ਬੱਸ ਕਿਰਾਏ ਦਾ ਪੈਸਾ ਕੈਸੀਨੋ ’ਚ ਰੋੜ੍ਹਿਆ
ਨਿਊਜ਼ੀਲੈਂਡ ਦੀ ਇਕ ਬੱਸ ਕੰਪਨੀ ’ਚ ਆਪਣੀ ਮਸ਼ੀਨ ਲਗਾ ਕੇ 2,43,000 ਡਾਲਰ ਠੱਗੀ-67 ਸਾਲਾ ਡ੍ਰਾਈਵਰ ਨੂੰ ਜੇਲ੍ਹ!
-ਠੱਗੀ ਇੰਨੀ ਸਫ਼ਲ ਰਹੀ ਕਿ ਉਸ ਨੇ 8 ਮਹੀਨਿਆਂ ਵਿੱਚ 11,500 ਤੋਂ ਵੱਧ ਵਾਰ ਅਜਿਹਾ ਕੀਤਾ।
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 25 ਜੁਲਾਈ 2026:-ਇਥੋਂ ਦੇ ਇੱਕ ਬੱਸ ਡਰਾਈਵਰ, ਜਿਸ ਨੇ ਲੰਬੇ ਸਮੇਂ ਤੱਕ ਇੱਕ ਚਲਾਕੀ ਭਰਪੂਰ ਠੱਗੀ ਦੀ ਯੋਜਨਾ ਬਣਾ ਕੇ ਆਪਣੇ ਮਾਲਕ ਨੂੰ 2 ਲੱਖ 43 ਹਜ਼ਾਰ ਡਾਲਰ ਦਾ ਚੂਨਾ ਲਗਾਇਆ, ਨੇ ਆਪਣੇ ਇਸ ਗਲਤ ਫੈਸਲੇ ਦਾ ਕਾਰਨ ਮੁਸਾਫਰਾਂ ਵੱਲੋਂ ਕੀਤੇ ਹਮਲਿਆਂ ਕਰਕੇ ਹੋਈ ਮਾਨਸਿਕ ਸਿਹਤ ਦੀ ਖਰਾਬੀ ਨੂੰ ਦੱਸਿਆ ਹੈ।
ਐਪਸਮ ਦੇ ਰਹਿਣ ਵਾਲੇ 67 ਸਾਲਾ ਲੋਗਾਨਾਥਨ ਮਨੀਕਮ ਪਿਲਈ ਨੇ ਪਿਛਲੇ ਹਫ਼ਤੇ ਸਜ਼ਾ ਸੁਣਾਏ ਜਾਣ ਦੌਰਾਨ ਓਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਜੱਜ ਅੱਗੇ ਰਹਿਮ ਦੀ ਅਪੀਲ ਕੀਤੀ। ਉਹ ਹੁਣ ਇੱਕ ਪੈਨਸ਼ਨਰ ਹੈ ਜੋ ਗੁਜ਼ਾਰਾ ਕਰਨ ਲਈ ਅੰਸ਼ਕ ਸਮੇਂ ਲਈ ਊਬਰ ਚਲਾਉਂਦਾ ਹੈ। ਉਸ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਆਪਣੇ ‘ਕੀਵੀਸੇਵਰ’ ਬੱਚਤ ਖਾਤੇ ਵਿੱਚੋਂ 25,000 ਡਾਲਰ ਨਕਦ ਅਤੇ ਬਾਅਦ ਵਿੱਚ 2,000 ਪ੍ਰਤੀ ਮਹੀਨਾ ਰਿਚੀਜ਼ ਕੰਪਨੀ ਨੂੰ ਮੋੜਨ ਲਈ ਤਿਆਰ ਹੈ। ਵਕੀਲ ਨੇ ਸਜ਼ਾ ਵਿੱਚ 70% ਦੀ ਛੋਟ ਦੀ ਮੰਗ ਕੀਤੀ ਤਾਂ ਕਿ ਉਸ ਦੇ ਮੁਵੱਕਿਲ ਨੂੰ ਜੇਲ੍ਹ ਨਾ ਜਾਣਾ ਪਵੇ।
