ਤਿਆਗ, ਤਪੱਸਿਆ ਤੇ ਸੰਯਮ ਦੀ ਮੂਰਤ ਮਹਾਸਾਧਵੀ ਸ਼੍ਰੀ ਸੁਚੇਤਾ ਜੀ ਮਹਾਰਾਜ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ
ਵਜ੍ਰ ਪੰਜਰ ਮਹਾਸਤੋਤਰ ਦੇ ਜਾਪ ਨਾਲ ਗੂੰਜਿਆ ਨਵਾਂਸ਼ਹਿਰ — ਰੋਹਿਤ ਜੈਨ ਨੇ ਕੇਵਲ ਪਾਣੀ ਪੀ ਕੇ ਕੀਤੀ 8 ਦਿਨਾਂ ਦੀ ਕਠਿਨ ਤਪੱਸਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 6 ਸਤੰਬਰ,2026 - ਸੰਥਾਰਾ ਸਾਧਿਕਾ ਮਹਾਸਾਧਵੀ ਸ਼੍ਰੀ ਸੁਚੇਤਾ ਜੀ ਮਹਾਰਾਜ ਦਾ ਜਨਮ ਦਿਵਸ ਨਵਾਂਸ਼ਹਿਰ ਵਿਖੇ ਧਾਰਮਿਕ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਹਾਸਾਧਵੀ ਸ਼੍ਰੀ ਸਵਾਤੀ ਜੀ ਮਹਾਰਾਜ, ਸ਼੍ਰੀ ਸੁਪ੍ਰਗਿਆ ਜੀ, ਸ਼੍ਰੀ ਸੁਦੀਪਤੀ ਜੀ ਅਤੇ ਸ਼੍ਰੀ ਸੁਵਿਧੀ ਜੀ ਮਹਾਰਾਜ ਦਾ ਸਾਨਿਧ ਸੰਗਤ ਨੂੰ ਪ੍ਰਾਪਤ ਹੋਇਆ।
ਜੈਨ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਮਨੀਸ਼ ਜੈਨ ਦੀ ਅਗਵਾਈ ਹੇਠ ਹੋਏ ਇਸ ਧਾਰਮਿਕ ਸਮਾਗਮ ਵਿੱਚ ਵਜ੍ਰ ਪੰਜਰ ਮਹਾਸਤੋਤਰ ਦਾ ਵਿਸ਼ੇਸ਼ ਪਾਠ ਕਰਵਾਇਆ ਗਿਆ। ਜੈਨ ਮਹਿਲਾ ਸੰਘ ਦੀ ਮੰਤਰੀ ਤ੍ਰਿਪਤਾ ਜੈਨ ਅਤੇ ਜੈਨ ਸਭਾ ਦੇ ਉਪ-ਪ੍ਰਧਾਨ ਰਜਨੀਸ਼ ਜੈਨ ਗੁੱਗੂ ਅਤੇ ਸੰਦੀਪ ਜੈਨ ਵੱਲੋਂ ਕਰਵਾਏ ਗਏ ਇਸ ਪਾਠ ਵਿੱਚ ਵੱਡੀ ਗਿਣਤੀ ਵਿੱਚ ਗੁਰੂ ਭਗਤਾਂ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ।
ਮਹਾਸਾਧਵੀ ਸ਼੍ਰੀ ਸਵਾਤੀ ਜੀ ਮਹਾਰਾਜ ਨੇ ਵਜ੍ਰ ਪੰਜਰ ਮਹਾਸਤੋਤਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਸ਼ਰਧਾ ਅਤੇ ਵਿਸ਼ਵਾਸ ਨਾਲ ਇਸ ਦਾ ਜਾਪ ਮਨ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਅਤੇ ਮਨੁੱਖ ਨੂੰ ਕਲੇਸ਼ਾਂ ਤੋਂ ਉੱਪਰ ਉੱਠ ਕੇ ਆਤਮਿਕ ਮਾਰਗ ਵੱਲ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਮਹਾਸਾਧਵੀ ਸ਼੍ਰੀ ਸੁਚੇਤਾ ਜੀ ਮਹਾਰਾਜ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦਾ ਜਨਮ ਪਿੰਡ ਸੁਧਾਰ ਵਿਖੇ ਹੋਇਆ ਸੀ। ਉਨ੍ਹਾਂ ਨੇ 29 ਸਾਲ ਤੱਕ ਸੰਯਮ, ਤਿਆਗ ਅਤੇ ਸਾਧਨਾ ਦਾ ਜੀਵਨ ਬਤੀਤ ਕੀਤਾ। ਉਨ੍ਹਾਂ ਦਾ ਦੋ ਸਾਲ ਪਹਿਲਾਂ ਦੇਵਲੋਕ ਗਮਨ ਹੋ ਗਿਆ ਸੀ, ਪਰ ਉਨ੍ਹਾਂ ਦੀ ਤਪੱਸਿਆ ਅਤੇ ਧਾਰਮਿਕ ਜੀਵਨ ਅੱਜ ਵੀ ਸਮਾਜ ਲਈ ਪ੍ਰੇਰਣਾ ਦਾ ਚਾਨਣ ਬਣਿਆ ਹੋਇਆ ਹੈ।
