Political Special ਖੁਡੀਆਂ ਵੱਲੋਂ ਅਫਸਰਾਂ ਦੀ ਝਾੜ ਝੰਬ ਸਬੰਧੀ ਵਾਇਰਲ ਵੀਡੀਓ ਤੋਂ ਸਿਆਸੀ ਚੁੰਝ ਚਰਚੇ ਛਿੜੇ
ਅਸ਼ੋਕ ਵਰਮਾ
ਬਠਿੰਡਾ, 28 ਜੂਨ 2026 : ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਦੌਰੇ ਦੌਰਾਨ ਆਪਣੇ ਮਹਿਕਮੇ ਦੇ ਅਧਿਕਾਰੀਆਂ ਦੀ ਝਾੜ ਝੰਬ ਕਰਨ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਤੋਂ ਨਵੇਂ ਸਿਆਸੀ ਚੁੰਝ ਚਰਚੇ ਛਿੜ ਗਏ ਹਨ। ਖਾਸ ਤੌਰ ’ਤੇ ਬੀਤੇ ਦਿਨੀਂ ਨਗਰ ਨਗਮ ਚੋਣਾਂ ’ਚ ‘ਆਪ’ ਦੀ ਵੱਡੀ ਜਿੱਤ ਪਿੱਛੋਂ ਰੱਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਬਠਿੰਡਾ ਪ੍ਰੋਗਰਾਮਾਂ ਦਾ ਇੱਕ ਤਰਾਂ ਨਾਲ ਬਾਈਕਾਟ ਰੱਖਣ ਵਾਲੇ ਸ਼ਹਿਰੀ ਹਲਕੇ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਖੇਤੀ ਮੰਤਰੀ ਦੇ ਸਮਾਗਮ ’ਚ ਸ਼ਮੂਲੀਅਤ ਨੇ ਇੰਨ੍ਹਾਂ ਚਰਚਿਆਂ ਨੂੰ ਹੋਰ ਵੀ ਹਵਾ ਦਿੱਤੀ ਹੈ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਖੇਤੀ ਮੰਤਰੀ 26 ਜੂਨ ਨੂੰ ਬਠਿੰਡਾ ਦੌਰੇ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਪਹਿਲੀ ਬਾਇਓ-ਫਰਟੀਲਾਈਜ਼ਰ ਕੁਆਲਟੀ ਕੰਟਰੋਲ ਲੈਬਾਰਟਰੀ ਦਾ ਉਦਘਾਟਨ ਕੀਤਾ ਅਤੇ ਨਵੀਂ ਬੀਜ ਪਰਖ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਵੀ ਰੱਖਿਆ ਸੀ।
ਖੇਤੀਬਾੜੀ ਮੰਤਰੀ ਦੀ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਤਰਾਂ ਦੀ ਤਲਖ ਭਾਸ਼ਾ ਨੂੰ ਲੈ ਕੇ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕੋਈ ਇਸ ਨੂੰ ਲੁਧਿਆਣਾ ’ਚ ਪੰਜਾਬ ਵਿੱਚ ਵੋਟਰਾਂ ਦੀ ਵਿਸ਼ੇਸ਼ ਸੁਧਾਈ ਮਾਮਲੇ ’ਤੇ ਚਰਚਾ ਕਰਨ ਲਈ ਰੱਖੀ ਮੀਟਿੰਗ ’ਚ ਗੁਰਮੀਤ ਸਿੰਘ ਖੁਡੀਆਂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਮਨੀਸ਼ ਸਿਸੋਦੀਆ ਦਰਮਿਆਨ ਹੋਈ ਤਲਖ਼ ਕਲਾਮੀ ਨਾਲ ਜੋੜਕੇ ਦੇਖ ਰਿਹਾ ਹੈ ਜਦੋਂਕਿ ਕੁੱਝ ਲੋਕ ਇਸ ਨੂੰ ਕੁੱਝ ਸਮਾਂ ਪਹਿਲਾਂ ਖੁਡੀਆਂ ਦੇ ਭਤੀਜੇ ਰਣਧੀਰ ਸਿੰਘ ਧੀਰਾ ਖੁਡੀਆਂ ਨੂੰ ਵੱਡੇ ਅਦਾਰੇ ਦਾ ਚੇਅਰਮੈਨ ਬਨਾਉਣ ਦਾ ਨਤੀਜਾ ਦੱਸ ਰਹੇ ਹਨ। ਆਮ ਲੋਕਾਂ ਵੱਲੋਂ ਅਧਿਕਾਰੀਆਂ ਨੂੰ ਇੰਜ ਝਾੜਨ ਝੰਬਣ ਦਾ ਇੱਕ ਕਾਰਨ ਬਠਿੰਡਾ ਨਗਰ ਨਿਗਮ ਦੀ ਚੋਣ ਲਈ ਖੁੱਡੀਆਂ ਸਮਰਥਕ ਸਾਬਕਾ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੂੰ ‘ਆਮ ਆਦਮੀ ਪਾਰਟੀ ’ ਵੱਲੋਂ ਟਿਕਟ ਦੇਣ ਤੋਂ ਕੀਤੀ ਇਨਕਾਰੀ ਨੂੰ ਵੀ ਦੱਸਿਆ ਜਾ ਰਿਹਾ ਹੈ।
