ਫੀਫਾ ਵਿਸ਼ਵ ਕੱਪ 2026: ਹਾਰ ਤੋਂ ਬਾਅਦ ਨਿਰਾਸ਼ ਪ੍ਰਸ਼ੰਸਕਾਂ ਅਤੇ ਦੰਗਾ ਵਿਰੋਧੀ ਪੁਲਿਸ ਵਿਚਕਾਰ ਤਿੱਖੀ ਝੜਪ
ਪ੍ਰਸ਼ੰਸਕਾਂ ਨੇ ਪੁਲਿਸ 'ਤੇ ਕੀਤਾ ਪੱਥਰਬਾਜ਼ੀ, ਮੈਦਾਨ 'ਤੇ ਖਿਡਾਰੀਆਂ ਵਿਚਾਲੇ ਹੋਈ ਝੜਪ
ਬਾਬੂਸ਼ਾਹੀ ਬਿਊਰੋ
ਨਿਊ ਯਾਰਕ / ਬਿਊਨਸ ਆਇਰਸ, 20 ਜੁਲਾਈ (2026): ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਮੁਕਾਬਲੇ ਵਿੱਚ ਸਪੇਨ ਹੱਥੋਂ ਮੌਜੂਦਾ ਚੈਂਪੀਅਨ ਅਰਜਨਟੀਨਾ ਦੀ 1-0 ਨਾਲ ਹੋਈ ਹਾਰ ਤੋਂ ਬਾਅਦ ਅਰਜਨਟੀਨਾ ਵਿੱਚ ਹੰਗਾਮਾ ਅਤੇ ਦੰਗੇ ਭੜਕ ਉੱਠੇ ਹਨ। ਅਰਜਨਟੀਨਾ ਦੇ ਦਿੱਗਜ ਖਿਡਾਰੀ ਲਿਓਨਲ ਮੇਸੀ ਦਾ ਆਪਣੇ ਕਰੀਅਰ ਦੇ ਆਖਰੀ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੀ ਵਾਰ ਟਰਾਫੀ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ, ਜਿਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਬਿਊਨਸ ਆਇਰਸ ਦੇ ਪ੍ਰਸਿੱਧ ਓਬੇਲਿਸਕ ਸਮਾਰਕ ਦੇ ਨੇੜੇ ਨਿਰਾਸ਼ ਪ੍ਰਸ਼ੰਸਕਾਂ ਅਤੇ ਦੰਗਾ ਵਿਰੋਧੀ ਪੁਲਿਸ ਵਿਚਕਾਰ ਤਿੱਖੀ ਝੜਪ ਹੋ ਗਈ। ਪ੍ਰਸ਼ੰਸਕਾਂ ਨੇ ਪੁਲਿਸ 'ਤੇ ਜ਼ੋਰਦਾਰ ਪੱਥਰਬਾਜ਼ੀ ਕੀਤੀ, ਜਿਸ ਤੋਂ ਬਚਣ ਲਈ ਪੁਲਿਸ ਕਰਮਚਾਰੀਆਂ ਨੂੰ ਆਪਣੀਆਂ ਢਾਲਾਂ ਦੀ ਵਰਤੋਂ ਕਰਨੀ ਪਈ ਅਤੇ ਉੱਥੇ ਲਾਠੀਚਾਰਜ ਵੀ ਦੇਖਣ ਨੂੰ ਮਿਲਿਆ। ਘਟਨਾ ਸਥਾਨ ਤੋਂ ਉੱਠ ਰਹੇ ਧੂੰਏਂ ਨੇ ਸਪੱਸ਼ਟ ਕਰ ਦਿੱਤਾ ਕਿ ਹਿੰਸਾ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਅੱਗਜ਼ਨੀ ਵੀ ਕੀਤੀ ਗਈ।