ਪਰ ਜੱਜ ਕੇਵਿਨ ਗਲੱਬ ਨੇ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਅਦਾਲਤ ’ਚ ਆਪਣੇ ਆਖਰੀ ਦਿਨ ਇਸ ਪੇਸ਼ਕਸ਼ ਨੂੰ ਗੈਰ-ਯਥਾਰਥਵਾਦੀ ਅਤੇ ਬਿਲਕੁਲ ਅਵਿਸ਼ਵਾਸਯੋਗ ਕਰਾਰ ਦਿੱਤਾ, ਖਾਸ ਕਰਕੇ ਇਹ ਦੇਖਦੇ ਹੋਏ ਕਿ ਪਿਲਈ ਨੇ ਚੋਰੀ ਕੀਤਾ ਸਾਰਾ ਪੈਸਾ ‘ਸਕਾਈਸਿਟੀ ਕੈਸੀਨੋ’ ਜੂਏ ਵਿੱਚ ਉਡਾ ਦਿੱਤਾ ਸੀ।
ਜੱਜ ਨੇ ਮੁਆਵਜ਼ਾ ਭਰਨ ਦੀ ਸ਼ਰਤ ਨੂੰ ਖਾਰਜ ਕਰਦਿਆਂ ਉਸ ਨੂੰ ਜੇਲ੍ਹ ਦੀ ਸਜ਼ਾ ਸੁਣਾਈ। ਜੱਜ ਨੇ ਸੁਝਾਅ ਦਿੱਤਾ ਕਿ ਜੇਕਰ ਪਿਲਈ ਜੇਲ੍ਹ ਤੋਂ ਬਾਅਦ ਰਿਚੀਜ਼ ਕੰਪਨੀ ਨਾਲ ਸੰਪਰਕ ਕਰਕੇ ਆਪਣੀ ਮਰਜ਼ੀ ਨਾਲ ਪੈਸੇ ਮੋੜਨਾ ਚਾਹੇ ਤਾਂ ਕਰ ਸਕਦਾ ਹੈ, ਪਰ ਉਹ ਇਸ ਨੂੰ ਸਜ਼ਾ ਘਟਾਉਣ ਦਾ ਵੱਡਾ ਆਧਾਰ ਨਹੀਂ ਮੰਨਦੇ।
ਪਿਲਈ, ਜੋ ਆਪਣੀ ਜ਼ਿੰਦਗੀ ਦੇ ਜ਼ਿਆਦਾਤਰ ਹਿੱਸੇ ਵਿੱਚ ਬੱਸ ਅਤੇ ਟੈਕਸੀ ਡਰਾਈਵਰ ਰਿਹਾ ਸੀ, ਨੂੰ 2024 ਵਿੱਚ ਰਿਚੀਜ਼ ਕੰਪਨੀ ਦੁਆਰਾ ਸਕਾਈ ਡਰਾਈਵ ਰੂਟ ’ਤੇ ਬੱਸ ਚਲਾਉਣ ਲਈ ਦਿਹਾੜੀਦਾਰ ਵਰਕਰ ਵਜੋਂ ਰੱਖਿਆ ਗਿਆ ਸੀ। 20 ਡਾਲਰ ਦੇ ਇੱਕ ਸਵਾਰੀ ਕਿਰਾਏ ਨਾਲ ਇਹ ਬੱਸਾਂ ਸ਼ਹਿਰ ਦੇ ਕੇਂਦਰ ’ਚ ਸਕਾਈਸਿਟੀ ਅਤੇ ਔਕਲੈਂਡ ਏਅਰਪੋਰਟ ਵਿਚਕਾਰ ਚੱਲਦੀਆਂ ਹਨ।
ਪਿਛਲੇ ਸਾਲ ਫਰਵਰੀ ਵਿੱਚ, ਪਿਲਈ ਨੇ ਆਪਣੀ ਖੁਦ ਦੀ ਕਾਰਡ ਸਵਾਈਪ ਮਸ਼ੀਨ ਖਰੀਦ ਲਈ। ਉਸ ਨੇ ਇਸ ਨੂੰ ਸਕਾਈ ਡ੍ਰਾਈਵ ਦੇ ਨਾਂਅ ’ਤੇ ਰਜਿਸਟਰ ਕਰਵਾਇਆ, ਪਰ ਸਾਰੀ ਕਮਾਈ ਉਸ ਦੇ ਨਿੱਜੀ ਬੈਂਕ ਖਾਤੇ ਵਿੱਚ ਜਾਂਦੀ ਸੀ। ਇਹ ਠੱਗੀ ਇੰਨੀ ਸਫ਼ਲ ਰਹੀ ਕਿ ਉਸ ਨੇ 8 ਮਹੀਨਿਆਂ ਵਿੱਚ 11,500 ਤੋਂ ਵੱਧ ਵਾਰ ਅਜਿਹਾ ਕੀਤਾ।
