ਮੀਂਹ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ: ਲੁਧਿਆਣਾ ਦੀਆਂ ਸੜਕਾਂ ਧੱਸੀਆਂ, ਖੱਡਿਆਂ ਨੇ ਵਧਾਇਆ ਹਾਦਸਿਆਂ ਦਾ ਖ਼ਤਰਾ
---ਕਈ ਇਲਾਕਿਆਂ ਵਿੱਚ ਸੜਕਾਂ ਦੀ ਹਾਲਤ ਖ਼ਸਤਾ; ਗੁਰੂ ਨਾਨਕ ਪਬਲਿਕ ਸਕੂਲ ਨੇੜੇ ਨਿਗਮ ਦੀ ਟੀਮ ਮੌਕੇ ’ਤੇ ਪੁੱਜੀ, ROB ਅਤੇ ਮਿੰਟਗੁਮਰੀ ਚੌਂਕ ਦੇ ਖੱਡੇ ਬਣੇ ਚਿੰਤਾ ਦਾ ਕਾਰਨ
ਸੁਖਮਿੰਦਰ ਭੰਗੂ
ਲੁਧਿਆਣਾ 14 ਅਗਸਤ 2026
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਪਦੀ ਗਰਮੀ ਅਤੇ ਹੁੰਮਸ ਤੋਂ ਸ਼ੁੱਕਰਵਾਰ ਨੂੰ ਹੋਈ ਭਾਰੀ ਬਾਰਿਸ਼ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਦਿੱਤੀ, ਉੱਥੇ ਹੀ ਮੀਂਹ ਨੇ ਲੁਧਿਆਣਾ ਦੀਆਂ ਸੜਕਾਂ ਅਤੇ ਨਿਕਾਸੀ ਪ੍ਰਬੰਧਾਂ ਦੀਆਂ ਕਮਜ਼ੋਰੀਆਂ ਵੀ ਸਾਹਮਣੇ ਲਿਆ ਦਿੱਤੀਆਂ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੜਕਾਂ ਧੱਸਣ, ਵੱਡੇ ਖੱਡੇ ਬਣਨ ਅਤੇ ਪਹਿਲਾਂ ਕੀਤੀ ਗਈ ਅਧੂਰੀ ਮੁਰੰਮਤ ਮੁੜ ਖਰਾਬ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਵਧ ਗਿਆ ਹੈ।
ਸਰਾਭਾ ਨਗਰ ਵਿੱਚ ਸੜਕ ਧੱਸਣ ਨਾਲ ਮਚੀ ਹਲਚਲ
ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ ਦੇ ਨੇੜੇ ਸੜਕ ਦਾ ਇੱਕ ਹਿੱਸਾ ਧੱਸਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ। ਨਿਗਮ ਵੱਲੋਂ ਤੁਰੰਤ ਕਾਰਵਾਈ ਕਰਨਾ ਸ਼ਲਾਘਾਯੋਗ ਹੈ, ਪਰ ਸਥਾਨਕ ਲੋਕਾਂ ਦਾ ਸਵਾਲ ਹੈ ਕਿ ਜੇਕਰ ਮੀਂਹ ਤੋਂ ਪਹਿਲਾਂ ਸੜਕਾਂ, ਸੀਵਰੇਜ ਅਤੇ ਜ਼ਮੀਨ ਹੇਠਲੇ ਢਾਂਚੇ ਦੀ ਜਾਂਚ ਕੀਤੀ ਜਾਂਦੀ ਤਾਂ ਕੀ ਅਜਿਹੀਆਂ ਸਥਿਤੀਆਂ ਨੂੰ ਪਹਿਲਾਂ ਹੀ ਰੋਕਿਆ ਨਹੀਂ ਜਾ ਸਕਦਾ ਸੀ?
