ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੰਤਰ-ਮੰਤਰ ’ਤੇ ਧਰਨੇ ਵਿੱਚ ਸ਼ਾਮੂਲੀਅਤ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 24 ਜੁਲਾਈ 2026 : ‘ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ)’ ਨੇ ਐਲਾਨ ਕੀਤਾ ਹੈ ਕਿ ਉਹ ਜੰਤਰ-ਮੰਤਰ ਵਿਖੇ ਚੱਲ ਰਹੇ ਧਰਨੇ ਦਾ ਸਮਰਥਨ ਕਰਨ ਲਈ 27 ਜੁਲਾਈ ਨੂੰ ਦਿੱਲੀ ਵੱਲ ਕੂਚ ਕਰੇਗੀ। ਜਥੇਬੰਦੀ ਅਨੁਸਾਰ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਦਿੱਤੇ ਗਏ ਸੱਦੇ ਦੇ ਜਵਾਬ ਵਿੱਚ ਉਹ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਅੱਜ ਇੱਥੇ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਹਾਜ਼ਰੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਥੇਬੰਦੀ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਦੇਰੀ ਨਾਲ ਕਦਮ ਚੁੱਕ ਰਹੀ ਹੈ, ਪਰ ਹੁਣ ਉਹ ਇਸ ਸੰਘਰਸ਼ ਨੂੰ ਪੂਰਾ ਸਮਰਥਨ ਦੇਵੇਗੀ। ਉਨ੍ਹਾਂ ਕਿਹਾ, “ਅਸੀਂ ਪਹਿਲਾਂ ਹੀ ਦੇਰ ਕਰ ਚੁੱਕੇ ਹਾਂ ਅਤੇ ਹੁਣ ਤੱਕ ਪ੍ਰਦਰਸ਼ਨ ਤੋਂ ਦੂਰ ਰਹੇ ਹਾਂ, ਪਰ ਹੁਣ ਅਸੀਂ ਦਿੱਲੀ ਜ਼ਰੂਰ ਜਾਵਾਂਗੇ।”ਉਹਨਾਂ ਕਿਹਾ ਕਿ ਦੇਸ਼ ਦੇ ਵਿਦਿਆਰਥੀ ਸਿਰਫ ਟੈਸਟਾਂ ਦੇ ਘਪਲਿਆਂ ਤੋਂ ਹੀ ਪੀੜਿਤ ਨਹੀਂ ਹਨ ਸਗੋਂ ਅਤਿ ਮਹਿੰਗੀ ਹੋ ਚੁੱਕੀ ਸਿੱਖਿਆ ਤੇ ਭਾਰੀ ਬੇਰੁਜ਼ਗਾਰੀ ਦੀ ਤਿੱਖੀ ਮਾਰ ਹੰਢਾ ਰਹੇ ਹਨ।
ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਸਿੱਖਿਆ ਦਾ ਖੇਤਰ ਇੱਕ ਵੱਡੇ ਵਪਾਰ ਚ ਤਬਦੀਲ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਜਥੇਬੰਦੀ ਵਿਦਿਆਰਥੀਆਂ ਵੱਲੋਂ ਰੱਖੀਆਂ ਜਾ ਰਹੀਆਂ ਮੰਗਾਂ ਦੀ ਹਮਾਇਤ ਕਰਦਿਆਂ ਪ੍ਰਾਈਵੇਟ ਕੋਚਿੰਗ ਸੈਂਟਰਾਂ ਦੇ ਵਪਾਰਕ ਕਾਰੋਬਾਰ ਨੂੰ ਬੰਦ ਕਰਨ, ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤੇ ਭਗਵੇਂਕਰਨ ਦੀ ਨੀਤੀ ਨੂੰ ਰੱਦ ਕਰਨ, ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਤੇ ਰੁਜ਼ਗਾਰ ਮੁਖੀ ਆਰਥਿਕਤਾ ਉਸਾਰਨ ਦੀ ਮੰਗ ਵੀ ਉਭਾਰੇਗੀ। ਉਹਨਾਂ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਮਿਹਨਤਕਸ਼ ਵਰਗਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਸ ਕਾਫ਼ਲੇ ਵਿੱਚ ਸ਼ਾਮਿਲ ਹੋ ਕੇ ਇਸ ਨੂੰ ਹੋਰ ਵਿਸ਼ਾਲ ਕਰਨ ਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਵਿੱਚ ਨਿਤਰ ਕੇ ਆਪਣਾ ਫ਼ਰਜ਼ ਅਦਾ ਕਰਨ।
ਉਗਰਾਹਾਂ ਨੇ ਦੱਸਿਆ ਕਿ ਰਾਜਧਾਨੀ ਲਈ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਜਲਦ ਹੀ ਆਪਣੇ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਵੇਗੀ, ਜਿਸ ਵਿੱਚ ਵਰਕਰਾਂ ਦੇ ਇਕੱਠੇ ਹੋਣ ਦੀ ਥਾਂ ਅਤੇ ਸਮਾਂ ਤੈਅ ਕੀਤਾ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਅਤੇ ਸਰਕਾਰ ਨੂੰ ਇਹਨਾਂ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ।ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਸਭ ਹੱਦਾਂ ਪਾਰ ਕਰ ਚੁੱਕੀ ਹੈ। ਉਨ੍ਹਾਂ ਸਿੱਖਿਆ ਦੇ ਲਗਾਤਾਰ ਮਹਿੰਗੇ ਹੋਣ ਅਤੇ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਬਾਰ-ਬਾਰ ਵਾਪਰ ਰਹੀਆਂ ਘਟਨਾਵਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ। ਉਗਰਾਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਇਹ ਅਜਿਹੇ ਗੰਭੀਰ ਮੁੱਦੇ ਹਨ ਜਿਨ੍ਹਾਂ ਨੂੰ ਹੁਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।ਇਸ ਮੌਕੇ ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ ਤੇ ਹਰਿੰਦਰ ਕੌਰ ਬਿੰਦੂ ਵੀ ਹਾਜ਼ਰ ਸਨ।
- Download Babushahi App
-
-