ਜਗਰਾਉਂ ਅੰਦਰ ਬੀਬੀ ਮਾਨ ਦਾ ਪ੍ਰੋਗਰਾਮ ਵਿਰੋਧ ਦੇ ਡਰ ਕਾਰਨ ਰੱਦ
ਸਫਾਈ ਸੇਵਕ ਬੀਬੀਆਂ ਨੇ ਕਰੜਾ ਵਿਰੋਧ ਕਰਕੇ ਕਿੱਕਲੀ ਪਾ ਰਹੀ ਹਲਕਾ ਵਿਧਾਇਕ ਨੂੰ ਖਰੀਆਂ ਖਰੀਆਂ ਸੁਣਾ ਕੇ ਪੁਆਈ ਕਿੱਕਲੀ
ਜਗਰਾਉਂ, 25 ਜੁਲਾਈ (ਦੀਪਕ ਜੈਨ)– ਜਗਰਾਉਂ ਵਿੱਚ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਜਨਮ ਦਿਵਸ ਮੌਕੇ ਕੌਮਾਂਤਰੀ ਬਿਊਟੀ ਅਕੈਡਮੀ ਉਰੇਨ ਵੱਲੋਂ ਕਰਵਾਏ ਗਏ ਤੀਆਂ ਦੇ ਰੰਗਾਰੰਗ ਸਮਾਗਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਮੁੱਖ ਮਹਿਮਾਨ ਵਜੋਂ ਪ੍ਰਸਤਾਵਿਤ ਦੌਰਾ ਅਚਾਨਕ ਰੱਦ ਹੋ ਗਿਆ। ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਐਲਾਨੇ ਗਏ ਵਿਰੋਧ ਪ੍ਰਦਰਸ਼ਨ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦਾ ਦੌਰਾ ਮੁਲਤਵੀ ਹੋਣ ਦੀ ਗੱਲ ਸਾਹਮਣੇ ਆਈ।
ਸਨਮਤੀ ਸੇਵਾ ਮਾਰਤੀ ਸੰਘ, ਰਾਏਕੋਟ ਰੋਡ ਜਗਰਾਉਂ ਵਿਖੇ ਚੱਲ ਰਹੇ ਸਮਾਗਮ ਦੌਰਾਨ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਇਲੈਕਟ੍ਰੀਸ਼ਨ, ਪੰਪ ਆਪਰੇਟਰ ਅਤੇ ਵੱਖ-ਵੱਖ ਸਮਾਜਿਕ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਨਗਰ ਕੌਂਸਲ ਜਗਰਾਉਂ ਤੋਂ ਰੋਸ ਮਾਰਚ ਕਰਦੇ ਹੋਏ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਨਾਲ ਸਮਾਗਮ ਵਾਲੀ ਥਾਂ 'ਤੇ ਪਹੁੰਚੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟਾਇਆ।
ਯੂਨੀਅਨ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਨੂੰ ਦਫ਼ਤਰ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਵੱਡੀ ਗਿਣਤੀ ਵਿੱਚ ਪਹੁੰਚੇ ਸਫਾਈ ਸੇਵਕਾਂ ਅਤੇ ਯੂਨੀਅਨ ਆਗੂਆਂ ਨੇ ਇਕਜੁੱਟ ਹੋ ਕੇ ਉਨ੍ਹਾਂ ਨੂੰ ਬਾਹਰ ਲਿਆਇਆ। ਇਸ ਤੋਂ ਬਾਅਦ ਅਰੁਣ ਗਿੱਲ ਦੀ ਅਗਵਾਈ ਹੇਠ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ ਗਈ।
