ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਪ੍ਰਸਿੱਧ ਵਲੌਗਰ ਨਵਦੀਪ ਸਿੰਘ ਬਰਾੜ ਦਾ ਵਿਸ਼ੇਸ਼ ਸਨਮਾਨ
-ਲਵ ਪੰਜਾਬ ਰੈਸਟੋਰੈਂਟ ਵਿਖੇ ਰਾਤਰੀ ਭੋਜ ’ਤੇ ਹੋਈ ਚਰਚਾ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 24 ਜੁਲਾਈ 2026:-ਨਿਊਜ਼ੀਲੈਂਡ ਦੇ ਖੇਡ ਅਤੇ ਸੱਭਿਆਚਾਰਕ ਖੇਤਰ ਵਿੱਚ ਸਰਗਰਮ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਮਨੂਰੇਵਾ ਸਥਿਤ ਲਵ ਪੰਜਾਬ ਰੈਸਟੋਰੈਂਟ ਵਿਖੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਨੋਰਥ ਵਿਸ਼ਵ ਪ੍ਰਸਿੱਧ ਪੰਜਾਬੀ ਯੂ ਟਿਊਬਰ ਅਤੇ ਟਰੈਵਲ ਵਲੌਗਰ ਸਰਦਾਰ ਨਵਦੀਪ ਸਿੰਘ ਬਰਾੜ ਦੇ ਨਿਊਜ਼ੀਲੈਂਡ ਪੁੱਜਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕਰਨਾ ਅਤੇ ਉਨ੍ਹਾਂ ਦੀਆਂ ਵਿਸ਼ਵ ਪੱਧਰੀ ਪ੍ਰਾਪਤੀਆਂ ਲਈ ਉਚੇਚਾ ਸਨਮਾਨ ਕਰਨਾ ਸੀ। ਇਸ ਮੌਕੇ ਭਾਈਚਾਰੇ ਦੀਆਂ ਮੋਹਤਬਰ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਪ੍ਰਧਾਨ ਜਗਦੀਪ ਸਿੰਘ ਵੜੈਚ ਵੱਲੋਂ
‘ਜੀ ਆਇਆਂ ਨੂੰ’
ਸਮਾਗਮ ਦੀ ਸ਼ੁਰੂਆਤ ਵਿੱਚ ਮਾਲਵਾ ਕਲੱਬ ਦੇ ਪ੍ਰਧਾਨ ਮਿਸਟਰ ਜਗਦੀਪ ਸਿੰਘ ਵੜੈਚ ਨੇ ਨਵਦੀਪ ਸਿੰਘ ਬਰਾੜ ਅਤੇ ਆਈਆਂ ਸਭ ਸ਼ਖ਼ਸੀਅਤਾਂ ਦਾ ਨਿੱਘਾ ਸਵਾਗਤ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਨਵਦੀਪ ਬਰਾੜ ਵੱਲੋਂ ਕੀਤੀਆਂ 100 ਤੋਂ ਵੱਧ ਦੇਸ਼ਾਂ ਦੀਆਂ ਲੰਮੀਆਂ ਅਤੇ ਇਤਿਹਾਸਕ ਯਾਤਰਾਵਾਂ ਬਾਰੇ ਸੰਖੇਪ ਵੇਰਵਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਨਵਦੀਪ ਬਰਾੜ ਦਾ ਇਹ ਸਫ਼ਰ ਨਾ ਕੇਵਲ ਮਨੋਰੰਜਕ ਹੈ, ਸਗੋਂ ਦੁਨੀਆ ਭਰ ਦੇ ਇਤਿਹਾਸ, ਭੂਗੋਲ ਅਤੇ ਵੱਖ ਵੱਖ ਸੱਭਿਆਚਾਰਾਂ ਬਾਰੇ ਬਹੁਤ ਹੀ ਮਹੱਤਵਪੂਰਨ ਤੇ ਗਿਆਨਵਰਧਕ ਜਾਣਕਾਰੀ ਪ੍ਰਦਾਨ ਕਰਦਾ ਹੈ। ਸ. ਮਨਜੀਤ ਸਿੰਘ ਬਾਠ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਮਾਗਮ ਹੋ ਸਕਿਆ, ਉਨ੍ਹਾਂ ਦਾ ਵੀ ਧੰਨਵਾਦ ਕੀਤਾ ਗਿਆ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਤਰਫ਼ ਤੋਂ ਪਹੁੰਚੇ ਸ. ਦਲਜੀਤ ਸਿੰਘ ਸਿੱਧੂ, ਲਵ ਪੰਜਾਬ ਵਾਲੇ ਸ. ਸੁੱਖਪਾਲ ਸਿੰਘ ਕੁੱਕੂ ਮਾਨ ਅਤੇ ਹਾਜ਼ਿਰ ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ ਗਿਆ।
ਪੰਜਾਬ ਦੀ ਮੌਜੂਦਾ ਸਥਿਤੀ ਤੇ ਵਿਚਾਰ ਵਟਾਂਦਰਾ
ਇਸ ਤੋਂ ਬਾਅਦ ਮਿਸਟਰ ਕਾਕੂ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਦੌਰਾਨ ਪੰਜਾਬ ਦੀ ਮੌਜੂਦਾ ਸਮਾਜਿਕ ਤੇ ਆਰਥਿਕ ਸਥਿਤੀ ਤੇ ਚਾਨਣਾ ਪਾਇਆ ਅਤੇ ਪ੍ਰਵਾਸੀ ਭਾਈਚਾਰੇ ਨੂੰ ਆਪਣੇ ਮੂਲ ਨਾਲ ਜੁੜੇ ਰਹਿਣ ਅਤੇ ਪੰਜਾਬ ਦੀ ਬਿਹਤਰੀ ਲਈ ਮਿਲ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ।
ਹਰਜਿੰਦਰ ਸਿੰਘ ਬਸੀਆਲਾ ਵੱਲੋਂ ਕਾਵਿਕ ਅੰਦਾਜ਼ ਵਿੱਚ
ਜੀ ਆਇਆਂ ਨੂੰ
ਸਮਾਗਮ ਦੌਰਾਨ ਸ. ਹਰਜਿੰਦਰ ਸਿੰਘ ਬਸੀਆਲਾ ਨੇ ਆਪਣੀਆਂ ਦੋ ਖ਼ੂਬਸੂਰਤ ਕਵਿਤਾਵਾਂ ਪੇਸ਼ ਕਰਕੇ ਸਮਾਂ ਨੂੰ ਹੋਰ ਖੂਬਸੂਰਤ ਬਣਾਇਆ। ਮਾਲਵਾ ਕਲੱਬ ਦੀਆਂ ਪ੍ਰਾਪਤੀਆਂ: ਪਹਿਲੀ ਕਵਿਤਾ ਵਿੱਚ ਸਨ 2009 ਤੋਂ ਕਾਰਜਸ਼ੀਲ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀਆਂ ਖੇਡਾਂ, ਸੱਭਿਆਚਾਰਕ ਮੇਲਿਆਂ, ਖ਼ੂਨ ਦਾਨ ਕੈਂਪਾਂ, ਡਾਇਲਸਿਸ ਮਸ਼ੀਨਾਂ ਦੀ ਸੇਵਾ ਅਤੇ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਵਰਗੇ ਸਮਾਜ ਸੇਵੀ ਕਾਰਜਾਂ ਦਾ ਜ਼ਿਕਰ ਕੀਤਾ ਗਿਆ।
ਸਫ਼ਰਨਾਮਾ ਨਵਦੀਪ ਸਿੰਘ ਬਰਾੜ: ਦੂਜੀ ਕਵਿਤਾ ਸਫ਼ਰਨਾਮਾ ਨਵਦੀਪ ਸਿੰਘ ਬਰਾੜ ਰਾਹੀਂ ਉਨ੍ਹਾਂ ਦੇ ਜੰਡਵਾਲਾ ਖਰਤਾ ਪੰਜਾਬ ਤੋਂ ਸ਼ੁਰੂ ਹੋ ਕੇ ਅੰਟਾਰਕਟਿਕਾ, ਯੂਕਰੇਨ, ਅਫ਼ਗਾਨਿਸਤਾਨ ਅਤੇ ਨਿਊਜ਼ੀਲੈਂਡ ਤੱਕ ਦੇ ਸਾਹਸਪੂਰਨ ਸਫ਼ਰ, ਦਸਤਾਰ ਦੀ ਸ਼ਾਨ ਅਤੇ ਜਜ਼ਬੇ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਨਵਦੀਪ ਸਿੰਘ ਬਰਾੜ ਦੇ ਅਨੁਭਵ ਅਤੇ ਯਾਤਰਾ ਦੀਆਂ ਚੁਣੌਤੀਆਂ
