ਬਰਨਾਲਾ ਦੇ ਮਹਿਲ ਕਲਾ ਵੱਲ ਟੋਲ ਪਲਾਜ਼ਾ 'ਤੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਗੋਲੀਆਂ
ਦੋ ਰੌਂਦ ਫਾਇਰਿੰਗ ਤੋਂ ਬਾਅਦ 2 ਕਾਬੂ, ਪਿਸਤੌਲਾਂ ਅਤੇ ਵਰਨਾ ਕਾਰ ਬਰਾਮਦ
Kamaljit Singh/ ਬਾਬੂਸ਼ਾਹੀ ਬਿਊਰੋ
ਬਰਨਾਲਾ, 21 ਜੁਲਾਈ (2026): ਪੰਜਾਬ ਵਿੱਚ ਗੈਂਗਸਟਰਵਾਦ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਰਨਾਲਾ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਸਥਿਤ ਮਹਿਲ ਕਲਾ ਟੋਲ ਪਲਾਜ਼ਾ 'ਤੇ ਬਰਨਾਲਾ ਪੁਲਿਸ, ਸੀਆਈਏ (CIA) ਸਟਾਫ਼ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਸਵੇਰੇ ਲਗਭਗ 5:30 ਵਜੇ ਲਗਾਏ ਵਿਸ਼ੇਸ਼ ਨਾਕੇ ਦੌਰਾਨ ਪੁਲਿਸ ਅਤੇ ਕਾਰ ਸਵਾਰ ਗੈਂਗਸਟਰਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਦੋ ਰੌਂਦ ਫਾਇਰਿੰਗ ਤੋਂ ਬਾਅਦ ਪੁਲਿਸ ਨੇ ਦੋ ਅਪਰਾਧੀਆਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਅਧਿਕਾਰੀਆਂ ਅਨੁਸਾਰ ਜਦੋਂ ਸਫ਼ੇਦ ਰੰਗ ਦੀ ਵਰਨਾ ਕਾਰ (Verna Car) ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਤਾਂ ਕਾਰ ਵਿੱਚ ਬੈਠੇ ਵਿਅਕਤੀ ਨੇ ਪੁਲਿਸ ਟੀਮ 'ਤੇ ਦੋ ਰੌਂਦ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਤੁਰੰਤ ਕਾਰਵਾਈ ਦੌਰਾਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੱਡ ਵਿੱਚ ਜਾ ਡਿੱਗੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਦੋਵਾਂ ਦੋਸ਼ੀਆਂ ਨੂੰ ਦਬੋਚ ਲਿਆ।
ਫੜੇ ਗਏ ਦੋਸ਼ੀਆਂ ਦੀ ਪਛਾਣ ਬਰਨਾਲਾ ਦੇ ਪਿੰਡ ਬਖ਼ਤਗੜ੍ਹ ਦੇ ਰਹਿਣ ਵਾਲੇ ਕੁਖਿਆਤ ਗੈਂਗਸਟਰ ਅਰਸਦੀਪ ਸਿੰਘ ਅਰਫ਼ ਅਰਸੀ ਅਤੇ ਉਸ ਦੇ ਸਾਥੀ ਗੁਰਸਰਨ ਸਿੰਘ (ਵਾਸੀ ਪਿੰਡ ਰੋਤਾ, ਥਾਣਾ ਨਿਹਾਲ ਸਿੰਘ ਵਾਲਾ, ਮੋਗਾ) ਵਜੋਂ ਹੋਈ ਹੈ। ਅਰਸਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ ਅਤੇ ਲੰਮੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ: ਇੱਕ 30mm ਪਿਸਤੌਲ, ਇੱਕ .32 ਬੋਰ ਪਿਸਤੌਲ, ਵਾਰਦਾਤ ਵਿੱਚ ਵਰਤੀ ਗਈ ਵਰਨਾ ਕਾਰ ਬਰਾਮਦ ਕੀਤੀ ਹੈ।
ਬਰਨਾਲਾ ਦੇ DSP ਸਤਵਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ 'ਤੇ ਫੋਰੈਂਸਿਕ ਟੀਮ (Forensic Team) ਨੂੰ ਬੁਲਾ ਕੇ ਸਬੂਤ ਇਕੱਠੇ ਕੀਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਜਾਂਚ ਅੱਗੇ ਵਧਣ ਨਾਲ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-