ਮਾਹੌਲ ਤਣਾਅਪੂਰਨ ਬਣਦਾ ਦੇਖ ਪੁਲਿਸ ਅਧਿਕਾਰੀਆਂ ਨੇ ਹਲਕਾ ਵਿਧਾਇਕ ਨੂੰ ਮੌਕੇ 'ਤੇ ਲਿਆ ਕੇ ਯੂਨੀਅਨ ਆਗੂਆਂ ਨਾਲ ਗੱਲਬਾਤ ਕਰਵਾਈ। ਇਸ ਦੌਰਾਨ ਸਫਾਈ ਸੇਵਕਾਂ ਨੇ ਹਲਕਾ ਵਿਧਾਇਕ ਨੂੰ ਮੰਗ ਪੱਤਰ ਸੌਂਪਦਿਆਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਖ਼ਤ ਨਾਰਾਜ਼ਗੀ ਜਤਾਈ। ਮਹਿਲਾ ਸਫਾਈ ਸੇਵਕਾਂ ਨੇ ਵੀ ਆਪਣੇ ਰੋਸ ਦਾ ਪ੍ਰਗਟਾਵਾ ਕਰਦਿਆਂ ਤੀਆਂ ਦੇ ਜਸ਼ਨਾਂ ਵਿਚਕਾਰ ਸਰਕਾਰ ਦੀ ਚੁੱਪੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਜਦੋਂ ਬਰਨਾਲਾ ਵਰਗੀਆਂ ਘਟਨਾਵਾਂ ਵਿੱਚ ਸਫਾਈ ਸੇਵਕਾਂ ਅਤੇ ਮਹਿਲਾਵਾਂ ਨਾਲ ਹੋਏ ਕਥਿਤ ਜ਼ੁਲਮਾਂ 'ਤੇ ਸਰਕਾਰ ਨੇ ਕੋਈ ਹਮਦਰਦੀ ਨਹੀਂ ਦਿਖਾਈ, ਤਾਂ ਅਜਿਹੇ ਜਸ਼ਨ ਪੀੜਤ ਪਰਿਵਾਰਾਂ ਦੇ ਜ਼ਖ਼ਮ ਹੋਰ ਹਰੇ ਕਰਦੇ ਹਨ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਬਰਨਾਲਾ ਮਾਮਲੇ ਵਿੱਚ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਸਫਾਈ ਸੇਵਕਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਵਿਰੋਧ ਪ੍ਰਦਰਸ਼ਨ ਦੌਰਾਨ ਸਮਾਗਮ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਰਿਹਾ ਅਤੇ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਗਈ।
ਇਸ ਮੌਕੇ ਇਸ ਵਿਰੋਧ ਪ੍ਰਦਰਸ਼ਨ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਸ਼ਹੀਦ ਊਧਮ ਸਿੰਘ ਟੈਕਸੀ ਸਟੈਂਡ ਤੋਂ ਸੱਤਨਾਮ ਸਿੰਘ, ਜਸਵਿੰਦਰ ਸਿੰਘ ਸਹੋਤਾ, ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਸ਼ਹਿਰੀ ਪ੍ਰਧਾਨ ਅਮਿਤ ਕਲਿਆਣ, ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਪ੍ਰੇਸ ਸਕੱਤਰ ਕੁਲਵੰਤ ਸਿੰਘ ਸਹੋਤਾ, ਫ਼ੂਡ ਐਂਡ ਅਲਾਈਡ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਮੇਸ਼ ਸਿੰਘ ਮੇਸ਼ੀ ਸਹੋਤਾ,ਰਾਜੇਇੰਦਰ ਸਿੰਘ ਸਿੱਧੂ ਗੈਸ ਸਰਵਿਸ, ਬੱਬਾ ਬਸੀ ਨੌਜਵਾਨ ਭਗਤ ਸਿੰਘ ਸਭਾ ਸਫਾਈ ਸੇਵਕ ਯੂਨੀਅਨ ਦੇ ਸਰਪ੍ਰਸਤ ਪ੍ਰਦੀਪ ਕੁਮਾਰ ਸੈਕਟਰੀ ਰਜਿੰਦਰ ਕੁਮਾਰ ਵਾਇਸ ਪ੍ਰਧਾਨ ਸਨੀ ਸੁੰਦਰ ਸੁਰਜੀਤ ਸਿੰਘ ਭਾਗਾ ਸਨਦੀਪ ਕੁਮਾਰ ਭੂਸ਼ਨ ਗਿੱਲ ਬਿਕਰਮ ਗਿੱਲ ਸੁਖਵਿੰਦਰ ਸਿੰਘ ਖੋਸਲਾ ਸੀਵਰ ਮੈਨ ਯੂਨੀਅਨ ਪ੍ਰਧਾਨ ਰਾਜ ਕੁਮਾਰ ਵਾਇਸ ਪ੍ਰਧਾਨ ਬਲਵਿੰਦਰ ਕਲਿਆਣ ਡਿੰਪਲ ਕੁਮਾਰ ਹਾਕਮ ਸਿੰਘ ਪੰਪ ਓਪਰੇਟਰ ਪ੍ਰਧਾਨ ਸੁਖਦੇਵ ਸਿੰਘ ਸ਼ਹਿਰੀ ਪ੍ਰਧਾਨ ਲਖਵੀਰ ਸਿੰਘ ਅਤੇ ਸਮੂਹ ਮਿਉਂਸਪਲ ਕਾਮੇਂ ਹਾਜ਼ਰ ਰਹੇ
- Download Babushahi App
-
-