ਜਦੋਂ ਖੁੱਡੀਆਂ ਪਿਛਲੀ ਲੋਕ ਸਭਾ ਚੋਣ ਬਠਿੰਡਾ ਸੰਸਦੀ ਹਲਕੇ ਤੋਂ ਲੜੇ ਸਨ ਤਾਂ ਉਦੋਂ ਹਰਪਾਲ ਸਿੰਘ ਢਿੱਲੋਂ ਨੇ ਸ਼ਰੋਮਣੀ ਅਕਾਲੀ ਦਲ ਨੂੰ ਛੱਡਕੇ ‘ਆਪ’ ਦਾ ਪੱਲਾ ਫੜ ਲਿਆ ਸੀ। ਇਸ ਤੋਂ ਪਹਿਲਾਂ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਬਠਿੰਡਾ ਨਿਗਮ ਦੀ ਚੋਣ ਲਈ ਦਿੱਤੀਆਂ ਟਿਕਟਾਂ ’ਤੇ ਉਂਗਲ ਉਠਾ ਚੁੱਕੇ ਹਨ ਜੋ ਖੇਤੀ ਵਿਭਾਗ ਦੇ ਇਸ ਪ੍ਰੋਗਰਾਮ ’ਚ ਖੁਡੀਆਂ ਨਾਲ ਮੌਜੂਦ ਅਤੇ ਅੱਜ ਕੱਲ੍ਹ ਉਨ੍ਹਾਂ ਦੀ ਖੰਘ ’ਚ ਖੰਘਦੇ ਨਜ਼ਰ ਆ ਰਹੇ ਸਨ। ਦਿਲਚਸਪ ਪਹਿਲੂ ਇਹ ਵੀ ਹੈ ਕਿ ਗੁਰਮੀਤ ਸਿੰਘ ਖੁਡੀਆਂ ਨੂੰ ਆਪਣੇ ਪਿਤਾ ਜਗਦੇਵ ਸਿੰਘ ਖੁਡੀਆਂ ਵਾਂਗ ਸ਼ਾਂਤ ਸੁਭਾਅ ਵਾਲੇ ਮੰਨਿਆ ਜਾਂਦਾ ਹੈ ਜਿਸ ਕਰਕੇ ਤਾਜਾ ਘਟਨਾਕ੍ਰਮ ਨੂੰ ਕਾਫੀ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਸਿਆਸੀ ਹਲਕੇ ਵੀ ਆਖਦੇ ਹਨ ਕਿ ਖੁਡੀਆਂ ਦਾ ਇੰਜ ਜਨਤਕ ਤੌਰ ’ਤੇ ਅਧਿਕਾਰੀਆਂ ਨੂੰ ਗਰਮੀ ਦਿਖਾਉਣਾ ਸਹਿਜ ਨਹੀਂ ਹੈ ਬਲਕਿ ਇਸ ਪਿੱਛੇ ਵੱਡੇ ਅਤੇ ਗੰਭੀਰ ਕਾਰਨ ਛੁਪੇ ਹੋ ਸਕਦੇ ਹਨ।
ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਮੰਤਰੀ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਨਾਰਾਜ਼ਗੀ ਜਤਾਉਂਦੇੇ ਅਤੇ ਉਨ੍ਹਾਂ ਨੂੰ ਫਟਕਾਰ ਲਾਉਂਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ਅਨੁਸਾਰ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਪਣੇ ਨੇੜੇ ਗੁਲਦਸਤਾ ਫੜੀ ਖਲੋਤੀ ਜ਼ਿਲ੍ਹੇ ਦੀ ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤਪਾਲ ਕੌਰ ਨੂੰ ਪੁੱਛਦੇ ਹਨ ਕਿ ਉਨ੍ਹਾਂ ਦੇ ਬਠਿੰਡਾ ਦੌਰੇ ਬਾਰੇ ਕਿਸੇ ਨੂੰ ਸੂਚਿਤ ਕਿਉਂ ਨਹੀਂ ਕੀਤਾ ਗਿਆ। ਇਸ ਦੌਰਾਨ ਉਹ ਮੌਕੇ ’ਤੇ ਮੌਜੂਦ ਹੋਰ ਅਧਿਕਾਰੀਆਂ ਨੂੰ ਵੀ ਸੰਬੋਧਨ ਕਰਦੇ ਹੋਏ ਕਹਿੰਦੇ ਸੁਣਾਈ ਦਿੰਦੇ ਹਨ, “ਮੈਂ ਡੇਢ ਘੰਟੇ ਤੋਂ ਬਠਿੰਡੇ ਵਿੱਚ ਹਾਂ। ਕੀ ਕਿਸੇ ਦੀ ਇਹ ਜ਼ਿੰਮੇਵਾਰੀ ਨਹੀਂ ਕਿ ਉਸ ਦਾ ਮੰਤਰੀ ਸ਼ਹਿਰ ਵਿੱਚ ਹੈ?” ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਿਸੇ ਦੀ ਕੋਈ ਦਲੀਲ ਨਹੀਂ ਸੁਣਨਾ ਚਾਹੁੰਦੇ। ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਫੋਨ ਨਹੀਂ ਚੁੱਕਿਆ।
ਕਿਧਰੇ ਨਜ਼ਰਅੰਦਾਜਗੀ ਤਾਂ ਨਹੀਂ?
