ਨੌਕਰਸ਼ਾਹੀ ਦਾ ਇੱਕ ਗਰੁੱਪ ਪੰਜਾਬ ਭਾਸ਼ਾ ਵਿਭਾਗ ਦਾ ਭੋਗ ਪਾਉਣਾ ਚਾਹੁੰਦੈ- ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦਾ ਵੱਡਾ ਇਲਜ਼ਾਮ
ਡਾਇਰੈਕਟਰ ਜ਼ਫ਼ਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਉੱਚ ਅਧਿਕਾਰੀਆਂ 'ਤੇ ਲਗਾਏ ਗੰਭੀਰ ਇਲਜ਼ਾਮ
ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ 70 ਕਿਤਾਬਾਂ ਦੇ ਪ੍ਰਕਾਸ਼ਨ ਲਈ ਬਜਟ ਰੋਕਣ ਅਤੇ ਸਮਾਗਮਾਂ ਦੀਆਂ ਅਦਾਇਗੀਆਂ ਨਾ ਕਰਨ ਦਾ ਦਾਅਵਾ
ਕਰਮਚਾਰੀਆਂ ਦਾ ਮਨੋਬਲ ਡੇਗਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਪਰ ਵਿਭਾਗ ਦੀ ਟੀਮ ਉਤਸ਼ਾਹ ਨਾਲ ਕੰਮ ਕਰਦੀ ਰਹੇਗੀ- ਜਫ਼ਰ
ਪਟਿਆਲਾ/ਚੰਡੀਗੜ੍ਹ, 28 ਜੂਨ 2026- ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਅਤੇ ਉੱਘੇ ਸਾਹਿਤਕਾਰ ਜਸਵੰਤ ਸਿੰਘ ਜ਼ਫ਼ਰ ਨੇ ਸੂਬੇ ਦੀ ਨੌਕਰਸ਼ਾਹੀ 'ਤੇ ਇੱਕ ਬਹੁਤ ਵੱਡਾ ਅਤੇ ਸਨਸਨੀਖੇਜ਼ ਇਲਜ਼ਾਮ ਲਗਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਅਤੇ ਤਿੱਖੀ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ਬੈਠੀ ਉੱਚ ਨੌਕਰਸ਼ਾਹੀ ਦਾ ਇੱਕ ਵਿਸ਼ੇਸ਼ ਗਰੁੱਪ ਭਾਸ਼ਾ ਵਿਭਾਗ, ਪੰਜਾਬ ਨੂੰ ਖ਼ਤਮ (ਭੋਗ ਪਾਉਣ) ਕਰਨ ਲਈ ਤਰਲੋ-ਮੱਛੀ ਹੋ ਰਿਹਾ ਹੈ। ਜ਼ਫ਼ਰ ਨੇ ਲਿਖਿਆ ਕਿ ਚੰਡੀਗੜ੍ਹੋਂ ਇੱਕ ਉੱਚ ਸਰਕਾਰੀ ਸਰੋਤ ਤੋਂ ਮਿਲੀ ਇਸ ਜਾਣਕਾਰੀ ਨੇ ਉਨ੍ਹਾਂ ਨੂੰ ਹੈਰਾਨ ਨਹੀਂ ਕੀਤਾ, ਕਿਉਂਕਿ ਇਸ ਦੇ ਅਸਾਰ ਪਿਛਲੇ ਕਈ ਮਹੀਨਿਆਂ ਤੋਂ ਦਿਖਾਈ ਦੇ ਰਹੇ ਸਨ।
ਜਸਵੰਤ ਸਿੰਘ ਜ਼ਫ਼ਰ ਨੇ ਆਪਣੀ ਪੋਸਟ ਵਿੱਚ ਵਿਭਾਗ ਦੇ ਕੰਮਕਾਜ ਨੂੰ ਠੱਪ ਕਰਨ ਲਈ ਨੌਕਰਸ਼ਾਹੀ ਵੱਲੋਂ ਪਾਏ ਜਾ ਰਹੇ ਅੜਿੱਕਿਆਂ ਦੀ ਸੂਚੀ ਸਾਂਝੀ ਕੀਤੀ। ਆਪਣੀ ਪੋਸਟ ਵਿੱਚ ਜਸਵੰਤ ਸਿੰਘ ਜਫ਼ਰ ਨੇ ਲਿਖਿਆ ਕਿ, ਚੰਡੀਗੜ੍ਹੋਂ ਇੱਕ ਉੱਚ ਸਰਕਾਰੀ ਸਰੋਤ ਤੋਂ ਪਤਾ ਲੱਗਾ ਹੈ ਕਿ ਨੌਕਰਸ਼ਾਹੀ ਦਾ ਇੱਕ ਗਰੁੱਪ ਭਾਸ਼ਾ ਵਿਭਾਗ, ਪੰਜਾਬ ਦਾ ਭੋਗ ਪਾਉਣ ਲਈ ਬਹੁਤ ਤਰਲੋ ਮੱਛੀ ਹੋ ਰਿਹਾ ਹੈ। ਮੈਨੂੰ ਇਹ ਜਾਣ ਕੇ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਇਸ ਦੇ ਅਸਾਰ ਪਿਛਲੇ ਕਈ ਮਹੀਨਿਆਂ ਤੋਂ ਸਾਹਮਣੇ ਆਉਣ ਲੱਗੇ ਸਨ, ਜਿਵੇਂ ਕਿ -
1. ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਕੋਲ ਆਪਣੀ ਛਪਾਈ ਦੀ ਉਡੀਕ ਕਰਦੀਆਂ ਵਿਭਾਗ ਦੀਆਂ 70 ਦੇ ਕਰੀਬ ਕਿਤਾਬਾਂ ਦੇ ਪ੍ਰਕਾਸ਼ਨ ਲਈ ਕੋਈ ਬੱਜਟ ਨਾ ਦੇਣਾ।
2. ਪਿਛਲੇ ਤਿੰਨ ਮਹੀਨਿਆਂ ਦੌਰਾਨ ਕਰਾਏ ਪੰਜ-ਛੇ ਸਮਾਗਮਾਂ ਦੀਆਂ ਅਦਾਗੀਆਂ 'ਤੇ ਰੋਕ ਲਗਾਉਣਾ।
3. ਸੇਵਾਦਾਰਾਂ ਅਤੇ ਸਫਾਈ ਕਰਮਚਾਰੀਆਂ ਦੀਆਂ ਖਾਲੀ ਪਈਆਂ 70 ਦੇ ਕਰੀਬ ਅਸਾਮੀਆਂ ਵਿਰੁੱਧ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ 1 ਅਪਰੈਲ ਤੋਂ ਬਾਅਦ ਕੰਮ ਕਰਦੇ ਰਹਿਣ ਦੀ ਪ੍ਰਵਾਨਗੀ ਨਾ ਦੇਣਾ।
4. ਵਿਭਾਗ ਦੇ ਅਫ਼ਸਰਾਂ ਦੀਆਂ ਤਰੱਕੀਆਂ ਲਈ ਐਲਾਨੀਆ ਤੌਰ 'ਤੇ ਇਨਕਾਰ ਕਰਨਾ।
5. ਵਾਰ-ਵਾਰ ਲਿਖਣ ਦੇ ਬਾਵਜੂਦ ਲੇਖਕਾਂ ਦੇ ਠਹਿਰਨ ਲਈ ਬਣੇ ਭਾਸ਼ਾ ਵਿਭਾਗ ਦੇ ਸਾਹਿਤ ਸਦਨ ਤੋਂ ਐਨ.ਸੀ.ਸੀ. ਦਾ ਕਬਜ਼ਾ ਹਟਾਉਣ ਲਈ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰਨਾ।
ਸ਼ਾਇਦ ਉਹਨਾਂ ਨੂੰ ਪਿਛਲੇ ਸਮੇਂ ਵਿੱਚ ਭਾਸ਼ਾ ਵਿਭਾਗ ਦਾ ਅਸਰਦਾਰੀ ਨਾਲ ਸਰਗਰਮ ਹੋਣਾ ਚੁੱਭਦਾ ਹੈ। ਹੁਣ ਉਹਨਾਂ ਦੀ ਖਿਝ ਹੋਰ ਵੱਧ ਗਈ ਲੱਗਦੀ ਹੈ ਕਿਉਂਕਿ-
1. ਪ੍ਰਕਾਸ਼ਨ ਲਈ ਕੋਈ ਰਾਸ਼ੀ ਨਾ ਮਿਲਣ ਦੇ ਬਾਵਜੂਦ ਵਿਭਾਗ ਦੀ ਟੀਮ ਨੇ ਕਾਫੀ ਚਿਰ ਤੋਂ ਪੈਂਡਿੰਗ ਪਏ ਵਿਭਾਗੀ ਰਸਾਲੇ ਆਪਣੇ ਤੌਰ 'ਤੇ ਛਪਾ ਲਏ ਹਨ।
2. ਪਿਛਲੇ ਸਮਾਗਮਾਂ ਦੀ ਅਦਾਇਗੀ ਰੋਕੀ ਹੋਣ ਦੇ ਬਾਵਜੂਦ ਵਿਭਾਗ ਦੀ ਟੀਮ ਅਗਲੇ ਪ੍ਰੋਗਰਾਮ ਉਤਸ਼ਾਹ ਨਾਲ ਉਲੀਕੀ ਤੁਰੀ ਜਾਂਦੀ ਹੈ।
3. ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਨੋਬਲ ਡੇਗਣ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੇ ਕੰਮ ਨੂੰ ਪੂਰੇ ਉਤਸ਼ਾਹ ਅਤੇ ਖੁਸ਼ੀ-ਖੁਸ਼ੀ ਜਾਰੀ ਰੱਖ ਰਹੇ ਹਨ।
---
ਅਸਤੀਫ਼ਾ ਦਿੱਤਾ ਹੈ ਜਾਂ ਨਹੀਂ ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਅਤੇ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਸੀਐੱਮਓ ਦਫ਼ਤਰ ਵਿੱਚ ਉਸਦਾ ਅਸਤੀਫ਼ਾ ਨਹੀਂ ਪੁੱਜਾ।
- Download Babushahi App
-
-