ਲੁਧਿਆਣਾ ’ਚ ਕਾਰ ਅਸੈਸਰੀ ’ਤੇ ਪੁਲਿਸ ਦੀ ਸਖ਼ਤੀ: ਹੂਟਰ, ਸਾਇਰਨ ਤੇ ਬਲੈਕ ਫਿਲਮ ਦਾ ਰਿਕਾਰਡ ਰੱਖਣਾ ਲਾਜ਼ਮੀ
---ਹਰ ਏਜੰਸੀ, ਸਟਾਕ ਡੀਲਰ ਤੇ ਦੁਕਾਨਦਾਰ ਨੂੰ ਗਾਹਕ, ਵਾਹਨ ਅਤੇ ਮੋਬਾਈਲ ਨੰਬਰ ਦਾ ਪੂਰਾ ਵੇਰਵਾ ਰਜਿਸਟਰ ’ਚ ਦਰਜ ਕਰਨਾ ਹੋਵੇਗਾ | ਰਿਕਾਰਡ 5 ਸਾਲ ਤੱਕ ਸੰਭਾਲਣਾ ਪਵੇਗਾ
ਸੁਖਮਿੰਦਰ ਭੰਗੂ
ਲੁਧਿਆਣਾ 14 ਅਗਸਤ 2026
ਲੁਧਿਆਣਾ: ਵਾਹਨਾਂ ’ਤੇ ਨਿਯਮਾਂ ਤੋਂ ਬਾਹਰ ਕਾਰ ਅਸੈਸਰੀ ਲਗਾਉਣ ਦੇ ਰੁਝਾਨ ਨੂੰ ਰੋਕਣ ਅਤੇ ਅਪਰਾਧਾਂ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਦੀ ਪਛਾਣ ਆਸਾਨ ਬਣਾਉਣ ਲਈ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋਂ ਸਖ਼ਤ ਕਦਮ ਚੁੱਕਿਆ ਗਿਆ ਹੈ। ਐਡੀਸ਼ਨਲ ਕਮਿਸ਼ਨਰ ਪੁਲਿਸ, ਲੁਧਿਆਣਾ ਰੁਪਿੰਦਰ ਸਿੰਘ, ਆਈ.ਪੀ.ਐਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਹੁਕਮ ਜਾਰੀ ਕਰਦਿਆਂ ਕਾਰ ਅਸੈਸਰੀ ਦਾ ਸਮਾਨ ਵੇਚਣ ਅਤੇ ਫਿੱਟ ਕਰਨ ਵਾਲੀਆਂ ਏਜੰਸੀਆਂ, ਫਰਮਾਂ, ਸਟਾਕ ਡੀਲਰਾਂ ਅਤੇ ਦੁਕਾਨਦਾਰਾਂ ਲਈ ਰਿਕਾਰਡ ਰੱਖਣਾ ਲਾਜ਼ਮੀ ਕਰ ਦਿੱਤਾ ਹੈ।
ਪੁਲਿਸ ਵੱਲੋਂ ਜਾਰੀ ਹੁਕਮ ਅਨੁਸਾਰ ਬਾਜ਼ਾਰ ਵਿੱਚ ਵਾਹਨਾਂ ਲਈ ਵੇਚੇ ਅਤੇ ਫਿੱਟ ਕੀਤੇ ਜਾਣ ਵਾਲੇ ਹੂਟਰ, ਸਾਇਰਨ, ਫਲੈਸ਼ਿੰਗ ਲਾਈਟ, ਐਲ.ਈ.ਡੀ. ਨੀਲੀ, ਚਿੱਟੀ ਅਤੇ ਫਲੀਕਰ ਲਾਈਟ, ਬਲੈਕ ਫਿਲਮ, ਜਾਲੀਆਂ ਅਤੇ ਬੰਪਰ ਗਾਰਡ ਆਦਿ ਸਬੰਧੀ ਪੂਰਾ ਰਿਕਾਰਡ ਰੱਖਣਾ ਹੋਵੇਗਾ। ਪੁਲਿਸ ਦਾ ਮੰਨਣਾ ਹੈ ਕਿ ਅਜਿਹੀਆਂ ਅਸੈਸਰੀਆਂ ਦੀ ਬੇਤਹਾਸ਼ਾ ਅਤੇ ਬਿਨਾਂ ਰਿਕਾਰਡ ਵਿਕਰੀ ਕਾਰਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਨਾਲ-ਨਾਲ ਅਪਰਾਧਕ ਗਤੀਵਿਧੀਆਂ ਵਿੱਚ ਵੀ ਅਜਿਹੇ ਵਾਹਨਾਂ ਦੀ ਵਰਤੋਂ ਹੋ ਸਕਦੀ ਹੈ।