ਕਾਨਵੈਂਟ ਸਕੂਲ ਅਤੇ ਫਾਊਂਟਨ ਚੌਂਕ ਵੀ ਚਿੰਤਾ ਦੇ ਘੇਰੇ ਵਿੱਚ
ਜਾਣਕਾਰੀ ਅਨੁਸਾਰ ਕਾਨਵੈਂਟ ਸਕੂਲ ਦੇ ਸਾਹਮਣੇ ਪਾਰਕ ਨੇੜੇ ਵੀ ਸੜਕ ਦੇ ਕਿਨਾਰੇ ਧੱਸਣ ਦੀ ਸਥਿਤੀ ਬਣੀ ਹੋਈ ਹੈ। ਇਸੇ ਤਰ੍ਹਾਂ 13 ਅਗਸਤ ਨੂੰ ਫਾਊਂਟਨ ਚੌਂਕ ਨੇੜੇ ਜਿਉਲਰੀ ਮਾਰਕੀਟ ਵਾਲੀ ਸੜਕ ’ਤੇ ਵੀ ਸੜਕ ਧੱਸਣ ਦੀ ਘਟਨਾ ਸਾਹਮਣੇ ਆਈ ਸੀ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੜਕਾਂ ਦੀ ਗੁਣਵੱਤਾ ਅਤੇ ਮੀਂਹ ਤੋਂ ਪਹਿਲਾਂ ਕੀਤੀ ਗਈ ਤਿਆਰੀ ’ਤੇ ਸਵਾਲ ਖੜ੍ਹੇ ਕੀਤੇ ਹਨ।
ROB ਨੇੜੇ ਵੱਡਾ ਖੱਡਾ, ਹਾਦਸੇ ਦਾ ਸਿੱਧਾ ਖ਼ਤਰਾ
ਸਭ ਤੋਂ ਵੱਧ ਚਿੰਤਾਜਨਕ ਸਥਿਤੀ ROB ਦੇ ਨੇੜੇ ਬਣੇ ਵੱਡੇ ਖੱਡੇ ਨੂੰ ਲੈ ਕੇ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਨਗਰ ਨਿਗਮ ਨੂੰ ਸਵੇਰੇ ਹੀ ਸੂਚਿਤ ਕੀਤਾ ਗਿਆ ਸੀ, ਪਰ ਸਮੇਂ ਸਿਰ ਖੱਡੇ ਨੂੰ ਭਰਨ ਜਾਂ ਇਸ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਕਰਨ ਦੀ ਕਾਰਵਾਈ ਨਹੀਂ ਹੋਈ। ਹੁਣ ਭਾਰੀ ਮੀਂਹ ਕਾਰਨ ਖੱਡੇ ਦੇ ਹੋਰ ਵਧਣ ਅਤੇ ਆਸ-ਪਾਸ ਦੀ ਮਿੱਟੀ ਖੁਰਨ ਦਾ ਖ਼ਤਰਾ ਬਣਿਆ ਹੋਇਆ ਹੈ। ਜੇਕਰ ਇਸ ਥਾਂ ਨੂੰ ਤੁਰੰਤ ਸੁਰੱਖਿਅਤ ਨਾ ਕੀਤਾ ਗਿਆ ਤਾਂ ਕਿਸੇ ਵੀ ਸਮੇਂ ਗੰਭੀਰ ਹਾਦਸਾ ਵਾਪਰ ਸਕਦਾ ਹੈ।
ਮਿੰਟਗੁਮਰੀ ਚੌਂਕ ਵਿੱਚ ਮਿੱਟੀ ਪਾ ਕੇ ਭਰਿਆ ਖੱਡਾ ਮੁੜ ਬਣਿਆ ਖ਼ਤਰਾ
ਮਿੰਟਗੁਮਰੀ ਚੌਂਕ ਵਿੱਚ ਵੀ ਪਹਿਲਾਂ ਖੱਡੇ ਨੂੰ ਸਿਰਫ਼ ਮਿੱਟੀ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੀਂਹ ਪੈਣ ਤੋਂ ਬਾਅਦ ਪਾਣੀ ਨਾਲ ਮਿੱਟੀ ਖੁਰਨ ਕਾਰਨ ਇਹ ਥਾਂ ਮੁੜ ਖ਼ਤਰਨਾਕ ਬਣਨ ਦਾ ਖ਼ਦਸ਼ਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਦੀ ਮੁਰੰਮਤ ਸਿਰਫ਼ ਅਸਥਾਈ ਤੌਰ ’ਤੇ ਮਿੱਟੀ ਜਾਂ ਮਲਬਾ ਪਾ ਕੇ ਕਰਨ ਦੀ ਬਜਾਏ ਪੱਕੇ ਤਕਨੀਕੀ ਢੰਗ ਨਾਲ ਕੀਤੀ ਜਾਣੀ ਚਾਹੀਦੀ ਹੈ।
Deep Hospital Road ’ਤੇ ਰੋਡ ਕਟਿੰਗ ਦਾ ਮੁੱਦਾ ਵੀ ਗੰਭੀਰ
