ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਮਾਮਲਾ ਗਰਮਾਇਆ: 2 ਦਿਨਾਂ ਦੀ ਕਸਟਡੀ ਪੈਰੋਲ ਤੋਂ ਬਾਅਦ ਹੁਣ 3 ਤੋਂ 10 ਦਿਨਾਂ ਦੀ ਮੰਗ ’ਤੇ ਟਿਕੀਆਂ ਨਜ਼ਰਾਂ
ਚੰਡੀਗੜ੍ਹ, 14 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨ ਤੋਂ ਬਾਅਦ ਮਾਮਲਾ ਲਗਾਤਾਰ ਚਰਚਾ ਵਿੱਚ ਹੈ। ਪਰ ਹੁਣ ਹਵਾਰਾ ਦੀ ਪੈਰੋਲ ਨੂੰ ਲੈ ਕੇ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ।
ਪਹਿਲਾਂ ਇੱਕ ਦਿਨ ਦੀ ਪੈਰੋਲ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਇਸ ਤੋਂ ਬਾਅਦ ‘ਦਿ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਦੋ ਦਿਨਾਂ ਦੀ ਕਸਟਡੀ ਪੈਰੋਲ ਦੀ ਪੇਸ਼ਕਸ਼ ਕੀਤੇ ਜਾਣ ਦੀ ਗੱਲ ਸਾਹਮਣੇ ਆਈ। ਪਰ ਹਵਾਰਾ ਵੱਲੋਂ ਇਸ ਪੇਸ਼ਕਸ਼ ਨੂੰ ਵੀ ਸਵੀਕਾਰ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਹਾਲਾਂਕਿ, ਹਵਾਰਾ ਦੇ ਵਕੀਲਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹੁਣ ਇਸ ਪੂਰੇ ਮਾਮਲੇ ਨੂੰ ਇੱਕ ਵੱਖਰੇ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨ ਦੀ ਕਸਟਡੀ ਪੈਰੋਲ ਨੂੰ ਅਸਲ ਵਿੱਚ ਆਮ ਪੈਰੋਲ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਨਿਯਮਾਂ ਮੁਤਾਬਕ ਘੱਟੋ-ਘੱਟ ਤਿੰਨ ਦਿਨ ਦੀ ਪੈਰੋਲ ਬਣਦੀ ਹੈ।
ਇਸ ਦੇ ਨਾਲ ਹੀ ਹਵਾਰਾ ਵੱਲੋਂ ਲੰਬੀ ਮਿਆਦ ਦੀ ਪੈਰੋਲ ਦੀ ਮੰਗ ਵੀ ਰੱਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਕਰੀਬ 10 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਸਰਕਾਰ ਵੱਲੋਂ ਕਸਟਡੀ ਪੈਰੋਲ ਦੇ ਤਹਿਤ ਦੋ ਦਿਨ ਦੀ ਪੈਰੋਲ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇਸ ਪੂਰੇ ਮਾਮਲੇ ਵਿੱਚ ਹੁਣ ਇੱਕ ਹੋਰ ਮੰਗ ਸਾਹਮਣੇ ਆਈ ਹੈ ਕਿ ਘੱਟੋ-ਘੱਟ ਤਿੰਨ ਦਿਨ ਦੀ ਪੈਰੋਲ ਦਿੱਤੀ ਜਾਵੇ।
