ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੰਗਾਮਾ; ਨਿਹੰਗ ਸਿੰਘਾਂ ਦਾ ਹੋਇਆ ਵੱਡਾ ਇਕੱਠ-ਨੌਜਵਾਨ ਦੀ ਕੁੱਟਮਾਰ ਦਾ ਦੋਸ਼!
ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ; ਅੰਦਰ ਧੱਕਾ-ਮੁੱਕੀ ਹੋਣ ਦੀ ਖ਼ਬਰ ਆਈ ਸਾਹਮਣੇ
ਸ਼ਰਾਰਤੀ ਅਨਸਰ ਵੱਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾਕਾਮ; ਗੁਰਦੁਆਰਾ ਕਮੇਟੀ ਦੀ ਮੁਸਤੈਦੀ ਸਦਕਾ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ
Ravi Jakhu
ਚੰਡੀਗੜ੍ਹ/ਮੋਹਾਲੀ, 28 ਜੂਨ 2026: ਮੋਹਾਲੀ ਦੇ ਇਤਿਹਾਸਕ ਅਤੇ ਪ੍ਰਸਿੱਧ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਐਤਵਾਰ ਨੂੰ ਉਸ ਵੇਲੇ ਭਾਰੀ ਹੰਗਾਮਾ ਅਤੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਜਥੇਦਾਰ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੌਜੂਦਗੀ ਵਿੱਚ ਹੀ ਕਥਿਤ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਇਸ ਅਚਾਨਕ ਹੋਈ ਘਟਨਾ ਕਾਰਨ ਉੱਥੇ ਮੌਜੂਦ ਸੰਗਤਾਂ ਵਿੱਚ ਅਫੜਾ-ਦਫੜੀ ਮਚ ਗਈ।
ਮਿਲੀ ਜਾਣਕਾਰੀ ਅਨੁਸਾਰ, ਗੁਰਦੁਆਰਾ ਪਰਿਸਰ ਦੇ ਅੰਦਰ ਮਾਮਲਾ ਗਰਮਾਉਣ ਤੋਂ ਤੁਰੰਤ ਬਾਅਦ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਨਿਹੰਗ ਸਿੰਘਾਂ ਦੇ ਨਾਲ ਕਥਿਤ ਤੌਰ 'ਤੇ ਧੱਕਾ-ਮੁੱਕੀ ਹੋਣ ਦੀ ਗੱਲ ਵੀ ਸਾਹਮਣੇ ਆਈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਅਮਨ-ਚੈਨ ਭੰਗ ਕਰਨ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਇਹ ਸਾਰਾ ਵਿਵਾਦ ਖੜ੍ਹਾ ਹੋਇਆ।
ਮਾਮਲੇ ਦੀ ਗੰਭੀਰਤਾ ਅਤੇ ਤਣਾਅ ਨੂੰ ਵਧਦਾ ਦੇਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਮੈਨੇਜਮੈਂਟ ਵੱਲੋਂ ਤੁਰੰਤ ਮੁਸਤੈਦੀ ਦਿਖਾਈ ਗਈ। ਪ੍ਰਬੰਧਕਾਂ ਨੇ ਦੋਵਾਂ ਪੱਖਾਂ ਦੀ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਅਤੇ ਉੱਚੀ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਮਾਮਲੇ ਨੂੰ ਮੌਕੇ 'ਤੇ ਹੀ ਪੂਰੀ ਤਰ੍ਹਾਂ ਸੁਲਝਾ ਲਿਆ।
- Download Babushahi App
-
-