ਆਪਣੇ ਧੰਨਵਾਦੀ ਭਾਸ਼ਣ ਵਿੱਚ ਨਵਦੀਪ ਸਿੰਘ ਬਰਾੜ ਨੇ ਆਪਣੇ ਵਲੌਗਿੰਗ ਸਫ਼ਰ ਦੀ ਸ਼ੁਰੂਆਤ, ਵੱਖ ਵੱਖ ਮੁਲਕਾਂ ਦੇ ਖੱਟੇ ਮਿੱਠੇ ਤਜਰਬਿਆਂ ਅਤੇ ਯਾਤਰਾ ਦੌਰਾਨ ਆਈਆਂ ਔਕੜਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਖ਼ਤਰਨਾਕ ਅਤੇ ਯੁੱਧ ਗ੍ਰਸਤ ਦੇਸ਼ਾਂ ਵਿੱਚ ਜਾ ਕੇ ਵੀਡੀਓਜ਼ ਰਿਕਾਰਡ ਕੀਤੀਆਂ। ਇਸ ਤੋਂ ਇਲਾਵਾ, ਉਨ੍ਹਾਂ ਨੇ ਵਿਦੇਸ਼ੀ ਧਰਤੀ ਤੇ ਦਸਤਾਰ ਪੱਗ ਨਾਲ ਜੁੜੇ ਆਪਣੇ ਖ਼ਾਸ ਅਨੁਭਵ, ਲੋਕਾਂ ਦੇ ਨਜ਼ਰੀਏ ਅਤੇ ਚੁਣੌਤੀਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ, ਜਿਸ ਨੂੰ ਸਭ ਨੇ ਬਹੁਤ ਧਿਆਨ ਨਾਲ ਸੁਣਿਆ। ਕੁਝ ਪ੍ਰਸ਼ਨ-ਉਤਰ ਵੀ ਉਨ੍ਹਾਂ ਨਾਲ ਸਾਂਝੇ ਹੋਏ ਅਤੇ ਹੋਰ ਚਰਚਾਵਾਂ ਵੀ ਹੋਈਆਂ। ਪੰਜਾਬੀਆਂ ਦੀ ਮੌਜੂਦਗੀ ਲਗਪਗ 70 ਦੇਸ਼ਾਂ ਦੇ ਵਿਚ ਹੋਣ ਉਤੇ ਉਨ੍ਹਾਂ ਬਹੁਤ ਖੁਸ਼ੀ ਪ੍ਰਗਟ ਕੀਤੀ। ਇਹ ਗੱਲ ਵੀ ਸਾਂਝੀ ਕੀਤੀ ਕਿ ਜਿਥੇ 4-5 ਪਰਿਵਾਰ ਹੀ ਰਹਿੰਦੇ ਹਨ, ਉਥੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ।
ਯਾਦਗਾਰੀ ਚਿੰਨ੍ਹ ਨਾਲ ਸਨਮਾਨ
ਸਮਾਗਮ ਦੇ ਅਖੀਰ ਵਿੱਚ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਪ੍ਰਬੰਧਕਾਂ ਅਤੇ ਅਹੁਦੇਦਾਰਾਂ ਵੱਲੋਂ ਨਵਦੀਪ ਸਿੰਘ ਬਰਾੜ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਪੰਜਾਬੀਅਤ ਦਾ ਨਾਂ ਰੋਸ਼ਨ ਕਰਨ ਲਈ ਇੱਕ ਬਹੁਤ ਹੀ ਖ਼ੂਬਸੂਰਤ ਯਾਦਗਾਰੀ ਚਿੰਨ੍ਹ ਮੋਮੈਂਟੋ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਨਿਊਜ਼ੀਲੈਂਡ ਸਿੱਖ ਖੇਡਾਂ ਲਈ ਸੱਦਾ:
ਸ. ਦਲਜੀਤ ਸਿੰਘ ਸਿੱਧੂ ਪ੍ਰਧਾਨ ਨਿਊਜ਼ੀਲੈਂਡ ਸਿੱਖ ਖੇਡਾਂ ਕਮੇਟੀ, ਵੱਲੋਂ ਉਨ੍ਹਾਂ ਨੂੰ ਨਵੰਬਰ ਮਹੀਨੇ ਆ ਰਹੀਆਂ 8ਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ਗਿਆ।
- Download Babushahi App
-
-