ਇਸ ਤਿੰਨ ਦਿਨਾਂ ਦੀ ਪੈਰੋਲ ਪਿੱਛੇ ਇੱਕ ਖਾਸ ਮਕਸਦ ਵੀ ਦੱਸਿਆ ਜਾ ਰਿਹਾ ਹੈ। ਹਵਾਰਾ ਦੇ ਪਰਿਵਾਰ ਅਤੇ ਸਾਥੀਆਂ ਵੱਲੋਂ ਚਾਹੁੰਦੇ ਹਨ ਕਿ ਜੇਕਰ ਉਹ ਘਰ ਆਉਂਦੇ ਹਨ ਤਾਂ ਘਰ ਵਿੱਚ ਅਖੰਡ ਪਾਠ ਸਾਹਿਬ ਦਾ ਅਰੰਭ ਕਰਵਾ ਸਕਣ ਅਤੇ ਤਿੰਨ ਦਿਨਾਂ ਬਾਅਦ ਅਖੰਡ ਪਾਠ ਸਾਹਿਬ ਦੀ ਸਮਾਪਤੀ ਵਿੱਚ ਸ਼ਾਮਲ ਹੋ ਕੇ ਮੁੜ ਜੇਲ੍ਹ ਵਾਪਸ ਜਾ ਸਕਣ।
ਇਸ ਕਰਕੇ ਹੁਣ ਮਾਮਲਾ ਸਿਰਫ਼ ਇਹ ਨਹੀਂ ਰਹਿ ਗਿਆ ਕਿ ਹਵਾਰਾ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ। ਅਸਲ ਸਵਾਲ ਇਹ ਬਣ ਗਿਆ ਹੈ ਕਿ ਪੈਰੋਲ ਕਿੰਨੇ ਦਿਨਾਂ ਦੀ ਹੋਵੇਗੀ ਅਤੇ ਉਸ ਦੀਆਂ ਸ਼ਰਤਾਂ ਕੀ ਹੋਣਗੀਆਂ।
ਇੱਕ ਪਾਸੇ ਸਰਕਾਰ ਵੱਲੋਂ ਕਸਟਡੀ ਪੈਰੋਲ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਹਵਾਰਾ ਦੇ ਵਕੀਲਾਂ ਅਤੇ ਸਾਥੀਆਂ ਵੱਲੋਂ ਘੱਟੋ-ਘੱਟ ਤਿੰਨ ਦਿਨ ਦੀ ਪੈਰੋਲ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ 10 ਦਿਨਾਂ ਦੀ ਪੈਰੋਲ ਦੀ ਮੰਗ ਵੀ ਚਰਚਾ ਵਿੱਚ ਹੈ।
ਹੁਣ ਸਭ ਦੀਆਂ ਨਜ਼ਰਾਂ ਅਗਲੇ ਫੈਸਲੇ ’ਤੇ ਟਿਕੀਆਂ ਹੋਈਆਂ ਹਨ—ਕੀ ਸਰਕਾਰ ਤਿੰਨ ਦਿਨ ਦੀ ਪੈਰੋਲ ਦੀ ਮੰਗ ਮੰਨਦੀ ਹੈ? ਕੀ ਹਵਾਰਾ ਨੂੰ ਆਪਣੀ ਮਾਤਾ ਨੂੰ ਮਿਲਣ ਅਤੇ ਘਰ ਵਿੱਚ ਅਖੰਡ ਪਾਠ ਸਾਹਿਬ ਦੇ ਅਰੰਭ ਤੇ ਸਮਾਪਤੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ? ਜਾਂ ਫਿਰ ਦੋ ਦਿਨਾਂ ਦੀ ਕਸਟਡੀ ਪੈਰੋਲ ਦੀ ਪੇਸ਼ਕਸ਼ ਹੀ ਕਾਇਮ ਰਹੇਗੀ?
