਾਂ ਕਿਰਤੀ ਲੋਕ ਤੇ ਸਾਹਿਤਕਾਰ ਕਲਾਕਾਰ ਜੁੜੇ , ਪਾਸ਼ ਤੇ ਹੰਸ ਰਾਜ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਤੇ ਪਾਸ਼ ਦੇ ਗੀਤਾਂ ਕਵਿਤਾਵਾਂ ਦੀ ਗੂੰਜ ਪਈ। ਸਮਾਗਮ ਦੀ ਸਿਖਰ 'ਤੇ ਹੋਈ ਨਾਟਕ ਦੀ ਪੇਸ਼ਕਾਰੀ ਨਾਲ ਲਹੂ ਡੁੱਲੀ ਮਿੱਟੀ 'ਚੋਂ ਪਾਸ਼ ਦੀ ਅਮਰ ਸ਼ਾਨ ਦੀ ਧੁਨ ਗੂੰਜ ਉੱਠੀ।

ਸਮਾਗਮ 'ਚ ਜੁੜੀ ਪੰਜਾਬ ਦੇ ਕਿਰਤੀ ਵਰਗਾਂ ਅਤੇ ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਦੀ ਵਿਸ਼ਾਲ ਇਕੱਤਰਤਾ ਨੂੰ ਅੱਧੀ ਦਰਜਨ ਤੋਂ ਉੱਪਰ ਬੁਲਾਰਿਆਂ ਨੇ ਸੰਬੋਧਨ ਕੀਤਾ। ਸੰਬੋਧਨ ਕਰਨ ਵਾਲਿਆਂ 'ਚ ਪਾਸ਼ ਯਾਦਗਾਰੀ ਟ੍ਰਸਟ ਦੇ ਮੈਂਬਰ ਅਤੇ ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ, ਉੱਘੇ ਲੇਖਕ ਡਾ.ਸਵਰਾਜਬੀਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਤਰਕਸ਼ੀਲ ਲਹਿਰ ਦੇ ਆਗੂ ਮਾਸਟਰ ਰਜਿੰਦਰ ਭਦੌੜ, ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੀ ਮੈਂਬਰ ਡਾ ਅਰੀਤ, ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਆਗੂ ਹਰਮੇਸ਼ ਮਾਲੜੀ, ਖੇਤ ਮਜ਼ਦੂਰ ਆਗੂ ਦਰਸ਼ਨ ਨਾਹਰ ਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਪ੍ਰੋਫੈਸਰ ਜਗਮੋਹਨ ਸਿੰਘ ਨੇ ਸੰਬੋਧਨ ਕੀਤਾ। ਸਭਨਾਂ ਬੁਲਾਰਿਆਂ ਨੇ ਜਿੱਥੇ ਪਾਸ਼ ਦੀ ਸਾਹਿਤਕ ਦੇਣ ਤੇ ਕਵਿਤਾ ਦੀ ਤਾਕਤ ਤੇ ਪ੍ਰਸੰਗਿਕਤਾ ਬਾਰੇ ਚਰਚਾ ਕੀਤੀ, ਉੱਥੇ ਨਾਲ ਹੀ ਉਹਨਾਂ ਨੇ ਪਾਸ਼ ਯਾਦਗਾਰੀ ਕੰਪਲੈਕਸ 'ਤੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ।

ਸਭਨਾਂ ਬੁਲਾਰਿਆਂ ਨੇ ਇੱਕ ਸੁਰ ਹੋ ਕੇ ਕਿਹਾ ਕਿ ਪਾਸ਼ ਦੀ ਯਾਦ ਲੋਕ ਮਨਾਂ 'ਚ ਬਹੁਤ ਡੂੰਘੀ ਵੱਸਦੀ ਹੈ, ਇਸਨੂੰ ਮਿਟਾ ਸਕਣਾ ਅਸੰਭਵ ਹੈ। ਲੋਕ ਪਾਸ਼ ਦੀਆਂ ਯਾਦਾਂ ਨੂੰ ਬੁਲੰਦ ਕਰਦੇ ਚਿੰਨਾਂ ਨੂੰ ਮਿਟਾਉਣ ਦੀ ਤੇ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦੇਣਗੇ।