ਸਿਆਸੀ ਮਾਹਿਰ ਬਠਿੰਡਾ ’ਚ ਵਾਪਰੀ ਤਾਜ਼ਾ ਘਟਨਾ ਨੂੰ ਮਈ ਮਹੀਨੇ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਇੱਕ ਮੀਟਿੰਗ ’ਚ ਮਨੀਸ਼ ਸਿਸੋਦੀਆ ਨੂੰ ‘ਖ਼ਰੀਆਂ-ਖ਼ਰੀਆਂ’ ਸੁਨਾਉਣ ਕਾਰਨ ਅਫ਼ਸਰਸ਼ਾਹੀ ਵੱਲੋਂ ਪੰਜਾਬ ਸਰਕਾਰ ਦੇ ਇੱਕ ਅਹਿਮ ਵਿਭਾਗ ਦੇ ਵਜ਼ੀਰ ਨੂੰ ਨਜ਼ਰਅੰਦਾਜ਼ ਕਰਨ ਦੀ ਗੱਲ ਆਖ ਰਹੇ ਹਨ। ਹਾਲਾਂਕਿ ਇਸ ਸਬੰਧੀ ਖੇਤੀ ਵਿਭਾਗ ਦੇ ਅਧਿਕਾਰੀਆਂ ਦੀ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਪਰ ਇਹ ਚਰਚਾ ਜੋਰਾਂ ਤੇ ਛਿੜੀ ਹੋਈ ਹੈ ਕਿ ਖੁਡੀਆਂ ਅਤੇ ਪਾਰਟੀ ਵਿਚਕਾਰ ਸਬੰਧਾਂ ਨੂੰ ਲੈਕੇ ਸਿਆਸੀ ਦਾਲ ’ਚ ਕਿਧਰੇ ਨਾਂ ਕਿਧਰੇ ਕਾਲਾ ਜਰੂਰ ਹੈ।
ਖੇਤੀ ਵਿਭਾਗ ਬਣਦਾ ਨਿਸ਼ਾਨਾ
ਕਿਸਾਨਾਂ ਨੂੰ ਖੁਸ਼ ਕਰਨ ਲਈ ਖੇਤੀ ਵਿਭਾਗ ਦੇ ਅਧਿਕਾਰੀ ਅਕਸਰ ਸਿਆਸੀ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕੁੱਝ ਸਮਾਂ ਪਹਿਲਾਂ ਸਿਆਸੀ ਦਬਾਅ ਤਹਿਤ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਦਾ ਤਬਾਦਲਾ ਕਰਵਾ ਦਿੱਤਾ ਗਿਆ ਸੀ। ਕਾਰਡ ’ਤੇ ਨਾਮ ਨਾਂ ਛਪਣ ਕਰਕੇ ਵਿਧਾਇਕ ਅਮਿਤ ਰਤਨ ਦੀ ਖੇਤੀ ਮਹਿਕਮੇ ਦੇ ਅਫਸਰਾਂ ਨਾਲ ਖੜਕ ਗਈ ਸੀ ਜਿਸ ਦਾ ਖੜਕਾ ਦੜਕਾ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਤੱਕ ਵੀ ਜਾ ਪੁੱਜਿਆ ਸੀ। ਹੋਰ ਵੀ ਕਈ ਮਾਮਲੇ ਹਨ ਜਿੰਨ੍ਹਾਂ ’ਚ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਰਾਜਨੀਤੀ ਦੇ ਕਥਿਤ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ।
- Download Babushahi App
-
-