ਦੁਕਾਨਦਾਰ ਨੂੰ ਗਾਹਕ ਅਤੇ ਵਾਹਨ ਦਾ ਪੂਰਾ ਵੇਰਵਾ ਰੱਖਣਾ ਹੋਵੇਗਾ
ਹੁਕਮ ਅਨੁਸਾਰ ਜਦੋਂ ਵੀ ਕੋਈ ਏਜੰਸੀ, ਫਰਮ, ਸਟਾਕ ਡੀਲਰ ਜਾਂ ਦੁਕਾਨਦਾਰ ਉਕਤ ਅਸੈਸਰੀ ਵੇਚੇ ਜਾਂ ਕਿਸੇ ਵਾਹਨ ’ਤੇ ਫਿੱਟ ਕਰੇਗਾ ਤਾਂ ਉਸ ਨੂੰ ਰਜਿਸਟਰ ਜਾਂ ਹੋਰ ਰਿਕਾਰਡ ਵਿੱਚ ਵਾਹਨ ਦੀ ਪੂਰੀ ਜਾਣਕਾਰੀ ਦਰਜ ਕਰਨੀ ਪਵੇਗੀ। ਇਸ ਵਿੱਚ ਵਾਹਨ ਦਾ ਮਾਰਕਾ, ਵਾਹਨ ਦੀ ਜਾਣਕਾਰੀ, ਮਾਲਕ ਦਾ ਨਾਮ, ਮੋਬਾਈਲ ਨੰਬਰ ਅਤੇ ਫਿੱਟ ਕੀਤੀ ਗਈ ਅਸੈਸਰੀ ਦਾ ਵੇਰਵਾ ਦਰਜ ਕਰਨਾ ਲਾਜ਼ਮੀ ਹੋਵੇਗਾ।
ਇਸ ਤੋਂ ਇਲਾਵਾ, ਜਿੱਥੇ ਲੋੜ ਹੋਵੇ, ਉਥੇ ਸਬੰਧਤ ਮਹਿਕਮੇ ਤੋਂ ਪ੍ਰਾਪਤ ਇਜਾਜ਼ਤ ਜਾਂ ਮਨਜ਼ੂਰੀ ਨਾਲ ਸਬੰਧਤ ਦਸਤਾਵੇਜ਼ ਵੀ ਵੇਖਣ ਅਤੇ ਉਨ੍ਹਾਂ ਦਾ ਰਿਕਾਰਡ ਸੰਭਾਲਣ ਦੀ ਜ਼ਿੰਮੇਵਾਰੀ ਦੁਕਾਨਦਾਰ ਦੀ ਹੋਵੇਗੀ।
ਅਸੈਸਰੀ ’ਤੇ ਦੁਕਾਨ ਦੀ ਪਛਾਣ ਵੀ ਲਗਾਉਣੀ ਹੋਵੇਗੀ
ਪੁਲਿਸ ਦੇ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਸ ਵਾਹਨ ’ਤੇ ਅਜਿਹਾ ਸਮਾਨ ਫਿੱਟ ਕੀਤਾ ਜਾਂਦਾ ਹੈ, ਉਸ ’ਤੇ ਲਗਾਈ ਗਈ ਅਸੈਸਰੀ ’ਤੇ ਦੁਕਾਨ ਜਾਂ ਫਰਮ ਦੀ ਪਛਾਣ ਲਈ ਸਟੀਕਰ ਜਾਂ ਹੋਰ ਪਛਾਣ ਚਿੰਨ੍ਹ ਲਗਾਇਆ ਜਾਵੇ। ਇਸ ਦਾ ਮਕਸਦ ਭਵਿੱਖ ਵਿੱਚ ਕਿਸੇ ਹਾਦਸੇ ਜਾਂ ਅਪਰਾਧ ਦੀ ਸਥਿਤੀ ਵਿੱਚ ਇਹ ਪਤਾ ਲਗਾਉਣਾ ਹੈ ਕਿ ਅਸੈਸਰੀ ਕਿਸ ਦੁਕਾਨ ਜਾਂ ਏਜੰਸੀ ਵੱਲੋਂ ਵੇਚੀ ਅਤੇ ਫਿੱਟ ਕੀਤੀ ਗਈ ਸੀ।
5 ਸਾਲ ਤੱਕ ਰਿਕਾਰਡ ਰੱਖਣਾ ਲਾਜ਼ਮੀ
ਹੁਕਮ ਅਨੁਸਾਰ ਸਾਰੇ ਸਬੰਧਤ ਕਾਰੋਬਾਰੀਆਂ ਨੂੰ ਇਸ ਸਬੰਧੀ ਤਿਆਰ ਕੀਤਾ ਰਿਕਾਰਡ ਘੱਟੋ-ਘੱਟ 5 ਸਾਲ ਤੱਕ ਆਪਣੇ ਕੋਲ ਸੰਭਾਲ ਕੇ ਰੱਖਣਾ ਹੋਵੇਗਾ। ਇਸ ਨਾਲ ਪੁਲਿਸ ਅਤੇ ਸਬੰਧਤ ਵਿਭਾਗਾਂ ਲਈ ਕਿਸੇ ਵਾਹਨ ਨਾਲ ਜੁੜੇ ਮਾਮਲੇ ਦੀ ਜਾਂਚ ਦੌਰਾਨ ਅਸੈਸਰੀ ਵੇਚਣ ਜਾਂ ਫਿੱਟ ਕਰਨ ਵਾਲੇ ਵਿਅਕਤੀ ਤੱਕ ਪਹੁੰਚ ਕਰਨਾ ਆਸਾਨ ਹੋਵੇਗਾ।
