ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਨੌਜਵਾਨਾਂ ਉੱਤੇ ਤੇਜ਼ਧਾਰ ਹਥਿਆਰਾਂ ਨਾਲ਼ ਹਮਲਾ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਅਗਸਤ 2026: ਲਾਲੜੂ ਅਧੀਨ ਪੈਂਦੇ ਪਿੰਡ ਹੰਡੇਸਰਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਨੌਜਵਾਨਾਂ 'ਤੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਜ਼ਖ਼ਮੀ ਹੋਏ ਦੋਵੇਂ ਨੌਜਵਾਨ ਪਿਛਲੇ ਦੋ ਦਿਨਾਂ ਤੋਂ ਸਿਵਲ ਹਸਪਤਾਲ ਡੇਰਾਬਸੀ ਵਿੱਚ ਇਲਾਜ ਅਧੀਨ ਹਨ।
ਹਸਪਤਾਲ ਵਿੱਚ ਦਾਖਲ ਜਖ਼ਮੀ ਰਾਜਨ ਕੁਮਾਰ ਪੁੱਤਰ ਨੈਬ ਸਿੰਘ ਅਤੇ ਹਰਸ਼ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਉਹ ਹੰਡੇਸਰਾ ਪਾਰਕ ਵਿਖੇ ਕੋਲਡ ਡਰਿੰਕ ਪੀ ਰਹੇ ਸਨ। ਇਸ ਦੌਰਾਨ ਪੁਰਾਣੀ ਰੰਜਿਸ਼ ਦੇ ਚਲਦਿਆਂ ਪਿੰਡ ਦੇ ਪਿਓ-ਪੁੱਤ ਸਮੇਤ ਤਿੰਨ ਵਿਅਕਤੀ ਉੱਥੇ ਆ ਗਏ ਅਤੇ ਬਿਨਾਂ ਕਿਸੇ ਗੱਲਬਾਤ ਦੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੀੜਤਾਂ ਦੇ ਮੁਤਾਬਕ ਦੋ ਹਮਲਾਵਰਾਂ ਦੇ ਹੱਥਾਂ ਵਿੱਚ ਚਾਕੂ ਸਨ, ਜਦਕਿ ਤੀਜੇ ਨੇ ਡੰਡੇ ਨਾਲ ਕੁੱਟਮਾਰ ਕੀਤੀ। ਹਮਲੇ ਵਿੱਚ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਡੇਰਾਬਸੀ ਦਾਖਲ ਕਰਵਾਇਆ ਗਿਆ। ਪੀੜਤਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਹੈ ਜਿਸ ਦਾ ਇੱਕ ਵਾਰ ਰਾਜਨ ਦੀ ਪਿੱਠ ਉੱਤੇ ਵੱਜਿਆ ਹੈ।
ਉੱਧਰ, ਇਸ ਮਾਮਲੇ ਸਬੰਧੀ ਥਾਣਾ ਹੰਡੇਸਰਾ ਦੇ ਐੱਸਐੱਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨਾਂ ਖ਼ਿਲਾਫ਼ ਪਹਿਲਾਂ ਵੀ ਮਾਰਕੁੱਟ ਦਾ ਇੱਕ ਕੇਸ ਦਰਜ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- Download Babushahi App
-
-