ਉਹ ਉਦੋਂ ਫੜਿਆ ਗਿਆ ਜਦੋਂ ਇੱਕ ਗਾਹਕ ਨੇ ਜ਼ਿਆਦਾ ਪੈਸੇ ਕੱਟੇ ਜਾਣ ਦੀ ਸ਼ਿਕਾਇਤ ਕੀਤੀ ਅਤੇ ਕੰਪਨੀ ਨੂੰ ਉਸ ਲੈਣ-ਦੇਣ ਦਾ ਕੋਈ ਰਿਕਾਰਡ ਨਹੀਂ ਮਿਲਿਆ। ਗਾਹਕ ਨੇ ਰਸੀਦ ਦਿੱਤੀ, ਜਿਸ ਤੋਂ ਜਾਂਚ ਦੌਰਾਨ ਪਤਾ ਲੱਗਾ ਕਿ ਮਸ਼ੀਨ ਪਿਲਈ ਦੀ ਸੀ।
ਪਿਛਲੇ ਹਫ਼ਤੇ ਸੁਣਵਾਈ ਦੌਰਾਨ ਪਿਲਈ ਦੇ ਵਕੀਲ ਨੇ ਕਿਹਾ ਕਿ ਉਸ ਦਾ ਮੁਵੱਕਿਲ ਸ਼ਰਮਿੰਦਾ ਹੈ, ਹਾਲਾਂਕਿ ਰਿਪੋਰਟਾਂ ਵਿੱਚ ਉਸ ਦੇ ਰਵੱਈਏ ’ਤੇ ਸਵਾਲ ਚੁੱਕੇ ਗਏ ਸਨ। ਵਕੀਲ ਨੇ ਦੱਸਿਆ ਕਿ ਪਿਲਈ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ।
ਜੱਜ ਗਲੱਬ ਨੇ ਨੋਟ ਕੀਤਾ ਕਿ ਪਿਲਈ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਉਸ ਨੂੰ ਜੂਏ ਦੀ ਆਦਤ ਨਹੀਂ ਹੈ, ਬਲਕਿ ਕੰਮ ਦੌਰਾਨ ਹੋਏ ਹਮਲਿਆਂ ਤੋਂ ਮਾਨਸਿਕ ਸਦਮਾ ਪਹੁੰਚਿਆ ਸੀ। ਪਿਲਈ ਨੂੰ ਧੋਖਾਧੜੀ ਦੇ ਦੋਸ਼ ਹੇਠ 7 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਸੀ। ਬਚਾਅ ਪੱਖ ਦੇ ਵਕੀਲ ਨੇ ਘੱਟ ਸਜ਼ਾ ਦੀ ਮੰਗ ਕੀਤੀ ਸੀ, ਪਰ ਜੱਜ ਨੇ ਪੁਲਿਸ ਦੁਆਰਾ ਸੁਝਾਈ ਗਈ 42 ਮਹੀਨਿਆਂ ਦੀ ਸ਼ੁਰੂਆਤੀ ਸਜ਼ਾ ਵਿੱਚੋਂ 35% ਦੀ ਛੋਟ ਦਿੰਦੇ ਹੋਏ ਉਸ ਨੂੰ 2 ਸਾਲ ਅਤੇ 3 ਮਹੀਨੇ ਜੇਲ੍ਹ ਦੀ ਅੰਤਿਮ ਸਜ਼ਾ ਸੁਣਾਈ।
ਜੱਜ ਗਲੱਬ ਨੇ ਕਿਹਾ ਕਿ ਇੰਨੀ ਵੱਡੀ ਚੋਰੀ ਲਈ ਬਹੁਤ ਯੋਜਨਾਬੰਦੀ ਕੀਤੀ ਗਈ ਸੀ ਅਤੇ ਪਿਲਈ ਨੇ ਆਪਣੇ ਮਾਲਕ ਦੇ ਭਰੋਸੇ ਨੂੰ ਬੁਰੇ ਤਰੀਕੇ ਨਾਲ ਤੋੜਿਆ ਹੈ।
- Download Babushahi App
-
-