ਅਮਰ ਸ਼ਹੀਦ ਸਰਦਾਰ ਊਧਮ ਸਿੰਘ ਨੂੰ ਹਰਮੀਤ ਸਿੰਘ ਕਾਲਕਾ ਵੱਲੋਂ ਸ਼ਰਧਾਂਜਲੀ
ਨਵੀਂ ਦਿੱਲੀ 31 ਜੁਲਾਈ,2026
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਸ਼ਹੀਦ ਸਰਦਾਰ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਕੋਟਾਨਿ-ਕੋਟਿ ਪ੍ਰਣਾਮ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ।
ਅਜ ਇਥੇ ਇਕ ਆਪਣੇ ਸੰਦੇਸ਼ ਵਿੱਚ ਸਰਦਾਰ ਕਾਲਕਾ ਨੇ ਕਿਹਾ ਕਿ ਸ਼ਹੀਦ ਸਰਦਾਰ ਊਧਮ ਸਿੰਘ ਜੀ ਨੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਏ ਬੇਕਸੂਰ ਲੋਕਾਂ ਦੇ ਲਹੂ ਦਾ ਇਨਸਾਫ਼ ਕਰਦਿਆਂ ਆਪਣਾ ਜੀਵਨ ਕੌਮ ਅਤੇ ਦੇਸ਼ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਬੇਮਿਸਾਲ ਸਾਹਸ, ਅਦੁੱਤੀ ਦੇਸ਼-ਪ੍ਰੇਮ ਅਤੇ ਨਿਆਂ ਲਈ ਦ੍ਰਿੜ ਨਿਸ਼ਚਾ ਹਰ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਨੇ ਸੰਸਾਰ ਨੂੰ ਇਹ ਸੰਦੇਸ਼ ਦਿੱਤਾ ਕਿ ਜ਼ੁਲਮ ਅਤੇ ਬੇਨਿਸਾਫੀ ਦਾ ਡਟ ਕੇ ਮੁਕਾਬਲਾ ਕਰਨਾ ਹੀ ਸੱਚੀ ਦੇਸ਼ਭਗਤੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜੀ ਦੀ ਕੁਰਬਾਨੀ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਵਿੱਚ ਸਦਾ ਸੁਨਹਿਰੀ ਅੱਖਰਾਂ ਵਿੱਚ ਦਰਜ ਰਹੇਗੀ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ, ਉਨ੍ਹਾਂ ਦੇ ਉੱਚੇ ਆਦਰਸ਼ਾਂ ਅਤੇ ਕੌਮੀ ਸਵੈਮਾਣ ਦੀ ਭਾਵਨਾ ਤੋਂ ਪ੍ਰੇਰਣਾ ਲੈ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਅਤੇ ਨੌਜਵਾਨ ਪੀੜ੍ਹੀ ਤੱਕ ਉਨ੍ਹਾਂ ਦਾ ਸੰਦੇਸ਼ ਪਹੁੰਚਾਉਣਾ ਸਾਡਾ ਸਾਂਝਾ ਫ਼ਰਜ਼ ਹੈ।
- Download Babushahi App
-
-