45 ਲੱਖ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ: ਦੋਰਾਹਾ 'ਚ ਬੱਬਰ ਕਰਿਆਨਾ ਸਟੋਰ ਅੱਗੇ BKU (ਕਾਦੀਆਂ) ਦਾ ਧਰਨਾ; ਡੀ.ਐੱਸ.ਪੀ. ਪਾਇਲ ਵੱਲੋਂ ਸਮਝੌਤੇ ਦੀ ਉਮੀਦ
Ravinder Singh
ਦੋਰਾਹਾ/ਖੰਨਾ, 31 ਜੁਲਾਈ 2026:
ਪੁਲਿਸ ਜ਼ਿਲ੍ਹਾ ਖੰਨਾ ਅਧੀਨ ਆਉਂਦੇ ਦੋਰਾਹਾ ਦੇ ਰੇਲਵੇ ਰੋਡ 'ਤੇ ਸਥਿਤ ਬੱਬਰ ਕਰਿਆਨਾ ਸਟੋਰ ਅੱਗੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ 45 ਲੱਖ ਰੁਪਏ ਦੀ ਕਥਿਤ ਠੱਗੀ ਦੇ ਦੋਸ਼ਾਂ ਨੂੰ ਲੈ ਕੇ ਪੱਕਾ ਧਰਨਾ ਦਿੱਤਾ ਗਿਆ। ਕਿਸਾਨ ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਲਾਲੇਆਣਾ ਦੇ ਨਿਵਾਸੀ ਗੁਰਸ਼ਰਨ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਨਾਲ ਸਟੋਰ ਮਾਲਕ ਗੁਰਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਵੱਲੋਂ 45 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ। ਆਗੂਆਂ ਅਨੁਸਾਰ ਪਹਿਲਾਂ ਹੋਈਆਂ ਪੰਚਾਇਤੀ ਮੀਟਿੰਗਾਂ ਵਿੱਚ ਪੈਸੇ ਮੋੜਨ ਦੀ ਸਹਿਮਤੀ ਬਣੀ ਸੀ, ਪਰ ਹੁਣ ਵਾਰ-ਵਾਰ ਟਾਲਮਟੋਲ ਕੀਤੀ ਜਾ ਰਹੀ ਹੈ ਅਤੇ ਕਥਿਤ ਤੌਰ 'ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਦੂਜੇ ਪਾਸੇ, ਬੱਬਰ ਕਰਿਆਨਾ ਸਟੋਰ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਸੁਲਝਾਉਣ ਲਈ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰਨ ਲਈ ਤਿਆਰ ਹਨ।
ਇਸ ਦੌਰਾਨ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਪਾਇਲ ਨੇ ਦੱਸਿਆ ਕਿ ਇਹ ਮਾਮਲਾ ਵਿੱਤੀ ਲੈਣ-ਦੇਣ ਨਾਲ ਜੁੜਿਆ ਹੋਇਆ ਹੈ, ਜੋ ਕਿ ਕਿਸਾਨ ਯੂਨੀਅਨ ਦੇ ਇੱਕ ਆਗੂ ਦੇ ਕੈਨੇਡਾ ਰਹਿੰਦੇ ਪਰਿਵਾਰਕ ਮੈਂਬਰਾਂ ਅਤੇ ਸਟੋਰ ਮਾਲਕ ਵਿਚਾਲੇ ਚੱਲ ਰਿਹਾ ਹੈ। ਪੁਲਿਸ ਨੇ ਦੋਵਾਂ ਧਿਰਾਂ ਨੂੰ ਗੱਲਬਾਤ ਲਈ ਬੁਲਾਇਆ ਹੈ ਅਤੇ ਆਪਸੀ ਸਹਿਮਤੀ ਨਾਲ ਜਲਦ ਹੀ ਮਾਮਲਾ ਸੁਲਝ ਜਾਣ ਦੀ ਉਮੀਦ ਜਤਾਈ ਹੈ। ਉਨ੍ਹਾਂ ਦੱਸਿਆ ਕਿ ਆਵਾਜਾਈ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਧਰਨਾ ਸੜਕ ਦੇ ਇੱਕ ਪਾਸੇ ਲਗਵਾਇਆ ਗਿਆ ਹੈ। ਫਿਲਹਾਲ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਨਾਲ ਸਥਿਤੀ ਸ਼ਾਂਤਮਈ ਬਣੀ ਹੋਈ ਹੈ।
- Download Babushahi App
-
-