ਸਤਲੁਜ ਫਿਲਮ ਵਿੱਚ ਦਿਖਾਈਆਂ ਘਟਨਾਵਾਂ ਸਬੂਤਾਂ ਅਧਾਰਤ ਸੱਚ ਹਨ - ਐਡਵੋਕੇਟ ਅਸ਼ੋਕ ਅੱਗਰਵਾਲ।
*ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਨਾਲ ਜੁੜੀਆਂ ਅਹਿਮ ਸਖਸ਼ੀਅਤਾਂ ਪਹੁੰਚੀਆ ਮੋਗਾ
*ਸਤਲੁਜ ਫਿਲਮ ਦਾ ਕੀਤਾ ਗਿਆ ਪ੍ਰਦਰਸਨ
ਬਾਬੂਸ਼ਾਹੀ ਬਿਊਰੋ
ਮੋਗਾ 20 ਜੁਲਾਈ ( ਗਿਆਨ ਸਿੰਘ) ਸਤਲੁਜ ਫਿਲਮ ਵਿੱਚ ਦਿਖਾਈਆਂ ਗਈਆਂ ਘਟਨਾਵਾਂ ਮਾਨਯੋਗ ਅਦਾਲਤ ਵਿੱਚ ਪੇਸ਼ ਹੋਏ ਸਬੂਤਾਂ ਤੇ ਅਧਾਰਿਤ ਸੱਚ ਹਨ , ਅਸਲ ਸੱਚ ਪਤਾ ਕਰਨ ਦੀ ਕਿਸੇ ਸਰਕਾਰ, ਅਦਾਲਤਾਂ ਜਾਂ ਜਾਂਚ ਏਜੰਸੀਆਂ ਨੇ ਕੋਸ਼ਿਸ਼ ਹੀ ਨਹੀਂ ਕੀਤੀ। ਅਦਾਲਤ ਵਿੱਚ ਕੇਸ ਸਿਰਫ ਤਿੰਨ ਸ਼ਮਸ਼ਾਨਘਾਟਾਂ ਨੂੰ ਆਧਾਰ ਬਣਾ ਕੇ ਲੜਿਆ ਗਿਆ, ਹੋਰ ਸ਼ਮਸ਼ਾਨਘਾਟਾਂ ਜਾਂ ਨਹਿਰਾਂ ਵਿੱਚ ਵਹਾਈਆਂ ਲਾਸ਼ਾਂ ਦੀ ਕੋਈ ਜਾਂਚ ਨਹੀਂ ਹੋਈ, ਇਸ ਲਈ 25000 ਲਾਵਾਰਿਸ ਲਾਸ਼ਾਂ ਦੀ ਗਿਣਤੀ ਇੱਕ ਅੰਦਾਜ਼ਨ ਗਿਣਤੀ ਹੈ। ਅਸਲ ਗਿਣਤੀ ਇਸ ਤੋਂ ਵੱਧ ਜਾਂ ਘੱਟ ਹੋ ਸਕਦੀ ਹੈ। ਇਹ ਫਿਲਮ ਸਿਰਫ ਮਨੁੱਖੀ ਅਧਿਕਾਰਾਂ ਦੇ ਘਾਣ ਤੇ ਕੇੰਦਰਿਤ ਹੈ, ਕਿਸੇ ਵੀ ਧਰਮ ਦੇ ਹੱਕ ਜਾਂ ਵਿਰੋਧ ਵਿੱਚ ਪ੍ਰਚਾਰ ਨਹੀਂ ਕਰਦੀ, ਜਿਵੇਂ ਕੁੱਝ ਰਾਜਨੀਤਿਕ ਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜਸਵੰਤ ਸਿੰਘ ਖਾਲੜਾ ਦਾ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਸ ਦੀ ਪੈਰਵਾਈ ਕਰਨ ਵਾਲੇ ਉਘੇ ਵਕੀਲ ਤੇ ਸਤਲੁਜ ਫਿਲਮ ਦੇ ਪਾਤਰ ਐਡਵੋਕੇਟ ਅਸ਼ੋਕ ਅੱਗਰਵਾਲ ਨੇ ਸਿਵਲ ਸੁਸਾਇਟੀ ਮੋਗਾ ਵੱਲੋਂ ਆਪਸੀ ਸਦਭਾਵਨਾ ਨੂੰ ਮਜਬੂਤ ਕਰਨ ਲਈ ਕਰਵਾਏ ਗਏ ਸੰਪੋਜੀਅਮ ਵਿੱਚ ਪ੍ਰਗਟ ਕੀਤੇ। ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਮਾਨਯੋਗ ਹਾਈਕੋਰਟ ਵਿੱਚ ਕੇਸ ਲੜਨ ਵਾਲੇ ਉਘੇ ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਨ ਕਿ ਉਹਨਾਂ ਰਾਮ ਨਰਾਇਣ ਕੁਮਾਰ ਦੇ ਰੂਪ ਵਿੱਚ ਜਸਵੰਤ ਸਿੰਘ ਖਾਲੜਾ ਨੂੰ ਜਿਉਂਦੇ ਦੇਖਿਆ ਹੈ। ਮਨੁੱਖੀ ਅਧਿਕਾਰਾਂ ਤੇ ਸਭ ਤੋਂ ਵੱਧ ਕੰਮ ਕਰਨ ਵਾਲੇ ਗੁਲਸ਼ਨ ਕੁਮਾਰ ਅਤੇ ਉਘੇ ਵਕੀਲ ਰੰਜਨ ਲੱਖਨਪਾਲ ਦੇ ਬੇਟੇ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਉਦੋਂ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਮਰਨ ਵਾਲਿਆਂ ਦੀ ਸੂਚੀ ਵਿੱਚ ਕਿਹੜੇ ਧਰਮ ਦੇ ਲੋਕ ਹਨ ਪਰ ਅੱਜ ਜਦੋਂ ਫਿਰਕੂ ਲੀਡਰ ਸਵਾਲ ਚੁੱਕ ਰਹੇ ਹਨ ਤਾਂ ਸਾਡੇ ਲਈ ਰਾਹਤ ਵਾਲੀ ਗੱਲ ਹੈ ਕਿ ਇਸ ਸੂਚੀ ਵਿੱਚ ਸਭ ਧਰਮਾਂ ਦੇ ਲੋਕ ਸ਼ਾਮਲ ਹਨ ਜਿਨ੍ਹਾਂ ਦੇ ਹੱਕਾਂ ਦੀ ਲੜਾਈ ਜਸਵੰਤ ਸਿੰਘ ਖਾਲੜਾ ਅਤੇ ਰਾਮ ਨਰਾਇਣ ਕੁਮਾਰ ਨੇ ਲੜਾਈ ਲੜੀ। ਉਘੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਵਧੀਆ ਕੋਸ਼ਿਸ਼ ਕਰਨ ਲਈ ਸਿਵਲ ਸੁਸਾਇਟੀ ਮੋਗਾ ਵਧਾਈ ਦੀ ਪਾਤਰ ਹੈ। ਉਨ੍ਹਾਂ ਦੱਸਿਆ ਕਿ ਖਾਲੜਾ ਕਿਸੇ ਇੱਕ ਘਟਨਾ ਤੋਂ ਪ੍ਰਭਾਵਿਤ ਹੋ ਕੇ ਸੰਘਰਸ਼ ਵਿੱਚ ਨਹੀਂ ਕੁੱਦਿਆ ਸੀ ਬਲਕਿ 1982-83 ਵਿੱਚ ਬੈੰਕ ਦੀ ਨੌਕਰੀ ਛੱਡ ਕੇ ਉਹ ਲਗਾਤਾਰ ਮਨੁੱਖੀ ਅਧਿਕਾਰਾਂ ਤੇ ਕੰਮ ਕਰਦਾ ਹੋਇਆ ਕਰੀਬ 10 ਵਾਰ ਜੇਲ੍ਹ ਗਿਆ।
ਉਨ੍ਹਾਂ ਕਿਹਾ ਕਿ ਅੱਜ ਦੇ ਹਾਲਾਤ ਵੀ 30 ਸਾਲ ਪਹਿਲਾਂ ਨਾਲੋਂ ਬਿਹਤਰ ਨਹੀਂ ਕਿਉਂਕਿ 42 ਏਨਕਾਉੰਟਰ ਇਸ ਸਰਕਾਰ ਵਿੱਚ ਵੀ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਯੁਆਪਾ, ਐਨ ਐਸ ਏ, ਐਸ ਆਈ ਆਰ ਵਰਗੇ ਕਨੂੰਨ ਮਨੁੱਖੀ ਹਿੱਤਾਂ ਦਾ ਘਾਣ ਕਰਨ ਲਈ ਹੀ ਹੋਂਦ ਵਿੱਚ ਆਏ ਹਨ। ਈ ਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਕਿਹਾ ਕਿ ਅਪਰਾਧੀ ਲੋਕਾਂ ਦੀ ਅਸਲ ਜਗ੍ਹਾ ਜੇਲ੍ਹ ਹੈ ਪਰ ਦੁੱਖ ਦੀ ਗੱਲ ਹੈ ਕਿ ਅੱਜ ਰਾਜਨੀਤੀ ਦੀ ਮਿਹਰਬਾਨੀ ਨਾਲ ਜੇਲਾਂ ਵਿੱਚ ਬੇਗੁਨਾਹਾਂ ਅਤੇ ਸਮਾਜ ਵਿੱਚ ਗੁਨਾਹਗਾਰਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਸਵੰਤ ਸਿੰਘ ਖਾਲੜਾ ਵਰਗੇ ਜਿੰਮੇਵਾਰ ਨਾਗਰਿਕ ਬਣਨ ਦੀ ਲੋੜ ਹੈ ਪਰ ਅਫਸੋਸ ਜਿਆਦਾਤਰ ਤੁਰਦੀਆਂ ਫਿਰਦੀਆਂ ਲਾਸ਼ਾਂ ਹਨ। ਐਡਵਾਈਜ਼ਰ ਅਜੇ ਗੋਰਾ ਸੂਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਭ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫਿਲਮ ਨੂੰ ਦੇਖ ਕੇ ਭਰਮ ਭੁਲੇਖੇ ਦੂਰ ਕੀਤੇ ਜਾਣ ਅਤੇ ਆਪਸੀ ਸਦਭਾਵਨਾ ਮਜ਼ਬੂਤ ਕੀਤੀ ਜਾਵੇ ਤਾਂ ਜੋ ਰਾਜਨੀਤਿਕ ਲੋਕ ਸਾਡੀਆਂ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਬਟੋਰਨ ਵਿੱਚ ਕਾਮਯਾਬ ਨਾਂ ਹੋ ਸਕਣ। ਸਮਾਗਮ ਦੇ ਅੰਤ ਵਿੱਚ ਉਕਤ ਮਹਿਮਾਨਾਂ ਨੇ ਜਸਵੰਤ ਸਿੰਘ ਖਾਲੜਾ ਅਤੇ ਰਾਮ ਨਰਾਇਣ ਕੁਮਾਰ ਦੀ ਇੱਕ ਸੰਯੁਕਤ ਤਸਵੀਰ ਜਾਰੀ ਕੀਤੀ ਅਤੇ ਸਭ ਹਾਜ਼ਰੀਨ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਇਸ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਚ ਸੰਚਾਲਨ ਪ੍ਰੋ. ਪੀ ਐਸ ਭੋਗਲ ਨੇ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਮਨੁੱਖੀ ਅਧਿਕਾਰ ਕਾਰਕੁੰਨ ਪ੍ਰਿਆ ਜੈਨ, ਡਾ ਕੁਲਦੀਪ ਸਿੰਘ ਗਿੱਲ, ਐਡਵੋਕੇਟ ਵਿਜੇ ਧੀਰ, ਐਡਵੋਕੇਟ ਰਾਜੇਸ਼ ਸ਼ਰਮਾ, ਡਾ ਹਰਨੇਕ ਸਿੰਘ ਰੋਡੇ, ਬਲਵਿੰਦਰ ਸਿੰਘ, ਬੂਟਾ ਸਿੰਘ ਦੌਲਤਪੁਰਾ, ਪ੍ਰੇਮ ਭੂਸ਼ਨ ਗੁਪਤਾ, ਜਤਿੰਦਰ ਸਿੰਘ ਬੇਦੀ, ਐਮ ਐਲ ਜੈਦਕਾ, ਅਸ਼ੋਕ ਧਵਨ, ਵਿਜੇ ਗੋਇਲ, ਪ੍ਰੋ ਰਾਣਾ ਸੂਦ, ਐਡਵੋਕੇਟ ਜਗਦੀਸ਼ ਬਾਵਾ, ਰਾਜਿੰਦਰ ਛਾਬੜਾ, ਸੰਜੀਵ ਸ਼ਰਮਾ, ਜਬਰਜੰਗ ਸਿੰਘ, ਸਿਵਲ ਸੁਸਾਇਟੀ ਮੈਂਬਰ ਮਹਿੰਦਰ ਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਬੇਦੀ, ਵੀ ਪੀ ਸੇਠੀ, ਅਮਰ ਅਨੇਜਾ, ਪ੍ਰਿਤਪਾਲ ਸਿੰਘ ਲੱਕੀ ਗਿੱਲ, ਕੰਵਲਜੀਤ ਮਹੇਸਰੀ, ਐਡ ਰਵਿੰਦਰ ਕੌਰ, ਸੋਨੀਆ ਅਨੇਜਾ, ਹਰਪ੍ਰੀਤ ਕੌਰ ਧਾਲੀਵਾਲ, ਕਿਰਪਾਲ ਸਿੰਘ, ਸ਼ਿਵਚਰਨ ਸਿੰਘ, ਚਮਕੌਰ ਕੌਰੀ, ਅਕਬਰ ਚੜਿੱਕ ਆਦਿ ਤੋਂ ਇਲਾਵਾ ਸੈਂਕੜੇ ਲੋਕ ਹਾਜਰ ਸਨ।
- Download Babushahi App
-
-