ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਰਿਲੀਜ਼: ਕਰੰਟ ਅਫੇਅਰ ਤੇ ਜੀ.ਕੇ. ਦਾ ਖ਼ਜ਼ਾਨਾ ਹੈ ‘ਕੈਗ ਬਰਾਈਟ ਮਾਈਂਡ’ : ਪ੍ਰੋ. ਕੁਲਵੰਤ ਔਜਲਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 21 ਅਗਸਤ: ਪਿੰਡ ਸੀਚੇਵਾਲ ਵਿਖੇ ਜਸਬੀਰ ਵਾਟਾਂਵਾਲੀ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ਵਿਦਿਅਕ ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਸ਼ੇਸ਼ ਤੌਰ ’ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਿਦਿਅਕ, ਸਾਹਿਤਕ ਅਤੇ ਸਮਾਜਿਕ ਖੇਤਰ ਨਾਲ ਸਬੰਧਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
ਮੈਗਜ਼ੀਨ ਤਿਆਰ ਕਰਨ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਸੰਪਾਦਕ ਜਸਬੀਰ ਵਾਟਾਂਵਾਲੀ ਨੇ ਕਿਹਾ ਕਿ ‘ਕੈਗ ਬਰਾਈਟ ਮਾਈਂਡ’ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਦੀਆਂ ਤਾਜ਼ਾ ਘਟਨਾਵਾਂ, ਜਨਰਲ ਨੌਲਿਜ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਪੰਜਾਬੀ ਮਾਂ-ਬੋਲੀ ਵਿੱਚ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਪ੍ਰੋ. ਕੁਲਵੰਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬੀ ਵਿੱਚ ਪ੍ਰਕਾਸ਼ਿਤ ਇਹ ਮੈਗਜ਼ੀਨ ਕਰੰਟ ਅਫੇਅਰਜ਼ ਅਤੇ ਜੀ.ਕੇ. ਦਾ ਖ਼ਜ਼ਾਨਾ ਹੈ। ਉਨ੍ਹਾਂ ਕਿਹਾ ਕਿ ਮੈਗਜ਼ੀਨ ਦੀ ਖ਼ਾਸੀਅਤ ਇਹ ਹੈ ਕਿ ਗੁੰਝਲਦਾਰ ਵਿਸ਼ਿਆਂ ਨੂੰ ਵੀ ਸਰਲ ਪੰਜਾਬੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਮਲੇ, ਭਾਰਤੀ ਅਰਥਵਿਵਸਥਾ, ਵਿਗਿਆਨ ਤੇ ਤਕਨਾਲੋਜੀ, ਇਸਰੋ ਅਤੇ ਸਪੇਸ ਮਿਸ਼ਨ, ਵਾਤਾਵਰਣ, ਖੇਡਾਂ, ਐਵਾਰਡ, ਸਰਕਾਰੀ ਯੋਜਨਾਵਾਂ ਸਮੇਤ ਪੰਜਾਬ ਦੀ ਆਮ ਅਤੇ ਐਡਵਾਂਸ ਜੀ.ਕੇ. ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪੱਤਰਕਾਰ ਤੇ ਬੁੱਧੀਜੀਵੀ ਰੌਸ਼ਨ ਖੈੜਾ ਨੇ ਕਿਹਾ ਕਿ ਮੈਗਜ਼ੀਨ ਵਿੱਚ ਕੰਪਿਊਟਰ ਨਾਲ ਸਬੰਧਤ ਆਧੁਨਿਕ ਤੇ ਚਰਚਿਤ ਵਿਸ਼ਿਆਂ ਨੂੰ ਵਿਸ਼ੇਸ਼ ਆਈ.ਏ.ਐੱਸ. ਚੈਪਟਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਇਮਤਿਹਾਨ ਪਾਸ ਕਰਨ ਤੱਕ ਸੀਮਤ ਰੱਖਣ ਦੀ ਬਜਾਏ ਵਿਗਿਆਨ, ਤਕਨਾਲੋਜੀ ਅਤੇ ਦੁਨੀਆ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਵਿਸ਼ਾਲ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਹੈ।