ਉੱਧਰ ਪਿੰਡ ਵਾਸੀ ਵੀ ਹਵਾਰਾ ਦੇ ਪਿੰਡ ਆਉਣ ਦੀ ਉਡੀਕ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਜਿਸ ਘਰ ਵਿੱਚ ਇਸ ਸਮੇਂ ਉਨ੍ਹਾਂ ਦੀ ਮਾਤਾ ਰਹਿ ਰਹੇ ਹਨ, ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਹਵਾਰਾ ਅੱਜ ਤੱਕ ਉਸ ਘਰ ਵਿੱਚ ਇੱਕ ਵਾਰ ਵੀ ਨਹੀਂ ਆਏ।
ਜਦੋਂ ਹਵਾਰਾ ਦੀ ਗ੍ਰਿਫ਼ਤਾਰੀ ਹੋਈ ਸੀ, ਉਸ ਸਮੇਂ ਉਨ੍ਹਾਂ ਦਾ ਪਰਿਵਾਰ ਪਿੰਡ ਦੇ ਵਿਚਕਾਰ ਸਥਿਤ ਇੱਕ ਹੋਰ ਘਰ ਵਿੱਚ ਰਹਿੰਦਾ ਸੀ। ਇਸ ਤੋਂ ਬਾਅਦ ਪਿੰਡ ਤੋਂ ਬਾਹਰ ਇਹ ਘਰ ਬਣਾਇਆ ਗਿਆ। ਹੁਣ ਜੇਕਰ ਹਵਾਰਾ ਨੂੰ ਪੈਰੋਲ ਮਿਲਦੀ ਹੈ ਅਤੇ ਉਹ ਇਸ ਘਰ ਵਿੱਚ ਪਹੁੰਚਦੇ ਹਨ ਤਾਂ ਇਹ ਉਨ੍ਹਾਂ ਦੀ ਇਸ ਘਰ ਵਿੱਚ ਪਹਿਲੀ ਆਮਦ ਹੋਵੇਗੀ।
ਉੱਧਰ ਉਨ੍ਹਾਂ ਦੇ ਵੱਡੇ ਭਰਾ ਲਖਵੀਰ ਸਿੰਘ ਵੀ ਆਪਣੇ ਭਰਾ ਨੂੰ ਮਿਲਣ ਲਈ ਤਿਆਰ ਹਨ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਪੈਰੋਲ ਮਿਲਦੀ ਹੈ, ਉਹ ਅਮਰੀਕਾ ਤੋਂ ਪੰਜਾਬ ਆ ਕੇ ਆਪਣੇ ਭਰਾ ਨਾਲ ਮੁਲਾਕਾਤ ਕਰਨਗੇ।
ਇਸ ਲਈ ਹੁਣ ਸਿਰਫ਼ ਪਰਿਵਾਰ ਅਤੇ ਪਿੰਡ ਹੀ ਨਹੀਂ, ਸਗੋਂ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹੋਈਆਂ ਹਨ ਕਿ ਜਗਤਾਰ ਸਿੰਘ ਹਵਾਰਾ ਨੂੰ ਆਖ਼ਰਕਾਰ ਕਿੰਨੇ ਦਿਨਾਂ ਦੀ ਪੈਰੋਲ ਮਿਲਦੀ ਹੈ।
ਕੀ ਤਿੰਨ ਦਿਨ ਦੀ ਪੈਰੋਲ ਦੀ ਮੰਗ ਮੰਨੀ ਜਾਂਦੀ ਹੈ? ਕੀ 10 ਦਿਨਾਂ ਦੀ ਮੰਗ ’ਤੇ ਕੋਈ ਫੈਸਲਾ ਹੁੰਦਾ ਹੈ? ਜਾਂ ਫਿਰ ਦੋ ਦਿਨਾਂ ਦੀ ਕਸਟਡੀ ਪੈਰੋਲ ਹੀ ਆਖ਼ਰੀ ਪੇਸ਼ਕਸ਼ ਰਹਿੰਦੀ ਹੈ?
ਫਿਲਹਾਲ ਇਹ ਸਾਰੇ ਸਵਾਲ ਬਰਕਰਾਰ ਹਨ। ਪਰ ਇੱਕ ਗੱਲ ਸਪੱਸ਼ਟ ਹੈ ਕਿ ਹਵਾਰਾ ਦੀ ਪੈਰੋਲ ਨੂੰ ਲੈ ਕੇ ਹੁਣ ਸਭ ਦੀ ਉਡੀਕ ਇਸ ਗੱਲ ਦੀ ਹੈ ਕਿ ਸਰਕਾਰ ਵੱਲੋਂ ਅਗਲਾ ਫੈਸਲਾ ਕੀ ਲਿਆ ਜਾਂਦਾ ਹੈ ਅਤੇ ਜਗਤਾਰ ਸਿੰਘ ਹਵਾਰਾ ਆਪਣੀ ਮਾਤਾ ਨੂੰ ਮਿਲਣ ਲਈ ਪਿੰਡ ਕਦੋਂ ਪਹੁੰਚਦੇ ਹਨ।
- Download Babushahi App
-
-