"ਮੈਂ ਸਵੇਰੇ 11 ਵਜੇ ਪਹੁੰਚ ਰਿਹਾ ਹੱਥ ਨਾਲ ਪੁਟ ਕੇ ਵਿਖਾਓ ਸੜਕ"- ਮੰਤਰੀ ਹਰਭਜਨ ETO ਨੇ ਹਰਸਿਮਰਤ 'ਤੇ ਮਜੀਠੀਆ ਨੂੰ ਕੀਤਾ ਚੈਲੰਜ
45 ਹਜਾਰ ਕਿਲੋਮੀਟਰ ਸੜਕ ਦਾ ਵਿਕਾਸ ਕਾਰਜ ਹੋਣ ਤੱਕ ਸਭ ਤੋਂ ਵੱਡਾ ਈ ਟੀ ਓ
ਪੇੈਚ ਵਰਕ - ਸਤੰਬਰ ਤੋਂ ਨਵੰਬਰ ਤੱਕ ਤੇਜ਼ੀ ਨਾਲ ਹੋਵੇਗਾ ਸੜਕਾਂ ਤੇ ਲੂੁੱਕ ਪਾਉਣ ਦਾ ਕੰਮ
ਕੁਲਵਿੰਦਰ ਸਿੰਘ
ਅੰਮ੍ਰਿਤਸਰ 22 ਅਗਸਤ 2026- ਪੰਜਾਬ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਭਾਰਾ ਤੋਂ ਰਾਮਗੜ੍ਹ ਭੂੰਦੜ ਤੱਕ ਬਣ ਰਹੀ ਸੜਕ ਨੂੰ ਲੈ ਕੇ ਸਾਹਮਣੇ ਆਈ ਵੀਡੀਓ ’ਤੇ ਸਪੱਸ਼ਟੀਕਰਨ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਖੁੱਲ੍ਹਾ ਚੈਲੇਂਜ ਦਿੱਤਾ ਹੈ। ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰੀਬ 45,000 ਕਿਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਸੁਧਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੰਮ ਪਾਰਦਰਸ਼ਤਾ ਅਤੇ ਮਜ਼ਬੂਤੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਗਲਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪਾ ਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਠਿੰਡਾ ਜ਼ਿਲ੍ਹੇ ਦੀ ਕੋਟਭਾਰਾ ਤੋਂ ਰਾਮਗੜ੍ਹ ਭੂੰਦੜ ਵਾਲੀ ਸੜਕ ਸਬੰਧੀ ਵੀ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ। ਹਰਭਜਨ ਸਿੰਘ ਈ.ਟੀ.ਓ. ਮੁਤਾਬਕ ਇਹ ਕੋਈ ਨਵੀਂ ਸੜਕ ਨਹੀਂ ਸੀ, ਬਲਕਿ ਪਹਿਲਾਂ ਤੋਂ ਬਣੀ ਸੜਕ ’ਤੇ ਪ੍ਰੀ-ਮਿਕਸ (PC) ਪਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ 18 ਅਗਸਤ ਨੂੰ ਸੜਕ ’ਤੇ PC ਪਾਈ ਗਈ ਸੀ, ਪਰ ਕੰਮ ਅਜੇ ਮੁਕੰਮਲ ਨਹੀਂ ਹੋਇਆ ਸੀ। ਉਨ੍ਹਾਂ ਦੇ ਦੋਸ਼ ਮੁਤਾਬਕ ਅਗਲੇ ਹੀ ਦਿਨ ਅਧੂਰੇ ਕੰਮ ਵਾਲੀ ਸੜਕ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ ਗਈ।
ਮੰਤਰੀ ਨੇ ਕਿਹਾ ਕਿ ਸੜਕ ਬਣਨ ਤੋਂ ਬਾਅਦ ਮਟੀਰੀਅਲ ਨੂੰ ਸੈਟਲ ਹੋਣ ਲਈ ਸਮਾਂ ਲੱਗਦਾ ਹੈ ਅਤੇ ਫਾਈਨਲ ਕੰਮ ਪੂਰਾ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਵੀਡੀਓ ਬਣਾਉਣਾ ਗਲਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਆਗੂਆਂ ਵੱਲੋਂ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਾਂਝਾ ਕਰਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਰਭਜਨ ਸਿੰਘ ਈ.ਟੀ.ਓ. ਨੇ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਖੁੱਲ੍ਹਾ ਚੈਲੇਂਜ ਦਿੰਦਿਆਂ ਕਿਹਾ ਕਿ ਉਹ 11 ਵਜੇ ਮੌਕੇ ’ਤੇ ਪਹੁੰਚਣ ਅਤੇ ਜੇਕਰ ਸੜਕ ਹੱਥ ਨਾਲ ਪੁੱਟ ਕੇ ਦਿਖਾ ਦੇਣ ਤਾਂ ਤੁਰੰਤ ਠੇਕੇਦਾਰ ਜਾਂ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸੜਕ ਹੱਥ ਨਾਲ ਨਹੀਂ ਪੁੱਟੀ ਜਾ ਸਕਦੀ ਤਾਂ ਗਲਤ ਵੀਡੀਓ ਬਣਾਉਣ ਅਤੇ ਪਾਉਣ ਵਾਲਿਆਂ ਨੂੰ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਮੰਤਰੀ ਨੇ ਇਲਾਕੇ ਵਿੱਚ ਬਣੀਆਂ ਹੋਰ ਸੜਕਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਮੁਤਾਬਕ ਮੈਸਰਖਾਨਾ ਤੋਂ ਗੁਰਦੁਆਰਾ ਤਿੱਤਰਸਰ ਸਾਹਿਬ, ਦਾਣਾ ਮੰਡੀ ਭਾਈ ਭਖਤੌਰ ਤੋਂ ਰੇਲਵੇ ਸਟੇਸ਼ਨ ਮੈਸਰਖਾਨਾ, BSBK ਰੋਡ ਤੋਂ ਰਾਮਗੜ੍ਹ, ਕੁੱਤੀਵਾਲ ਖੁਰਦ ਤੋਂ ਦਿਖ ਪਿੰਡ ਅਤੇ BSBK ਰੋਡ ਤੋਂ ਕੋਟਭਾਰਾ ਤੱਕ ਵੀ ਸੜਕਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਮੁਕੰਮਲ ਹੋਣ ਤੋਂ ਪਹਿਲਾਂ ਉਸ ਵਿੱਚ ਦਖ਼ਲਅੰਦਾਜ਼ੀ ਕਰਨਾ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਬਰਾਬਰ ਹੈ ਅਤੇ ਗਲਤ ਵੀਡੀਓਜ਼ ਰਾਹੀਂ ਸਰਕਾਰ ਨੂੰ ਬਦਨਾਮ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੱਤਰਕਾਰਾਂ ਵੱਲੋਂ 1984 ਦੇ ਸਿੱਖ ਕਤਲੇਆਮ ਅਤੇ ਸੱਜਣ ਕੁਮਾਰ ਨਾਲ ਸਬੰਧਤ ਸਵਾਲ ਪੁੱਛੇ ਜਾਣ ’ਤੇ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਉਹ ਸਖ਼ਤ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਇਸ ਮਾਮਲੇ ਵਿੱਚ ਦੋਸ਼ੀ ਸਨ, ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਨਾਲ ਸਬੰਧਤ ਇੱਕ ਮਾਮਲੇ ਬਾਰੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਵੱਲੋਂ DGP ਤੋਂ ਜਵਾਬ ਮੰਗੇ ਜਾਣ ਬਾਰੇ ਪੁੱਛੇ ਸਵਾਲ ’ਤੇ ਮੰਤਰੀ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਰੇਪ ਕੇਸ ਜਾਂ ਰੇਪਿਸਟ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਥਾਰਟੀ ਵੱਲੋਂ ਜਵਾਬ ਮੰਗਿਆ ਗਿਆ ਹੈ ਤਾਂ ਸਰਕਾਰ ਵੱਲੋਂ ਜਵਾਬ ਦਿੱਤਾ ਜਾਵੇਗਾ। ਅੰਮ੍ਰਿਤਸਰ ਵਿੱਚ ਗੋਲਡਨ ਗੇਟ ਤੋਂ ਅੱਗੇ ਬਣ ਰਹੇ ਪੁਲ ਬਾਰੇ ਮੰਤਰੀ ਨੇ ਕਿਹਾ ਕਿ ਇਹ ਪੁਲ ਬਹੁਤ ਮਹੱਤਵਪੂਰਨ ਹੈ ਅਤੇ ਇੱਥੇ ਪਹਿਲਾਂ ਕਈ ਹਾਦਸੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੁਲਤਾਨਵਿੰਡ ਵਾਲਾ ਪੁਲ ਮੁਕੰਮਲ ਹੋ ਚੁੱਕਾ ਹੈ, ਜਦਕਿ ਚਾਟੀਵਿੰਡ ਵਾਲਾ ਪੁਲ ਵੀ ਚਾਲੂ ਹੈ। ਨਿਊ ਅੰਮ੍ਰਿਤਸਰ ਦੇ ਬਾਹਰ ਬਣ ਰਹੇ ਪੁਲ ਬਾਰੇ ਉਨ੍ਹਾਂ ਕਿਹਾ ਕਿ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਠੇਕੇਦਾਰ ਵੱਲੋਂ ਸ਼ਿਫਟਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਉਮੀਦ ਜਤਾਈ ਕਿ ਇਹ ਕੰਮ 4 ਤੋਂ 5 ਮਹੀਨਿਆਂ ਦੇ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਬਾਰਿਸ਼ਾਂ ਕਾਰਨ ਸੜਕਾਂ ’ਤੇ ਪੈਚ ਵਰਕ ਦੀ ਲੋੜ ਸਬੰਧੀ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਬਾਰਿਸ਼ ਦੇ ਮੌਸਮ ਵਿੱਚ ਲੁੱਕ ਜਾਂ PC ਪਾਉਣ ਦਾ ਕੰਮ ਕੁਝ ਸਮੇਂ ਲਈ ਰੋਕਣਾ ਪੈਂਦਾ ਹੈ, ਕਿਉਂਕਿ ਇਸ ਮੌਸਮ ਵਿੱਚ ਲੁੱਕ ਪਾਉਣ ਨਾਲ ਸੜਕ ਦੀ ਮਜ਼ਬੂਤੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਸਮ ਸਾਜ਼ਗਾਰ ਹੋਣ ’ਤੇ ਜਿੱਥੇ ਵੀ ਸੰਭਵ ਹੁੰਦਾ ਹੈ, ਉੱਥੇ ਕੰਮ ਸ਼ੁਰੂ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਤੰਬਰ, ਅਕਤੂਬਰ ਅਤੇ ਨਵੰਬਰ ਦੌਰਾਨ ਸੜਕਾਂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਮੰਤਰੀ ਨੇ ਕਿਹਾ ਕਿ ਲੁੱਕ ਪਾਉਣ ਤੋਂ ਇਲਾਵਾ ਪੱਥਰ ਪਾਉਣ ਅਤੇ ਹੋਰ ਕੰਮ ਜਾਰੀ ਹਨ। ਲੁੱਕ ਵਾਲਾ ਕੰਮ ਬਾਰਿਸ਼ਾਂ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਮੁਕੰਮਲ ਕੀਤਾ ਜਾਵੇਗਾ।
- Download Babushahi App
-
-