ਕਾਰ ਤੇ ਆਏ ਚੋਰ ਗੋਦਾਮ ਦਾ ਤਾਲਾ ਤੋੜ ਕੇ ਲੈਪਟਾਪ ਲੈ ਕੇ ਹੋਏ ਫਰਾਰ
ਭਰੇ ਗੋਦਾਮ ਵਿੱਚ ਲੱਭਦੇ ਰਹੇ ਨਗਦੀ ਪਰ ਕਿਸੇ ਹੋਰ ਸਮਾਨ ਨੂੰ ਹੱਥ ਨਹੀਂ ਲਗਾਇਆ , ਵਾਰਦਾਤ ਦੀ ਸੀਸੀਟੀਵੀ ਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ , 11ਅਗਸਤ 2026 :
ਸਥਾਨਕ ਇਸਲਾਮਾਬਾਦ ਮੁਹਲਾ ਵਿਖੇ ਲਾਹੌਰੀ ਜੀਰਾ ਅਤੇ ਹੋਰ ਕਨਫੈਕਸ਼ਨਰੀ ਆਈਟਮਸ ਦੇ ਵੱਡੇ ਗੋਦਾਮ ਦੇ ਗੇਟ ਦਾ ਤਾਲਾ ਤੋੜ ਕੇ ਚੋਰ ਅੰਦਰੋਂ ਲੈਪਟਾਪ ਲੈ ਕੇ ਫਰਾਰ ਹੋ ਗਏ । ਹੈਰਾਨੀ ਦੀ ਗੱਲ ਇਹ ਸੀ ਕਿ ਸੈਂਟਰੋ ਕਾਰ ਤੇ ਆਏ ਇਹਨਾਂ ਦੋ ਚੋਰਾਂ ਨੇ ਨਕਦੀ ਦੀ ਤਲਾਸ਼ ਵਿੱਚ ਗੋਦਾਮ ਦੀ ਕਾਫੀ ਫਰੋਲਾ ਫਰਾਲੀ ਕੀਤੀ ਪਰ ਭਰੇ ਗੋਦਾਮ ਵਿੱਚ ਕਿਸੇ ਹੋਰ ਚੀਜ਼ ਨੂੰ ਹੱਥ ਨਹੀਂ ਲਗਾਇਆ । ਗਨੀਮਤ ਰਹੀ ਕਿ ਕੁਦਰਤੀ ਉਸ ਦਿਨ ਗੁਦਾਮ ਦੇ ਮਾਲਕ ਵੱਲੋਂ ਗੁਦਾਮ ਵਿੱਚ ਨਕਦੀ ਨਹੀਂ ਛੱਡੀ ਗਈ ਸੀ। ਕਾਰ ਤੇ ਆਉਂਦੇ ਅਤੇ ਗੁਦਾਮ ਵਿੱਚ ਚੋਰੀ ਕਰਦੇ ਦੋ ਚੋਰਾਂ ਦੀਆਂ ਤਸਵੀਰਾਂ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਪਰ ਚੋਰਾਂ ਵੱਲੋਂ ਮੂੰਹ ਸਿਰ ਚੰਗੀ ਤਰ੍ਹਾਂ ਨਾਲ ਲਪੇਟੇ ਗਏ ਸੀ ਇਸ ਕਾਰਨ ਉਹਨਾਂ ਦੀ ਫਿਲਹਾਲ ਪਹਿਚਾਣ ਨਹੀਂ ਹੋ ਸਕੀ। ਗੁਦਾਮ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ।
ਉੱਥੇ ਹੀ ਗੁਦਾਮ ਦੇ ਮਾਲਕ ਅੰਕੁਰ ਸ਼ਰਮਾ ਦਾ ਕਹਿਣਾ ਹੈ ਕਿ ਬੇਸ਼ਕ ਉਹਨਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ ਪਰ ਲੈਪਟਾਪ ਵਿੱਚ ਪਿਆ ਡੈਟਾ ਵੀ ਉਹਨਾਂ ਲਈ ਕਾਫੀ ਕੀਮਤੀ ਸੀ ਜਿਸ ਵਿੱਚ ਜੀ ਐਸ ਟੀ ਅਤੇ ਹੋਰ ਸੇਲ ਪਰਚੇਜ਼ ਦੇ ਹਿਸਾਬ ਕਿਤਾਬ ਦੇ ਨਾਲ ਨਾਲ ਕੁਝ ਪਰਿਵਾਰਕ ਤਸਵੀਰਾਂ ਵੀ ਸਨ।
- Download Babushahi App
-
-