ਮੇਅਰ ਮਹਿਤਾ ਦੀ ਅਗਵਾਈ ਹੇਠ ਨਗਰ ਨਿਗਮ ਦੀ ਹਾਊਸ ਮੀਟਿੰਗ ਦੌਰਾਨ 125 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ
ਪੰਜ ਪ੍ਰਮੁੱਖ ਬਾਜ਼ਾਰਾਂ ਵਿੱਚ ਬਿਜਲੀ ਦੀਆਂ ਤਾਰਾਂ ਹੋਣਗੀਆਂ ਅੰਡਰਗਰਾਊਂਡ
ਮਲਬਾ ਸੁੱਟਣ ’ਤੇ 25 ਹਜ਼ਾਰ ਅਤੇ ਬੇਸਹਾਰਾ ਪਸ਼ੂ ਛੱਡਣ ’ਤੇ 1 ਲੱਖ ਰੁਪਏ ਜੁਰਮਾਨਾ
ਆਧੁਨਿਕ ਤਕਨੀਕ ਨਾਲ ਹੋਵੇਗੀ ਸ਼ਹਿਰ ਦੀ ਸਫ਼ਾਈ
ਅਸ਼ੋਕ ਵਰਮਾ
ਬਠਿੰਡਾ, 8 ਜੁਲਾਈ 2026 :ਲਗਾਤਾਰ ਦੂਜੀ ਵਾਰ ਮੇਅਰ ਬਣੇ ਸ਼੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਅਤੇ ਨਗਰ ਨਿਗਮ ਕਮਿਸ਼ਨਰ ਮੈਡਮ ਲਵਜੀਤ ਕੌਰ ਕਲਸੀ ਦੀ ਮੌਜੂਦਗੀ ਵਿੱਚ ਹੋਈ ਜਨਰਲ ਹਾਊਸ ਦੀ ਅਹਿਮ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਸਾਰੇ 18 ਏਜੰਡੇ ਸਰਬਸੰਮਤੀ ਨਾਲ ਪਾਸ ਕਰਦੇ ਹੋਏ ਲਗਭਗ 125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਵਿੱਚ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਦੀ ਸਪਲਾਈ, ਪਾਰਕਾਂ ਦਾ ਸੁੰਦਰੀਕਰਨ, ਸਫ਼ਾਈ ਪ੍ਰਬੰਧ ਅਤੇ ਆਧੁਨਿਕ ਸ਼ਹਿਰੀ ਸਹੂਲਤਾਂ ਨਾਲ ਜੁੜੀਆਂ ਕਈ ਮਹੱਤਵਪੂਰਨ ਯੋਜਨਾਵਾਂ ਸ਼ਾਮਲ ਹਨ।
ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਆਪਣਾ COCO ਪੈਟਰੋਲ ਪੰਪ ਸਥਾਪਤ ਕੀਤਾ ਜਾਵੇਗਾ। ਇਸ ਵੇਲੇ ਨਿਗਮ ਦੇ ਟਿੱਪਰਾਂ ਅਤੇ ਹੋਰ ਵਾਹਨਾਂ ਵਿੱਚ ਰੋਜ਼ਾਨਾ ਕਰੀਬ 3,000 ਲੀਟਰ ਪੈਟਰੋਲ-ਡੀਜ਼ਲ ਦੀ ਖਪਤ ਹੁੰਦੀ ਹੈ। ਆਪਣਾ ਪੈਟਰੋਲ ਪੰਪ ਬਣਨ ਨਾਲ ਇੰਧਨ ਦੀ ਨਿਰੰਤਰ ਉਪਲਬਧਤਾ ਯਕੀਨੀ ਹੋਵੇਗੀ ਅਤੇ ਨਿਗਮ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਮੁੱਖ ਬਾਜ਼ਾਰ ਹੋਣਗੇ ਬਿਜਲੀ ਦੀਆਂ ਤਾਰਾਂ ਦੇ ਜਾਲ ਤੋਂ ਮੁਕਤ
ਮੀਟਿੰਗ ਵਿੱਚ ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ, ਪੋਸਟ ਆਫਿਸ ਬਾਜ਼ਾਰ, ਸਦਰ ਬਾਜ਼ਾਰ ਅਤੇ ਸਿਰਕੀ ਬਾਜ਼ਾਰ ਵਿੱਚ ਬਿਜਲੀ ਦੀਆਂ ਓਵਰਹੈੱਡ ਤਾਰਾਂ ਨੂੰ ਹਟਾ ਕੇ ਅੰਡਰਗਰਾਊਂਡ ਕਰਨ ਲਈ ਲਗਭਗ 6 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। ਮੇਅਰ ਨੇ ਕਿਹਾ ਕਿ ਇਸ ਨਾਲ ਬਾਜ਼ਾਰਾਂ ਦੀ ਸੁੰਦਰਤਾ ਵਧੇਗੀ, ਆਵਾਜਾਈ ਸੁਚਾਰੂ ਹੋਵੇਗੀ ਅਤੇ ਹਾਦਸਿਆਂ ਦੀ ਸੰਭਾਵਨਾ ਵੀ ਘੱਟ ਹੋਵੇਗੀ।
ਪੀਣ ਵਾਲੇ ਪਾਣੀ ਅਤੇ ਸਫ਼ਾਈ ਪ੍ਰਬੰਧ ਨੂੰ ਮਿਲੇਗੀ ਹੋਰ ਮਜ਼ਬੂਤੀ
ਮੇਅਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਨਵੀਂ ਮਸ਼ੀਨਰੀ ਖਰੀਦੀ ਜਾਵੇਗੀ। ਜਨਤਕ ਟਾਇਲਟਾਂ ਦੇ ਸੰਚਾਲਨ ਲਈ ਨਵੇਂ ਟੈਂਡਰ ਜਾਰੀ ਕੀਤੇ ਜਾਣਗੇ, ਜਦਕਿ ਰੋਜ਼ ਗਾਰਡਨ ਦੀ ਨਵੀਂ ਬਣੀ ਕੈਂਟੀਨ ਨੂੰ ਕਿਰਾਏ ’ਤੇ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੀ ਸਫ਼ਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਧੁਨਿਕ ਮਸ਼ੀਨਾਂ ਅਤੇ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
ਵਾਰਡ ਨੰਬਰ 48 ਵਿੱਚ ਬਣੇਗਾ ਆਧੁਨਿਕ ਕਮਿਊਨਿਟੀ ਹਾਲ
ਜਨਰਲ ਹਾਊਸ ਨੇ ਵਾਰਡ ਨੰਬਰ 48 ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਕਮਿਊਨਿਟੀ ਹਾਲ ਬਣਾਉਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਹ ਹਾਲ ਇਲਾਕਾ ਵਾਸੀਆਂ ਲਈ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਮਹੱਤਵਪੂਰਨ ਕੇਂਦਰ ਬਣੇਗਾ।
ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਰਾਹਤ ਲਈ ਵਿਸ਼ੇਸ਼ ਮੁਹਿੰਮ
ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਐਨੀਮਲ ਬਰਥ ਕੰਟਰੋਲ (ABC) ਅਤੇ ਐਂਟੀ ਰੇਬੀਜ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਾਲਤੂ ਪਸ਼ੂਆਂ ਦੀਆਂ ਮ੍ਰਿਤ ਦੇਹਾਂ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਲਈ ਆਧੁਨਿਕ ਇੰਸੀਨਰੇਟਰ ਵੀ ਖਰੀਦਿਆ ਜਾਵੇਗਾ।
ਪਰਸਰਾਮ ਨਗਰ ਦੀ 45 ਫੁੱਟ ਸੜਕ ਦਾ ਹੋਵੇਗਾ ਆਧੁਨਿਕ ਸੁੰਦਰੀਕਰਨ
ਮੇਅਰ ਸ੍ਵੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਪਰਸਰਾਮ ਨਗਰ ਦੀ 45 ਫੁੱਟ ਚੌੜੀ ਸੜਕ ਦਾ ਆਧੁਨਿਕ ਢੰਗ ਨਾਲ ਸੁੰਦਰੀਕਰਨ ਕੀਤਾ ਜਾਵੇਗਾ। ਇਸ ਪ੍ਰੋਜੈਕਟ ਤਹਿਤ ਆਕਰਸ਼ਕ ਸਜਾਵਟੀ ਲਾਈਟਾਂ, ਮਿਊਜ਼ਿਕ ਸਿਸਟਮ ਅਤੇ ਹੋਰ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ, ਜਿਸ ਨਾਲ ਇਹ ਇਲਾਕਾ ਸ਼ਹਿਰ ਦੀ ਨਵੀਂ ਪਹਿਚਾਣ ਬਣੇਗਾ।
