ਸਟੂਡੈਂਟ ਪੁਲਿਸ ਕੈਡਿਟਾਂ ਨੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਭਰੀ ਹਾਜ਼ਰੀ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਨਮਾਨ
ਮਾਲੇਰਕੋਟਲਾ, 15 ਅਗਸਤ:
ਸਟੂਡੈਂਟ ਪੁਲਿਸ ਕੈਡਿਟ (SPC) ਸਕੀਮ ਤਹਿਤ ਜ਼ਿਲ੍ਹੇ ਦੇ ਸਕੂਲਾਂ ਦੇ 40 ਵਿਦਿਆਰਥੀਆਂ ਨੇ 80ਵੇਂ ਸੁਤੰਤਰਤਾ ਦਿਵਸ ਮੌਕੇ ਡਾ. ਜ਼ਾਕਿਰ ਹੁਸੈਨ ਸਟੇਡੀਅਮ, ਮਾਲੇਰਕੋਟਲਾ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪੂਰੇ ਜੋਸ਼, ਅਨੁਸ਼ਾਸਨ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਖਾਕੀ ਵਰਦੀ ਵਿੱਚ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਨ੍ਹਾਂ ਸਟੂਡੈਂਟ ਪੁਲਿਸ ਕੈਡਿਟਾਂ ਨੂੰ ਉਨ੍ਹਾਂ ਦੀ ਅਨੁਸ਼ਾਸਿਤ, ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਹਾਜ਼ਰੀ ਲਈ ਸਨਮਾਨਿਤ ਕੀਤਾ ਗਿਆ। ਸਨਮਾਨ ਸਮੇਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਅਤੇ ਐਸ.ਐਸ.ਪੀ. ਗੁਰਮੀਤ ਸਿੰਘ ਵੀ ਮੌਜੂਦ ਸਨ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਭਵਿੱਖ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਅਨੁਸ਼ਾਸਨ, ਜ਼ਿੰਮੇਵਾਰੀ, ਦੇਸ਼ਭਗਤੀ ਅਤੇ ਸਮਾਜਿਕ ਸੰਵੇਦਨਸ਼ੀਲਤਾ ਨਾਲ ਵੀ ਮਜ਼ਬੂਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਟੂਡੈਂਟ ਪੁਲਿਸ ਕੈਡਿਟ ਸਕੀਮ ਬੱਚਿਆਂ ਵਿੱਚ ਕਾਨੂੰਨ ਪ੍ਰਤੀ ਸਤਿਕਾਰ, ਨਸ਼ਿਆਂ ਤੋਂ ਦੂਰ ਰਹਿਣ, ਸੜਕ ਸੁਰੱਖਿਆ, ਸਾਈਬਰ ਜਾਗਰੂਕਤਾ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਨ ਲਈ ਮਹੱਤਵਪੂਰਨ ਮੰਚ ਹੈ।ਇਸ ਮੌਕੇ ਵਿਦਿਆਰਥੀਆਂ ਨੇ ਕੌਮੀ ਝੰਡੇ ਨੂੰ ਸਲਾਮੀ, ਪਰੇਡ, ਸੱਭਿਆਚਾਰਕ ਪ੍ਰਸਤੁਤੀਆਂ ਅਤੇ ਹੋਰ ਰਾਸ਼ਟਰ ਭਗਤੀ ਭਰਪੂਰ ਗਤੀਵਿਧੀਆਂ ਨੂੰ ਨੇੜਿਓਂ ਦੇਖਿਆ। ਸੁਤੰਤਰਤਾ ਦਿਵਸ ਵਰਗੇ ਮਹੱਤਵਪੂਰਨ ਮੌਕੇ ’ਤੇ ਉਨ੍ਹਾਂ ਦੀ ਸ਼ਮੂਲੀਅਤ ਨੇ ਉਨ੍ਹਾਂ ਵਿੱਚ ਦੇਸ਼ ਪ੍ਰਤੀ ਮਾਣ ਅਤੇ ਫਰਜ਼ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਜ਼ਿਲ੍ਹਾ ਕੁਆਡੀਨੇਟਰ ਪ੍ਰੇਮ ਸਿੰਘ ਨੇ ਕਿਹਾ ਕਿ ਸਟੂਡੈਂਟ ਪੁਲਿਸ ਕੈਡਿਟਾਂ ਦਾ ਕੈਬਨਿਟ ਮੰਤਰੀ ਵੱਲੋਂ ਸਨਮਾਨਿਤ ਕੀਤਾ ਜਾਣਾ ਉਨ੍ਹਾਂ ਲਈ ਮਾਣ ਦੇ ਨਾਲ-ਨਾਲ ਵੱਡੀ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਭਵਿੱਖ ਵਿੱਚ ਵੀ ਅਨੁਸ਼ਾਸਨ, ਇਮਾਨਦਾਰੀ ਅਤੇ ਸਮਾਜ ਸੇਵਾ ਦੇ ਮਾਰਗ ’ਤੇ ਚੱਲਣ ਦਾ ਸੰਕਲਪ ਲਿਆ। ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਨੌਜਵਾਨਾਂ ਦੀ ਅਜਿਹੀ ਸਰਗਰਮ ਭਾਗੀਦਾਰੀ ਹੀ ਇੱਕ ਜ਼ਿੰਮੇਵਾਰ, ਅਨੁਸ਼ਾਸਿਤ ਅਤੇ ਮਜ਼ਬੂਤ ਸਮਾਜ ਦੀ ਨੀਂਹ ਰੱਖਦੀ ਹੈ।
- Download Babushahi App
-
-