ਬਰਨਾਲਾ 'ਚ 600 ਕਿੱਲੋ ਨਕਲੀ/ਦੂਸ਼ਿਤ ਪਨੀਰ ਸਮੇਤ ਇੱਕ ਕਾਬੂ, ਮਾਮਲਾ ਦਰਜ
Kamaljeet Singh
ਬਰਨਾਲਾ, 05 ਸਤੰਬਰ, 2026:
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਿਲਾਵਟਖੋਰੀ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਬਰਨਾਲਾ ਅਤੇ ਫੂਡ ਸੇਫ਼ਟੀ ਟੀਮ ਨੇ ਸਾਂਝੀ ਕਾਰਵਾਈ ਕਰਦਿਆਂ 600 ਕਿੱਲੋ ਸ਼ੱਕੀ/ਨਕਲੀ ਪਨੀਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਇੱਕ ਗੱਡੀ ਵੀ ਬਰਾਮਦ ਕੀਤੀ ਹੈ।
ਸੀ.ਆਈ.ਏ. ਸਟਾਫ਼ ਦੇ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਫੂਡ ਸੇਫ਼ਟੀ ਅਫ਼ਸਰ ਚਰਨਜੀਤ ਸਿੰਘ ਸਮੇਤ ਪੁਲਿਸ ਟੀਮ ਵੱਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਗੁਰਵਿੰਦਰ ਸਿੰਘ (ਨਿਵਾਸੀ ਬਖੋਰਾ ਕਲਾਂ) ਨੂੰ ਕਾਬੂ ਕੀਤਾ ਗਿਆ। ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ 600 ਕਿੱਲੋ ਸ਼ੱਕੀ ਪਨੀਰ ਬਰਾਮਦ ਹੋਇਆ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਇਹ ਪਨੀਰ ਸੰਗਰੂਰ ਤੋਂ ਲਿਆ ਕੇ ਬਠਿੰਡਾ ਵੱਲ ਵੇਚਣ ਲਈ ਲੈ ਕੇ ਜਾ ਰਿਹਾ ਸੀ।
ਫੂਡ ਸੇਫ਼ਟੀ ਅਫ਼ਸਰ ਨੇ ਮੌਕੇ 'ਤੇ ਹੀ ਪਨੀਰ ਦੇ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਲਈ ਭੇਜ ਦਿੱਤੇ ਹਨ, ਜਦਕਿ ਬਾਕੀ ਮਾਲ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀ ਵਿਰੁੱਧ ਭਾਰਤੀ ਨਿਆਏ ਸੰਹਿਤਾ (BNS) ਦੀਆਂ ਧਾਰਾਵਾਂ 318(4), 274 ਅਤੇ 275 ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਦਾਲਤ ਵੱਲੋਂ ਦੋਸ਼ੀ ਦਾ 2 ਦਿਨਾਂ ਦਾ ਪੁਲਿਸ ਰਿਮਾਂਡ ਮਿਲਿਆ ਹੈ। ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਖਿਲਾਫ਼ ਇਹ ਮੁਹਿੰਮ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
- Download Babushahi App
-
-