ਅੱਜ ਦੇ ਇਕੱਠ ਨੇ ਪਿੰਡ ਦੇ ਸਰਪੰਚ ਤੇ ਹਮਾਇਤੀਆਂ ਵੱਲੋਂ ਵਿਧਾਇਕ ਦੀ ਸ਼ਹਿ 'ਤੇ ਪਾਸ਼ ਯਾਦਗਾਰ 'ਤੇ ਕਬਜਾ ਜਮਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਾ ਤੇ ਯਾਦਗਾਰੀ ਕੰਪਲੈਕਸ ਨੂੰ ਪੰਜਾਬ ਸਰਕਾਰ ਵੱਲੋਂ ਬਕਾਇਦਾ ਯਾਦਗਾਰ ਐਲਾਨਣ ਦੀ ਕਾਨੂੰਨੀ ਪੇਸ਼ਬੰਦੀ ਕਰਨ ਦੀ ਮੰਗ ਕਰਦਾ ਕਮਤਾ ਪਾਸ ਕੀਤਾ।
ਇਹ ਮਤਾ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੇ ਮੈਂਬਰ ਡਾ ਪਰਮਿੰਦਰ ਸਿੰਘ ਨੇ ਪੇਸ਼ ਕੀਤਾ। ਇਸ ਮਤੇ ਵਿੱਚ ਕਿਸਾਨ ਮਜ਼ਦੂਰ ਕਾਰਕੁੰਨਾਂ 'ਤੇ ਹਮਲਾ ਬੋਲਣ ਤੇ ਜਾਤੀ ਸੂਤਕ ਸ਼ਬਦ ਵਰਤਣ ਵਾਲੇ ਵਿਅਕਤੀਆਂ ਖਿਲਾਫ ਐਸਸੀ ਐਸਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਗਈ।

ਉੱਘੇ ਕਵੀ ਸੁਰਜੀਤ ਜੱਜ ਤੇ ਪਾਸ਼ ਦੇ ਸੰਗੀ ਰਹੇ ਦੀਪ ਕਲੇਰ ਨੇ ਪਾਸ਼ ਦੀ ਯਾਦ ਨਾਲ ਜੁੜੀਆਂ ਨਜ਼ਮਾਂ ਪੇਸ਼ ਕੀਤੀਆਂ। ਅਮੋਲਕ ਸਿੰਘ ਦੀ ਮੰਚ ਸੰਚਾਲਨਾ ਚ ਹੋਏ ਸਮਾਗਮ ਦੀ ਸ਼ੁਰੂਆਤ ਪਾਸ਼ ਨਾਲ ਜੁੜੇ ਗੀਤਾਂ ਕਵਿਤਾਵਾਂ ਰਾਹੀਂ ਹੋਈ। ਸੰਤ ਰਾਮ ਉਦਾਸੀ ਦੀ ਧੀ ਇਕਬਾਲ ਉਦਾਸੀ ਨੇ ਆਪਣੇ ਪਿਤਾ ਦਾ ਗੀਤ ਪੇਸ਼ ਕੀਤਾ। ਇਸਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਟੀਮ ਵੱਲੋਂ, ਧਰਮਿੰਦਰ ਮਸਾਣੀ, ਹਰਮੀਤ ਕੋਟਗੁਰੂ ਵੱਲੋਂ ਵੀ ਪਾਸ਼ ਦੇ ਗੀਤਾਂ ਦਾ ਗਾਇਨ ਕੀਤਾ ਗਿਆ।

ਸਮਾਗਮ ਦੀ ਸਿਖਰ 'ਤੇ ਉੱਘੇ ਨਾਟਕਕਾਰ ਸਵਰਾਜਵੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਵੱਲੋਂ ਨਿਰਦੇਸ਼ਿਤ ਕੀਤਾ ਨਾਟਕ ਮੰਚ ਰੰਗ ਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਅਸੀਂ ਲੜਾਂਗੇ ਸਾਥੀ ਪੇਸ਼ ਕੀਤਾ ਗਿਆ। ਪਾਸ਼ ਦੀਆਂ ਕਵਿਤਾਵਾਂ 'ਤੇ ਅਧਾਰਤ ਇਸ ਨਾਟਕ ਨੇ ਪਾਸ਼ ਦੀ ਅਜੋਕੇ ਸਮਾਜੀ ਸਿਆਸੀ ਦੌਰ ਅੰਦਰ ਪ੍ਰਸੰਗਕਿਤਾ ਦਾ ਕਲਾਮਈ ਦ੍ਰਿਸ਼ ਚਿਤਰ ਦਿੱਤਾ।

ਇਸ ਨਾਟਕ ਰਾਹੀਂ ਭਾਰਤੀ ਰਾਜ ਦੇ ਮੌਜੂਦਾ ਫਾਸ਼ੀ ਜਬਰ ਦੇ ਦੌਰ ਦੌਰਾਨ ਸੰਘਰਸ਼ਾਂ ਦੇ ਅਖਾੜੇ ਚ ਡੱਟਣ ਦਾ ਕਲਾਮਈ ਸੰਦੇਸ਼ ਉੱਭਰਿਆ। ਇਸ ਨਾਟਕ ਨੇ ਸਮੁੱਚੇ ਇਕੱਠ ਨੂੰ ਆਪਣੇ ਨਾਲ ਤੋਰ ਲਿਆ। ਅੱਜ ਦੀ ਇਸ ਇਕੱਤਰਤਾ ਵਿੱਚ ਪੰਜਾਬ ਦੀਆਂ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਤੇ ਆਗੂ ਅਤੇ ਸਾਹਿਤਕ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦੇ ਪੁੱਜੇ ਹੋਏ ਸਨ।
- Download Babushahi App
-
-