ਮਲਬਾ ਸੁੱਟਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਸ਼ਹਿਰ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਨਤਕ ਥਾਵਾਂ ’ਤੇ ਉਸਾਰੀ ਦਾ ਮਲਬਾ ਸੁੱਟਣ ਵਾਲਿਆਂ ਖ਼ਿਲਾਫ਼ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਨੇ ਫ਼ੈਸਲਾ ਕੀਤਾ ਹੈ ਕਿ ਅਜਿਹੇ ਵਿਅਕਤੀਆਂ ’ਤੇ 25 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਨ੍ਹਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਜਾਵੇਗਾ।
ਮਲਬੇ ਦੇ ਨਿਪਟਾਰੇ ਲਈ ਲੱਗੇਗਾ TPD ਪਲਾਂਟ
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਉਸਾਰੀ ਦੇ ਮਲਬੇ ਦੇ ਸਥਾਈ ਹੱਲ ਲਈ ਟੀਪੀਡੀ (TPD) ਪਲਾਂਟ ਸਥਾਪਤ ਕਰਨ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ। ਜਲਦੀ ਹੀ ਇਸ ਲਈ ਢੁੱਕਵੀਂ ਥਾਂ ਦੀ ਚੋਣ ਕਰਕੇ ਪਲਾਂਟ ਸਥਾਪਤ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਨੂੰ ਮਲਬਾ ਮੁਕਤ ਬਣਾਇਆ ਜਾ ਸਕੇ।
ਬੇਸਹਾਰਾ ਪਸ਼ੂ ਛੱਡਣ ਵਾਲਿਆਂ ’ਤੇ ਇੱਕ ਲੱਖ ਰੁਪਏ ਜੁਰਮਾਨਾ
ਮੇਅਰ ਨੇ ਕਿਹਾ ਕਿ ਪੇਂਡੂ ਖੇਤਰਾਂ ਤੋਂ ਸ਼ਹਿਰ ਵਿੱਚ ਬੇਸਹਾਰਾ ਪਸ਼ੂ ਛੱਡਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਜੇਕਰ ਕੋਈ ਵਿਅਕਤੀ ਸ਼ਹਿਰ ਵਿੱਚ ਬੇਸਹਾਰਾ ਪਸ਼ੂ ਛੱਡਦਾ ਹੋਇਆ ਫੜਿਆ ਗਿਆ ਤਾਂ ਉਸ ਦੀ ਪਛਾਣ ਕਰਕੇ ਇੱਕ ਲੱਖ ਰੁਪਏ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ ਦਾ ਵਾਹਨ ਵੀ ਜ਼ਬਤ ਕਰ ਲਿਆ ਜਾਵੇਗਾ।
ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦੇ ਸੁੰਦਰੀਕਰਨ, ਨਵੀਆਂ ਸੜਕਾਂ ਦੇ ਨਿਰਮਾਣ, ਪੁਰਾਣੀਆਂ ਸੜਕਾਂ ਦੇ ਸੁਧਾਰ, ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਹੋਰ ਮਜ਼ਬੂਤ ਕਰਨ ਅਤੇ ਸੀਵਰੇਜ ਨਾਲ ਸਬੰਧਤ ਕਈ ਵਿਕਾਸ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਨਗਰ ਨਿਗਮ ਦੀ ਪਹਿਲ ਬਠਿੰਡਾ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਉਣਾ ਹੈ। ਜਨਰਲ ਹਾਊਸ ਵਿੱਚ ਪਾਸ ਕੀਤੀਆਂ ਸਾਰੀਆਂ ਯੋਜਨਾਵਾਂ ਨੂੰ ਸਮੇਂ ਸਿਰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾਵੇਗਾ, ਤਾਂ ਜੋ ਸ਼ਹਿਰ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮਿਲ ਸਕਣ।