ਹੁਕਮ ਦੀ ਉਲੰਘਣਾ ’ਤੇ ਹੋਵੇਗੀ ਕਾਨੂੰਨੀ ਕਾਰਵਾਈ
ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਏਜੰਸੀ, ਫਰਮ, ਸਟਾਕ ਡੀਲਰ ਜਾਂ ਆਮ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਰਿਕਾਰਡ ਰੱਖਣ ਵਿੱਚ ਲਾਪਰਵਾਹੀ ਕਰਦਾ ਹੈ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਨਤਕ ਸੁਰੱਖਿਆ ਅਤੇ ਅਪਰਾਧਾਂ ’ਤੇ ਨਜ਼ਰ ਰੱਖਣ ’ਤੇ ਜ਼ੋਰ
ਪੁਲਿਸ ਅਧਿਕਾਰੀਆਂ ਅਨੁਸਾਰ ਵਾਹਨਾਂ ’ਤੇ ਗੈਰ-ਜ਼ਰੂਰੀ ਜਾਂ ਨਿਯਮਾਂ ਦੇ ਉਲਟ ਲਾਈਟਾਂ, ਸਾਇਰਨ ਅਤੇ ਹੋਰ ਅਸੈਸਰੀਆਂ ਲਗਾਉਣ ਨਾਲ ਆਮ ਲੋਕਾਂ ਵਿੱਚ ਭਰਮ ਅਤੇ ਸਹਿਮ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਤੇਜ਼ ਰੌਸ਼ਨੀ ਜਾਂ ਗਲਤ ਤਰੀਕੇ ਨਾਲ ਲਗਾਈਆਂ ਅਸੈਸਰੀਆਂ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਸਕਦਾ ਹੈ। ਇਸ ਲਈ ਨਵੇਂ ਹੁਕਮ ਦਾ ਮੁੱਖ ਉਦੇਸ਼ ਟ੍ਰੈਫਿਕ ਨਿਯਮਾਂ ਦੀ ਪਾਲਣਾ, ਜਨਤਕ ਸੁਰੱਖਿਆ ਅਤੇ ਅਪਰਾਧਾਂ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਦੀ ਪਛਾਣ ਨੂੰ ਮਜ਼ਬੂਤ ਕਰਨਾ ਦੱਸਿਆ ਗਿਆ ਹੈ।
ਇਹ ਹੁਕਮ ਇੱਕਤਰਫ਼ਾ ਤੌਰ ’ਤੇ ਆਮ ਜਨਤਾ ਦੇ ਨਾਮ ਜਾਰੀ ਕੀਤਾ ਗਿਆ ਹੈ ਅਤੇ ਹੁਕਮ ਜਾਰੀ ਹੋਣ ਦੀ ਮਿਤੀ ਤੋਂ ਦੋ ਮਹੀਨੇ ਤੱਕ ਲਾਗੂ ਰਹੇਗਾ। ਜ਼ਿਲ੍ਹਾ ਲੋਕ ਸੰਪਰਕ ਵਿਭਾਗ, ਲੁਧਿਆਣਾ ਦੇ ਵਾਹਨ ਰਾਹੀਂ ਵੀ ਇਸ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
- Download Babushahi App
-
-