ਡਾ. ਗੁਰਨਾਮ ਸਿੰਘ ਸੈਦੋਵਾਲ ਨੇ ਜਸਬੀਰ ਵਾਟਾਂਵਾਲੀ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਕੈਗ ਬਰਾਈਟ ਮਾਈਂਡ’ ਸਿਰਫ਼ ਇੱਕ ਮੈਗਜ਼ੀਨ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ, ਸਮਕਾਲੀ ਮਸਲਿਆਂ ਦੀ ਸਮਝ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਆਤਮ-ਵਿਸ਼ਵਾਸ ਪੈਦਾ ਕਰਨ ਵਾਲਾ ਬੇਸ਼ਕੀਮਤੀ ਉਪਰਾਲਾ ਹੈ। ਉਨ੍ਹਾਂ ਇਸ ਨੂੰ ਕਾਲਜਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਪੰਜਾਬੀ ਮੀਡੀਅਮ ਦੇ ਪੇਂਡੂ ਵਿਦਿਆਰਥੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਹੋਣਗੀਆਂ ਸੌਖੀਆਂ : ਸੰਤ ਸੀਚੇਵਾਲ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਦੌਰ ਵਿੱਚ ਕਰੰਟ ਅਫੇਅਰਜ਼ ਅਤੇ ਜੀ.ਕੇ. ਦੀ ਮਹੱਤਤਾ ਲਗਾਤਾਰ ਵਧ ਰਹੀ ਹੈ। IAS, PCS, PPSC, SSC, ਬੈਂਕਿੰਗ, ਪੁਲਿਸ, ਪਟਵਾਰੀ ਸਮੇਤ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਰੋਜ਼ਾਨਾ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਬੁਨਿਆਦੀ ਗਿਆਨ ਨਾਲ ਅਪਡੇਟ ਰਹਿਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਸੇ ਲੋੜ ਨੂੰ ਪੰਜਾਬੀ ਮਾਂ-ਬੋਲੀ ਵਿੱਚ ਪੂਰਾ ਕਰਨ ਵਾਲਾ ‘ਕੈਗ ਬਰਾਈਟ ਮਾਈਂਡ’ ਸਰਲ ਭਾਸ਼ਾ ਵਿੱਚ ਗਿਆਨ ਦਾ ਵੱਡਾ ਸੋਮਾ ਹੈ। ਇਸ ਨਾਲ ਪੰਜਾਬੀ ਮੀਡੀਅਮ ਵਾਲੇ ਪੇਂਡੂ ਵਿਦਿਆਰਥੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਹੋਰ ਆਸਾਨ ਹੋਵੇਗੀ।
ਇਸ ਮੌਕੇ ਲੇਖਕ ਮੁਖਤਿਆਰ ਸਿੰਘ ਚੰਦੀ, ਲੇਖਕਾ ਬੀਬਾ ਕੁਲਵਿੰਦਰ ਕੰਵਲ, ਰਿਟ. ਪ੍ਰਿੰ. ਲਖਬੀਰ ਸਿੰਘ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ, ਮੰਗਲ ਸਿੰਘ ਭੰਡਾਲ, ਪ੍ਰਿੰ. ਜਸਬੀਰ ਸਿੰਘ ਸੰਧੂ, ਪ੍ਰਿੰ. ਹਰਜਿੰਦਰ ਸਿੰਘ, ਪ੍ਰਿੰ. ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ਲੀਡਰ, ਗੁਰਸ਼ਰਨ ਸਿੰਘ ਰਾਮਗੜ੍ਹੀਆ, ਸਰਜੀਤ ਸਿੰਘ ਡੱਲਾ, ਗੁਰਮੀਤ ਸਿੰਘ ਸਰਪੰਚ, ਬਲਦੇਵ ਸਿੰਘ ਜੋਸਨ, ਰਣਜੀਤ ਸਿੰਘ ਰਾਣਾ ਅਤੇ ਮਿਊਜ਼ਿਕ ਟੀਚਰ ਰਾਜਨਪ੍ਰੀਤ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ। ਡਾ. ਸਵਰਨ ਸਿੰਘ ਨੇ ਆਏ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਜਸਬੀਰ ਵਾਟਾਂਵਾਲੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
- Download Babushahi App
-
-