ਫਾਇਨੈਂਸ ਐਂਡ ਕੰਟਰੈਕਟ ਕਮੇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ
ਜਨਰਲ ਹਾਊਸ ਦੀ ਮੀਟਿੰਗ ਵਿੱਚ ਫਾਇਨੈਂਸ ਐਂਡ ਕੰਟਰੈਕਟ ਕਮੇਟੀ (F&CC) ਦੇ ਦੋ ਮੈਂਬਰਾਂ ਦੀ ਵੀ ਸਰਬਸੰਮਤੀ ਨਾਲ ਚੋਣ ਕੀਤੀ ਗਈ।
ਤੀਜੀ ਵਾਰ ਕੌਂਸਲਰ ਚੁਣੇ ਗਏ ਵਾਰਡ ਨੰਬਰ 47 ਦੇ ਕੌਂਸਲਰ ਮੈਡਮ ਕਮਲੇਸ਼ ਮਹਿਰਾ ਅਤੇ ਦੂਜੀ ਵਾਰ ਕੌਂਸਲਰ ਬਣੇ ਵਾਰਡ ਨੰਬਰ 48 ਦੇ ਕੌਂਸਲਰ ਸ਼੍ਰੀ ਰਤਨ ਰਾਹੀ ਨੂੰ ਕਮੇਟੀ ਦਾ ਮੈਂਬਰ ਚੁਣਿਆ ਗਿਆ।
ਵਾਰਡ ਨੰਬਰ 24 ਦੇ ਕੌਂਸਲਰ ਸ਼੍ਰੀ ਸ਼ਾਮ ਲਾਲ ਜੈਨ ਨੇ ਮੈਡਮ ਕਮਲੇਸ਼ ਮਹਿਰਾ ਦੇ ਨਾਮ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਦਾ ਸਮਰਥਨ ਵਾਰਡ ਨੰਬਰ 36 ਦੇ ਕੌਂਸਲਰ ਸ਼੍ਰੀ ਧਰਮਿੰਦਰ ਕੁਮਾਰ ਨੇ ਕੀਤਾ। ਇਸੇ ਤਰ੍ਹਾਂ ਵਾਰਡ ਨੰਬਰ 38 ਦੇ ਕੌਂਸਲਰ ਸ਼੍ਰੀ ਜਗਪਾਲ ਸਿੰਘ ਗੋਰਾ ਸਿੱਧੂ ਨੇ ਸ਼੍ਰੀ ਰਤਨ ਰਾਹੀ ਦੇ ਨਾਮ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਦਾ ਸਮਰਥਨ ਵਾਰਡ ਨੰਬਰ 12 ਦੇ ਕੌਂਸਲਰ ਸ਼੍ਰੀ ਗੁਰਸੇਵਕ ਸਿੰਘ ਨੇ ਕੀਤਾ। ਦੋਵੇਂ ਪ੍ਰਸਤਾਵ ਸਦਨ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ।ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਨਵੇਂ ਚੁਣੇ ਗਏ ਦੋਵੇਂ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਤਜਰਬਾ ਅਤੇ ਸਰਗਰਮ ਯੋਗਦਾਨ ਨਗਰ ਨਿਗਮ ਦੀਆਂ ਵਿੱਤੀ ਅਤੇ ਵਿਕਾਸ ਯੋਜਨਾਵਾਂ ਨੂੰ ਹੋਰ ਗਤੀ ਦੇਵੇਗਾ ਅਤੇ ਬਠਿੰਡਾ ਦੇ ਸਰਵਪੱਖੀ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ।
ਮੀਟਿੰਗ ਵਿੱਚ ਜੁਆਇੰਟ ਕਮਿਸ਼ਨਰ ਸ਼੍ਰੀ ਰਮੇਸ਼ ਕੁਮਾਰ ਮੀਨਾ, ਸਹਾਇਕ ਕਮਿਸ਼ਨਰ ਸ਼੍ਰੀ ਸੁਨੀਲ ਮਹਿਤਾ, ਐੱਸ.ਈ. ਸ੍ਰੀ ਸੰਦੀਪ ਗੁਪਤਾ ਅਤੇ ਸ੍ਵੀ ਸੰਦੀਪ ਰੋਮਾਣਾ, ਐਕਸੀਅਨ ਸ੍ਰੀ ਰਾਜਿੰਦਰ ਕੁਮਾਰ ਅਤੇ ਸ੍ਵੀ ਨੀਰਜ ਕੁਮਾਰ, ਐਮ.ਟੀ.ਪੀ. ਸ੍ਰੀ ਸੁਰਿੰਦਰ ਬਿੰਦਰਾ, ਸੁਪਰਡੈਂਟ ਮੈਡਮ ਰਾਜਪਾਲ ਕੌਰ ਅਤੇ ਸ੍ਵੀ ਕੁਲਵਿੰਦਰ ਸਿੰਘ, ਡੀ.ਸੀ.ਐੱਫ.ਏ. ਸ੍ਰੀ ਲਖਬੀਰ ਤ੍ਰਿਖਾ, ਚੀਫ਼ ਸੈਨੇਟਰੀ ਅਫ਼ਸਰ ਸ੍ਰੀ ਸੰਦੀਪ ਕਟਾਰੀਆ, ਸ੍ਵੀ ਸੁਰੇਸ਼ ਸੇਤੀਆ ਸਮੇਤ ਨਗਰ ਨਿਗਮ ਦੇ ਸਮੂਹ ਅਧਿਕਾਰੀ ਅਤੇ ਕੌਂਸਲਰ ਹਾਜ਼ਰ ਸਨ।
- Download Babushahi App
-
-