ਭਾਰੀ ਵਾਹਨਾਂ ਦੀ ਆਵਾਜਾਈ ਸਬੰਧੀ ਹੁਕਮਾਂ 'ਚ ਸੋਧ, ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਰੋਡ 'ਤੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਮੁਕੰਮਲ ਪਾਬੰਦੀ
ਭਾਰੀ ਵਾਹਨ ਨੰਗਲ–ਸ੍ਰੀ ਅਨੰਦਪੁਰ ਸਾਹਿਬ–ਰੋਪੜ ਰੋਡ ਰਾਹੀਂ ਪਹਿਲਾਂ ਨਿਰਧਾਰਿਤ ਡਾਇਵਰਸ਼ਨ ਰੂਟ ਦੀ ਵਰਤੋਂ ਕਰਨ - ਜ਼ਿਲ੍ਹਾ ਮੈਜਿਸਟਰੇਟ
ਮਨਪ੍ਰੀਤ ਸਿੰਘ
ਰੂਪਨਗਰ, 8 ਜੁਲਾਈ:
ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ੍ਰੀ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਜਾਰੀ ਪਹਿਲਾਂ ਦੇ ਹੁਕਮਾਂ ਵਿੱਚ ਅੰਸ਼ਕ ਸੋਧ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਰੋਡ 'ਤੇ ਪਿੰਡ ਕਾਹਨਪੁਰ ਖੂਹੀ ਚੌਂਕ ਤੋਂ ਪਿੰਡ ਬਾਥੜੀ (ਹਿਮਾਚਲ ਪ੍ਰਦੇਸ਼ ਸਰਹੱਦ) ਤੱਕ ਸਾਰੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਜਾਰੀ ਹੁਕਮਾਂ ਅਨੁਸਾਰ ਇਸ ਸੜਕ 'ਤੇ ਹਿਮਾਚਲ ਪ੍ਰਦੇਸ਼ ਵੱਲੋਂ ਆਉਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਅਤੇ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਸਾਰੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਸੀ, ਹੁਣ ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ (ਭਵਨ ਅਤੇ ਮਾਰਗ) ਸ਼ਾਖਾ ਰੂਪਨਗਰ ਵੱਲੋਂ ਪੱਤਰ ਨੰਬਰ 8596, ਮਿਤੀ 03-07-2026 ਰਾਹੀਂ ਕੀਤੀ ਗਈ ਬੇਨਤੀ ਦੇ ਆਧਾਰ 'ਤੇ ਉਕਤ ਹੁਕਮਾਂ ਵਿੱਚ ਸੋਧ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਨਵੇਂ ਹੁਕਮਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ–ਗੜ੍ਹਸ਼ੰਕਰ ਰੋਡ ਦੇ ਉਕਤ ਹਿੱਸੇ 'ਤੇ ਹੁਣ ਹਰ ਸਮੇਂ ਲਈ ਸਾਰੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਪੂਰਨ ਪਾਬੰਦੀ ਲਾਗੂ ਰਹੇਗੀ। ਸਾਰੇ ਭਾਰੀ ਵਾਹਨਾਂ ਨੂੰ ਪਹਿਲਾਂ ਤੋਂ ਨਿਰਧਾਰਿਤ ਰੂਟ ਡਾਇਵਰਸ਼ਨ ਯੋਜਨਾ ਅਨੁਸਾਰ ਨੰਗਲ–ਸ੍ਰੀ ਅਨੰਦਪੁਰ ਸਾਹਿਬ–ਰੋਪੜ ਰੋਡ (ਨੱਬੀ ਰੂਟ ਡਾਇਵਰਸ਼ਨ ਪਲਾਨ) ਰਾਹੀਂ ਹੀ ਆਪਣੀ ਆਵਾਜਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਸਮੂਹ ਵਾਹਨ ਚਾਲਕਾਂ ਅਤੇ ਟਰਾਂਸਪੋਰਟਰਾਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਆਵਾਜਾਈ ਸੁਚਾਰੂ ਰਹੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
- Download Babushahi App
-
-