ਇਸ ਮੌਕੇ ਸਮਾਜਸੇਵੀ ਰੋਹਿਤ ਜੈਨ, ਸੁਪੁੱਤਰ ਸ਼੍ਰੀ ਨਰਿੰਦਰ ਜੈਨ, ਨੇ ਕੇਵਲ ਪਾਣੀ ਦਾ ਸੇਵਨ ਕਰਕੇ 8 ਦਿਨਾਂ ਦੀ ਕਠਿਨ ਤਪੱਸਿਆ ਪੂਰੀ ਕੀਤੀ। ਉਨ੍ਹਾਂ ਦੀ ਇਸ ਤਪੱਸਿਆ ਲਈ ਐੱਸ.ਐੱਸ. ਜੈਨ ਸਭਾ ਅਤੇ ਵੱਖ-ਵੱਖ ਮੰਡਲਾਂ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਪ੍ਰਵਚਨ ਵਿੱਚ ਸ਼ਾਮਲ ਗੁਰੂ ਭਗਤਾਂ ਲਈ ਰਜਨੀਸ਼ ਜੈਨ ਗੁੱਗੂ ਵੱਲੋਂ ਗੌਤਮ ਪ੍ਰਸਾਦੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਸਮਾਗਮ ਦੌਰਾਨ ਐੱਸ.ਐੱਸ. ਜੈਨ ਸਭਾ ਦੇ ਮੁੱਖ ਸਰਪ੍ਰਸਤ ਨੇਮ ਕੁਮਾਰ ਜੈਨ, ਪ੍ਰਧਾਨ ਮਨੀਸ਼ ਜੈਨ, ਮਹਾਮੰਤਰੀ ਰਤਨ ਕੁਮਾਰ ਜੈਨ, ਖ਼ਜ਼ਾਨਚੀ ਰਾਕੇਸ਼ ਜੈਨ ਬੱਬੀ, ਸਲਾਹਕਾਰ ਅਚਲ ਜੈਨ ਅਤੇ ਸਰਪ੍ਰਸਤ ਜਵਾਹਰ ਲਾਲ ਜੈਨ ਸਮੇਤ ਹੋਰ ਮੈਂਬਰਾਂ ਨੇ ਤਪੱਸਵੀ ਰੋਹਿਤ ਜੈਨ ਅਤੇ ਹੋਰ ਸਹਿਯੋਗੀਆਂ ਨੂੰ ਹਾਰ ਅਤੇ ਮਾਲਾਵਾਂ ਪਹਿਨਾ ਕੇ ਸਨਮਾਨਿਤ ਕੀਤਾ।
ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਮਹਾਸਾਧਵੀ ਸ਼੍ਰੀ ਸੁਚੇਤਾ ਜੀ ਮਹਾਰਾਜ ਦੇ ਜੀਵਨ ਅਤੇ ਤਿਆਗ ’ਤੇ ਆਧਾਰਿਤ ਨਾਟਿਕਾ ਰਹੀ। ਜੈਨ ਯੁਵਤੀ ਮੰਡਲ ਦੀ ਪ੍ਰਧਾਨ ਰਿਤੂ ਜੈਨ ਦੀ ਅਗਵਾਈ ਹੇਠ ਮੀਨਾਕਸ਼ੀ ਜੈਨ, ਜੋਤਿਸ਼ਾ ਜੈਨ, ਕ੍ਰਿਤੀ ਜੈਨ, ਦੀਪਿਕਾ ਜੈਨ, ਸੰਪਦਾ ਜੈਨ, ਸ਼੍ਰੁਤੀ ਜੈਨ, ਚਿਰਾਂਸ਼ੀ ਜੈਨ ਅਤੇ ਲਾਘਵ ਜੈਨ ਨੇ ਪ੍ਰਭਾਵਸ਼ਾਲੀ ਨਾਟਿਕਾ ਪੇਸ਼ ਕਰਕੇ ਸੰਗਤ ਨੂੰ ਭਾਵ-ਵਿਭੋਰ ਕਰ ਦਿੱਤਾ।
ਸਮਾਗਮ ਵਿੱਚ ਅੰਬਾਲਾ, ਪੰਚਕੂਲਾ, ਸੁਧਾਰ, ਦਬੋਟਾ ਸਮੇਤ ਵੱਖ-ਵੱਖ ਇਲਾਕਿਆਂ ਤੋਂ ਗੁਰੂ ਭਗਤਾਂ ਨੇ ਪਹੁੰਚ ਕੇ ਮਹਾਸਾਧਵੀ ਸ਼੍ਰੀ ਸੁਚੇਤਾ ਜੀ ਮਹਾਰਾਜ ਨੂੰ ਸ਼ਰਧਾਂਜਲੀ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਅੰਤ ਵਿੱਚ ਮਹਾਸਾਧਵੀ ਸ਼੍ਰੀ ਸਵਾਤੀ ਜੀ ਮਹਾਰਾਜ ਨੇ ਮੰਗਲ ਪਾਠ ਸੁਣਾ ਕੇ ਸਮੂਹ ਸੰਗਤ ਨੂੰ ਆਸ਼ੀਰਵਾਦ ਦਿੱਤਾ। ਸਮੁੱਚਾ ਸਮਾਗਮ ਤਿਆਗ, ਤਪੱਸਿਆ, ਸੰਯਮ ਅਤੇ ਗੁਰੂ ਭਗਤੀ ਦੀ ਅਦਭੁੱਤ ਮਿਸਾਲ ਬਣਿਆ।
- Download Babushahi App
-
-