ਬਰਨਾਲਾ ਵਿੱਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ, ਰੋਸ ਵਜੋਂ ਲੋਕਾਂ ਨੇ ਲਾਇਆ ਜਾਮ
ਕਮਲਜੀਤ ਸਿੰਘ
ਬਰਨਾਲਾ 9 ਸਤੰਬਰ 2026 - ਸ਼ਹਿਰ ਵਿੱਚ ਚੋਰੀ ਅਤੇ ਲੁੱਟ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਲੈ ਕੇ ਵਪਾਰੀਆਂ ਅਤੇ ਆਮ ਲੋਕਾਂ ਵਿੱਚ ਰੋਸ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਬਰਨਾਲਾ ਦੇ ਰਾਮਬਾਗ ਰੋਡ ’ਤੇ ਛੱਜੂ ਰਾਮ ਕਾਰਖਾਨੇ ਨੇੜੇ ਸਾਹਮਣੇ ਆਇਆ, ਜਿੱਥੇ ਦਿਨ-ਦਿਹਾੜੇ ਇੱਕ ਵਿਅਕਤੀ ਨਾਲ ਕਥਿਤ ਤੌਰ ’ਤੇ ਲੁੱਟ ਦੀ ਵਾਰਦਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਪੱਪੂ ਨੇ ਦੱਸਿਆ ਕਿ ਕੁਝ ਵਿਅਕਤੀਆਂ ਨੇ ਉਸ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੇ ਹੱਥ ’ਤੇ ਦੰਦਾਂ ਨਾਲ ਕੱਟਣ ਦਾ ਵੀ ਦੋਸ਼ ਹੈ। ਪੀੜਤ ਮੁਤਾਬਕ, ਮੁਲਜ਼ਮ ਉਸ ਕੋਲੋਂ ਕਰੀਬ 1800 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਘਟਨਾ ਸਮੇਂ ਆਸ-ਪਾਸ ਕਈ ਲੋਕ ਮੌਜੂਦ ਸਨ।
ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਅਤੇ ਵਪਾਰੀਆਂ ਨੇ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਅਤੇ ਨਸ਼ੇ ਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਕੇਲ ਕੱਸਣ ਦੀ ਮੰਗ ਕੀਤੀ।
ਵਪਾਰੀ ਅਰਸ਼ ਗੁਪਤਾ ਅਤੇ ਸਥਾਨਕ ਵਾਸੀ ਜਗਤ ਭੂਸ਼ਣ ਨੇ ਕਿਹਾ ਕਿ ਇਲਾਕੇ ਵਿੱਚ ਨਸ਼ੇ ਦੀ ਸਮੱਸਿਆ ਅਤੇ ਅਜਿਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਸਥਾਈ ਪੁਲਿਸ ਚੌਕੀਆਂ ਸਥਾਪਤ ਕਰਨ ਦੀ ਮੰਗ ਕੀਤੀ।
ਸਿਟੀ ਥਾਣਾ ਬਰਨਾਲਾ ਦੇ ਐਸਐਚਓ ਲਖਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ। ਮੁਲਜ਼ਮਾਂ ਦੇ ਕਾਬੂ ਆਉਣ ਉਪਰੰਤ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
- Download Babushahi App
-
-