ਸਰਕਾਰੀ ਕਾਲਜ ਵਿਖੇ ਵਿਸ਼ਵ ਸ਼ਾਂਤੀ ਕਾਇਮ ਕਰਨ ਲਈ ਨੌਜਵਾਨਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ
ਵਿਸ਼ਵ ਸ਼ਾਂਤੀ ਕਾਇਮ ਕਰਨ ਵਿੱਚ ਨੌਜਵਾਨ ਨਿਭਾ ਸਕਦੇ ਹਨ ਅਹਿਮ ਭੂਮਿਕਾ: ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ
ਰੋਹਿਤ ਗੁਪਤਾ
ਗੁਰਦਾਸਪੁਰ, 9 ਸਤੰਬਰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ, ਅਸ਼ੋਕ ਚੱਕਰ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਪ੍ਰੋ. (ਡਾ.) ਅਸ਼ਵਨੀ ਕੁਮਾਰ ਭੱਲਾ ਦੀ ਅਗਵਾਈ ਹੇਠ “ਵਿਸ਼ਵ ਸ਼ਾਂਤੀ ਕਾਇਮ ਕਰਨ ਲਈ ਨੌਜਵਾਨਾਂ ਦੀ ਭੂਮਿਕਾ” ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ ਹਾਲ ਵਿਖੇ ਕਰਵਾਏ ਗਏ ਇਸ ਸੈਮੀਨਾਰ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਸੈਮੀਨਾਰ ਦੀ ਸ਼ੁਰੂਆਤ ਅਹਮਦੀਆ ਮੁਸਲਿਮ ਕਮਿਊਨਿਟੀ ਦੇ ਸ਼ੇਖ ਮਜ਼ਾਹਿਦ ਅਹਿਮਦ ਸ਼ਾਸਤਰੀ ਵੱਲੋਂ ਕੀਤੀ ਗਈ। ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਸ਼ਾਂਤੀ ਦੀ ਸਥਾਪਨਾ ਲਈ ਕਮਿਊਨਿਟੀ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਆਪਸੀ ਸਹਿਯੋਗ, ਪਿਆਰ, ਸਹਿਣਸ਼ੀਲਤਾ ਤੇ ਭਾਈਚਾਰਕ ਸਾਂਝ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਉਪਰੰਤ ਗਿਆਨੀ ਮੁਬਸ਼ਿਰ ਅਹਿਮਦ ਖ਼ਾਦਿਮ ਨੇ “ਵਿਸ਼ਵ ਸ਼ਾਂਤੀ ਕਾਇਮ ਕਰਨ ਲਈ ਨੌਜਵਾਨਾਂ ਦੀ ਭੂਮਿਕਾ” ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਸਮਾਜ ਦੀ ਸਭ ਤੋਂ ਵੱਡੀ ਤਾਕਤ ਹਨ ਅਤੇ ਆਪਣੀ ਸਕਾਰਾਤਮਕ ਸੋਚ, ਜ਼ਿੰਮੇਵਾਰ ਵਿਹਾਰ ਅਤੇ ਸਮਾਜਿਕ ਸਰਗਰਮੀਆਂ ਰਾਹੀਂ ਸ਼ਾਂਤੀ, ਸਦਭਾਵਨਾ ਅਤੇ ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
ਇਸ ਮੌਕੇ ਅਹਮਦੀਆ ਮੁਸਲਿਮ ਕਮਿਊਨਿਟੀ ਵੱਲੋਂ “Golden Principles for World Peace” ਵਿਸ਼ੇ ’ਤੇ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਤੋਂ ਇਲਾਵਾ ਡਾ. ਸੰਦੀਪ ਕੌਰ ਦੁਆਰਾ ਤਿਆਰ ਕੀਤੀ ਡਾਕੂਮੈਂਟਰੀ ਰਾਹੀਂ ਵਿਸ਼ਵ ਸ਼ਾਂਤੀ ਦੇ ਰਾਜਨੀਤਿਕ, ਸਮਾਜਿਕ, ਮਨੋਵਿਗਿਆਨਕ ਅਤੇ ਵਿਅਕਤੀਗਤ ਪੱਖਾਂ ਨੂੰ ਉਜਾਗਰ ਕੀਤਾ ਗਿਆ।
ਆਖਰ ਵਿੱਚ ਜਨਾਬ ਤਾਰੀਖ ਅਹਿਮਦ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਪ੍ਰਿੰਸੀਪਲ, ਸਾਰੇ ਬੁਲਾਰਿਆਂ, ਅਹਮਦੀਆ ਮੁਸਲਿਮ ਕਮਿਊਨਿਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।
- Download Babushahi App
-
-