ਇਸ ਵਿਵਾਦ ਦਾ ਅਸਰ ਸਿਰਫ਼ ਸੜਕਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਮੈਚ ਦੀ ਅੰਤਿਮ ਸੀਟੀ ਵੱਜਦਿਆਂ ਹੀ ਮੈਦਾਨ 'ਤੇ ਵੀ ਦੋਵਾਂ ਟੀਮਾਂ ਦੇ ਖਿਡਾਰੀ ਆਪਸ ਵਿੱਚ ਭਿੜ ਗਏ। ਅਰਜਨਟੀਨਾ ਦੇ ਮਿਡਫੀਲਡਰ ਲੀਐਂਡਰੋ ਪੈਰੇਡਸ ਹਾਰ ਤੋਂ ਬਾਅਦ ਆਪਣੇ ਗੁੱਸੇ 'ਤੇ ਕਾਬੂ ਨਾ ਰੱਖ ਸਕੇ ਅਤੇ ਸਪੈਨਿਸ਼ ਖਿਡਾਰੀਆਂ ਨਾਲ ਹੱਥੋਪਾਈ ਕਰਨ ਲੱਗੇ। ਇਸ ਦੌਰਾਨ ਅਰਜਨਟੀਨਾ ਦੇ ਡਿਫੈਂਡਰ ਨਾਹੁਏਲ ਮੋਲੀਨਾ ਨੇ ਇੱਕ ਸਪੈਨਿਸ਼ ਖਿਡਾਰੀ ਦੇ ਪੇਟ ਵਿੱਚ ਮੁੱਕਾ ਮਾਰ ਦਿੱਤਾ। ਪੈਰੇਡਸ ਨੇ ਸਪੇਨ ਦੇ ਏਰਿਕ ਗਾਰਸੀਆ ਦਾ ਗਲਾ ਦਬਾਇਆ, ਗਾਵੀ ਨੂੰ ਜ਼ਮੀਨ 'ਤੇ ਧੱਕਾ ਦਿੱਤਾ ਅਤੇ ਰੋਡਰੀ ਨਾਲ ਵੀ ਬਹਿਸ ਕੀਤੀ, ਜਿਸ ਕਾਰਨ ਅਰਜਨਟੀਨਾ ਦੇ ਮੁੱਖ ਕੋਚ ਸਕਾਲੋਨੀ ਨੂੰ ਬਚਾਅ ਲਈ ਵਿਚਾਲੇ ਆਉਣਾ ਪਿਆ।
ਮੈਚ ਤੋਂ ਬਾਅਦ ਅਰਜਨਟੀਨਾ ਦੇ ਖਿਡਾਰੀਆਂ ਦੀ ਇੱਕ ਹੋਰ ਹਰਕਤ ਨੇ ਖੇਡ ਜਗਤ ਨੂੰ ਸ਼ਰਮਸਾਰ ਕੀਤਾ। ਜਦੋਂ ਸਪੇਨ ਦੇ ਖਿਡਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫੀਫਾ ਅਧਿਕਾਰੀਆਂ ਤੋਂ ਆਪਣੀ ਵਿਸ਼ਵ ਕੱਪ ਟਰਾਫੀ ਅਤੇ ਤਗਮੇ ਪ੍ਰਾਪਤ ਕਰ ਰਹੇ ਸਨ, ਤਾਂ ਅਰਜਨਟੀਨਾ ਦੀ ਪੂਰੀ ਟੀਮ ਉਨ੍ਹਾਂ ਵੱਲ ਪਿੱਠ ਕਰਕੇ ਖੜ੍ਹੀ ਹੋ ਗਈ। ਇਸ ਵਿਵਹਾਰ ਦੀ ਖੇਡ ਪ੍ਰਸ਼ੰਸਕਾਂ ਅਤੇ ਦਿੱਗਜਾਂ ਵੱਲੋਂ ਕਾਫ਼ੀ ਆਲੋਚਨਾ ਕੀਤੀ ਜਾ ਰਹੀ ਹੈ।
- Download Babushahi App
-
-