80ਵੇਂ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਮਾਸਟਰ ਪਲਵਿੰਦਰ ਸਿੰਘ ਦਾ ਕੀਤਾ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ।
ਫਤਿਹਗੜ੍ਹ ਸਾਹਿਬ 16 ਅਗਸਤ 2026:- ਸੁਤੰਤਰਤਾ ਦਿਵਸ ਦੇ ਪਾਵਨ ਮੌਕੇ ’ਤੇ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੇ ਮਾਸਟਰ ਪਲਵਿੰਦਰ ਸਿੰਘ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਬਿਹਤਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ, ਐਮ.ਐਲ.ਏ. ਸ. ਲਖਬੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਵੱਲੋਂ ਪ੍ਰਦਾਨ ਕੀਤਾ ਗਿਆ।
ਮਾਸਟਰ ਪਲਵਿੰਦਰ ਸਿੰਘ ਦਾ ਜਨਮ ਪਿੰਡ ਸੇਖੂਪੁਰ ਵਿਖੇ ਪਿਤਾ ਸ. ਕਾਲਾ ਸਿੰਘ ਸਾਹੀ ਅਤੇ ਮਾਤਾ ਜਸਵਿੰਦਰ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਨੰਦਪੁਰ ਕੇਸ਼ੋ ਵਿਖੇ ਪੂਰੀ ਕੀਤੀ। ਇਸ ਤੋਂ ਬਾਅਦ ਬੀ.ਏ. ਅਤੇ ਐੱਮ.ਏ. ਦੀ ਪੜ੍ਹਾਈ ਸਰਕਾਰੀ ਮਹਿੰਦਰਾ ਕਾਲਜ ਤੋਂ ਪਹਿਲੇ ਦਰਜੇ ਵਿੱਚ ਪੂਰੀ ਕੀਤੀ। ਉਨ੍ਹਾਂ ਨੇ ਬੀ.ਐੱਡ. ਦੀ ਡਿਗਰੀ ਬਸੀ ਪਠਾਣਾਂ ਸਥਿਤ ਪਾਈਨ ਗੋਰਵ ਕਾਲਜ ਤੋਂ ਪ੍ਰਾਪਤ ਕੀਤੀ।
ਮਾਸਟਰ ਪਲਵਿੰਦਰ ਸਿੰਘ ਨੇ ਬਤੌਰ ਐੱਸ.ਐੱਸ. ਮਾਸਟਰ ਸਰਕਾਰੀ ਮਿਡਲ ਸਕੂਲ ਚਣੋਂ ਵਿਖੇ ਆਪਣੀ ਸੇਵਾ ਸ਼ੁਰੂ ਕੀਤੀ। ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕੀਤੇ। ਸਾਲ 2017 ਤੋਂ ਉਹ ਸਰਕਾਰੀ ਮਿਡਲ ਸਕੂਲ ਜਾਗੋ ਚਨਾਰਥਲ ਵਿਖੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਯੋਗ ਅਗਵਾਈ ਹੇਠ ਸਕੂਲ ਦੀਆਂ ਲੜਕੀਆਂ ਦੀ ਖੋ-ਖੋ ਟੀਮ ਨੇ ਪਿਛਲੇ ਚਾਰ ਸਾਲਾਂ ਤੋਂ ਜ਼ੋਨ ਪੱਧਰੀ ਮੁਕਾਬਲਿਆਂ ਵਿੱਚ ਲਗਾਤਾਰ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੀ ਸਕੂਲ ਦੀ ਨੁਮਾਇੰਦਗੀ ਕੀਤੀ ਹੈ। ਇਸ ਤੋਂ ਇਲਾਵਾ ਸਕੂਲ ਦਾ ਵਿੱਦਿਅਕ ਨਤੀਜਾ ਵੀ ਲਗਾਤਾਰ 100 ਫੀਸਦੀ ਰਹਿਣਾ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਦਾ ਪ੍ਰਮਾਣ ਹੈ।
ਮਾਸਟਰ ਪਲਵਿੰਦਰ ਸਿੰਘ ਦਾ ਇਹ ਸਨਮਾਨ ਨਾ ਸਿਰਫ਼ ਉਨ੍ਹਾਂ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ ਹੈ, ਸਗੋਂ ਉਨ੍ਹਾਂ ਸਾਰੇ ਅਧਿਆਪਕਾਂ ਲਈ ਵੀ ਪ੍ਰੇਰਣਾ ਹੈ ਜੋ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹਨ। ਉਨ੍ਹਾਂ ਦੇ ਸਨਮਾਨ ਨਾਲ ਪਿੰਡ ਸੇਖੂਪੁਰ, ਸਕੂਲ ਅਤੇ ਸਮੁੱਚੇ ਇਲਾਕੇ ਵਿੱਚ ਖੁਸ਼ੀ ਅਤੇ ਮਾਣ ਦੀ ਲਹਿਰ ਹੈ। ਇਲਾਕਾ ਵਾਸੀਆਂ ਅਤੇ ਸਿੱਖਿਆ ਪ੍ਰੇਮੀਆਂ ਨੇ ਮਾਸਟਰ ਪਲਵਿੰਦਰ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਅਤੇ ਹੋਰ ਉਪਲਬਧੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
- Download Babushahi App
-
-