ਮਿੰਟਗੁਮਰੀ ਚੌਂਕ ਤੋਂ ਅੱਗੇ Deep Hospital Road ’ਤੇ ਵੀ ਕਥਿਤ ਤੌਰ ’ਤੇ ਰੋਡ ਕਟਿੰਗ ਕਰਕੇ ਵੱਖ-ਵੱਖ ਕਨੈਕਸ਼ਨ ਲਏ ਜਾਣ ਅਤੇ ਸੜਕ ਨੂੰ ਢੰਗ ਨਾਲ ਬਹਾਲ ਨਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਅਨੁਸਾਰ ਪਿਛਲੇ ਸਮੇਂ ਦੌਰਾਨ ਇੱਥੇ ਕਈ ਈ-ਰਿਕਸ਼ਾ ਪਲਟਣ ਦੀਆਂ ਘਟਨਾਵਾਂ ਵੀ ਹੋ ਚੁੱਕੀਆਂ ਹਨ। ਹੁਣ ਮੁੜ ਸੜਕ ਦੀ ਕਟਿੰਗ ਅਤੇ ਅਧੂਰੀ ਮੁਰੰਮਤ ਕਾਰਨ ਬਾਰਿਸ਼ ਦੇ ਮੌਸਮ ਵਿੱਚ ਸਥਿਤੀ ਹੋਰ ਖ਼ਤਰਨਾਕ ਹੋਣ ਦਾ ਖ਼ਦਸ਼ਾ ਹੈ।
ਸਵਾਲ ਸਿਰਫ਼ ਮੁਰੰਮਤ ਦਾ ਨਹੀਂ, ਜਵਾਬਦੇਹੀ ਦਾ ਵੀ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਵਾਰ ਮੀਂਹ ਪੈਣ ਤੋਂ ਬਾਅਦ ਸੜਕਾਂ ਧੱਸਣ, ਖੱਡੇ ਬਣਨ ਅਤੇ ਪਾਣੀ ਖੜ੍ਹਨ ਤੋਂ ਬਾਅਦ ਹੀ ਨਗਰ ਨਿਗਮ ਦਾ ਅਮਲਾ ਮੌਕੇ ’ਤੇ ਪਹੁੰਚਦਾ ਹੈ। ਜੇਕਰ ਸੜਕਾਂ ਦੀ ਨਿਯਮਤ ਜਾਂਚ, ਸੀਵਰੇਜ ਲਾਈਨਾਂ ਦੀ ਮਾਨੀਟਰਿੰਗ, ਰੋਡ ਕਟਿੰਗ ਦੀ ਨਿਗਰਾਨੀ ਅਤੇ ਕਮਜ਼ੋਰ ਥਾਵਾਂ ਦੀ ਪਹਿਲਾਂ ਹੀ ਪਛਾਣ ਕੀਤੀ ਜਾਵੇ ਤਾਂ ਵੱਡੇ ਹਾਦਸਿਆਂ ਨੂੰ ਟਾਲਿਆ ਜਾ ਸਕਦਾ ਹੈ।
ਸੋਸ਼ਲ ਐਕਟਿਵਿਸਟ ਅਰਵਿੰਦ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿੱਚ ਸੜਕਾਂ ਦੀ ਮੁਰੰਮਤ ਅਤੇ ਰੋਡ ਕਟਿੰਗ ਦੇ ਮਾਮਲਿਆਂ ਵਿੱਚ ਸਿਰਫ਼ ਘਟਨਾ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪਹਿਲਾਂ ਤੋਂ ਨਿਗਰਾਨੀ ਅਤੇ ਜਵਾਬਦੇਹੀ ਤੈਅ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਥਾਵਾਂ ਪਹਿਲਾਂ ਹੀ ਖ਼ਤਰਨਾਕ ਹਨ, ਉੱਥੇ ਬੈਰੀਕੇਡਿੰਗ, ਚੇਤਾਵਨੀ ਬੋਰਡ ਅਤੇ ਤੁਰੰਤ ਮੁਰੰਮਤ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸੇ ਬੇਕਸੂਰ ਦੀ ਜਾਨ ਖ਼ਤਰੇ ਵਿੱਚ ਨਾ ਪਵੇ।
ਲੋਕਾਂ ਦੀ ਮੰਗ—ਖੱਡੇ ਨਹੀਂ, ਸਥਾਈ ਹੱਲ ਚਾਹੀਦਾ
ਮੀਂਹ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਸਿਰਫ਼ ਕਾਗਜ਼ਾਂ ਅਤੇ ਅਸਥਾਈ ਪੈਚਵਰਕ ਤੱਕ ਸੀਮਤ ਹੈ ਜਾਂ ਇਨ੍ਹਾਂ ਲਈ ਕੋਈ ਲੰਬੇ ਸਮੇਂ ਦੀ ਯੋਜਨਾ ਵੀ ਬਣਾਈ ਗਈ ਹੈ। ਲੋਕਾਂ ਦੀ ਮੰਗ ਹੈ ਕਿ ਨਗਰ ਨਿਗਮ ਵੱਲੋਂ ਖ਼ਤਰਨਾਕ ਥਾਵਾਂ ਦੀ ਤੁਰੰਤ ਪਛਾਣ ਕਰਕੇ ਉੱਥੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਸੜਕਾਂ ਦੀ ਮੁਰੰਮਤ ਪੱਕੇ ਅਤੇ ਵਿਗਿਆਨਕ ਢੰਗ ਨਾਲ ਕੀਤੀ ਜਾਵੇ, ਤਾਂ ਜੋ ਅਗਲੀ ਬਾਰਿਸ਼ ਲੋਕਾਂ ਲਈ ਨਵਾਂ ਖ਼ਤਰਾ ਨਾ ਬਣੇ।
- Download Babushahi App
-
-