ਰੂਪਕ ਕਲਾ ਐਂਡ ਵੈਲਫੇਅਰ ਸੋਸਾਇਟੀ ਵੱਲੋਂ 30 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਾਟਕ
ਰੂਪਕ ਕਲਾ ਐਂਡ ਵੈਲਫੇਅਰ ਸੋਸਾਇਟੀ ਵੱਲੋਂ 30 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਾਟਕ
ਅਸ਼ੋਕ ਵਰਮਾ
ਬਠਿੰਡਾ, 28 ਜੂਨ 2026 : ਰੂਪਕ ਕਲਾ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਪ੍ਰਸਿੱਧ ਨਾਟਕ ਤੱਤੀ ਤਵੀ ਦਾ ਸੱਚ ਦਾ ਮੰਚਨ 30 ਜੂਨ ਸ਼ਾਮ ਨੂੰ ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ਵਿਖੇ ਕੀਤਾ ਜਾਵੇਗਾ। ਲਾਈਟ ਐਂਡ ਸਾਊਂਡ 'ਤੇ ਆਧਾਰਿਤ ਇਹ ਵਿਲੱਖਣ ਪੇਸ਼ਕਾਰੀ ਦਰਸ਼ਕਾਂ ਨੂੰ ਇਤਿਹਾਸਕ, ਅਧਿਆਤਮਿਕ ਅਤੇ ਕਲਾਤਮਕ ਅਨੁਭਵ ਪ੍ਰਦਾਨ ਕਰੇਗੀ।ਇਹ ਨਾਟਕ ਸਾਹਿਤ ਅਕਾਦਮੀ ਐਵਾਰਡ ਨਾਲ ਸਨਮਾਨਿਤ ਨਾਟਕਕਾਰ ਡਾ. ਆਤਮਜੀਤ ਵੱਲੋਂ ਲਿਖਿਆ ਗਿਆ ਹੈ। ਨਾਟਕ ਵਿੱਚ ਸੰਵਾਦਾਂ ਅਤੇ ਬਹਿਸ ਦੀ ਪ੍ਰਭਾਵਸ਼ਾਲੀ ਨਾਟਕੀ ਤਕਨੀਕ ਰਾਹੀਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਅਸਲ ਕਾਰਨਾਂ ਅਤੇ ਉਸ ਸਮੇਂ ਦੇ ਸਮਾਜਿਕ-ਰਾਜਨੀਤਿਕ ਹਾਲਾਤਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬਾਦਸ਼ਾਹ ਅਕਬਰ ਦੀ ਧਾਰਮਿਕ ਸਹਿਣਸ਼ੀਲਤਾ ਅਤੇ ਜਹਾਂਗੀਰ ਦੀ ਧਾਰਮਿਕ ਕੱਟੜਤਾ ਦਾ ਯਥਾਰਥ ਚਿੱਤਰਣ ਦਰਸ਼ਕਾਂ ਨੂੰ ਇਤਿਹਾਸ ਦੇ ਅਹਿਮ ਪੱਖਾਂ ਨਾਲ ਰੂਬਰੂ ਕਰਵਾਉਂਦਾ ਹੈ।ਨਾਟਕ ਦੀ ਇੱਕ ਵਿਸ਼ੇਸ਼ ਖੂਬੀ ਇਹ ਹੈ ਕਿ ਇਸ ਵਿੱਚ ਰਵਾਇਤੀ ਸੂਤਰਧਾਰ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਪੰਜ ਸੂਫ਼ੀ ਸੰਤ ਆਪਣੀ ਰੂਹਾਨੀ ਮਸਤ ਅਵਸਥਾ ਵਿੱਚ ਗਾਇਨ ਅਤੇ ਕਥਾ-ਵਾਚਨ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗਾਥਾ ਬਿਆਨ ਕਰਦੇ ਹਨ। ਪ੍ਰੋਜੈਕਟਰ, ਲਾਈਟਿੰਗ ਅਤੇ ਸਾਊਂਡ ਇਫੈਕਟਸ ਦੀ ਕਲਾਤਮਕ ਵਰਤੋਂ ਇਸ ਪੇਸ਼ਕਾਰੀ ਨੂੰ ਹੋਰ ਵੀ ਜੀਵੰਤ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ।ਇਸ ਨਾਟਕ ਦੇ ਲੇਖਕ ਡਾ. ਆਤਮਜੀਤ ਹਨ । ਜਦਕਿ ਨਿਰਦੇਸ਼ਨ ਸੰਗੀਤਾ ਗੁਪਤਾ ਵੱਲੋਂ ਕੀਤਾ ਗਿਆ ਹੈ।
ਸਹਾਇਕ ਨਿਰਦੇਸ਼ਕ ਸਾਹਿਨ, ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਲਵਲੀਨ ਕੌਰ, ਲਾਈਟਿੰਗ ਚੇਤਨ ਅਤੇ ਸੰਗੀਤ ਜਤਿੰਦਰ ਸ਼ਾਹ ਵੱਲੋਂ ਸੰਭਾਲਿਆ ਗਿਆ ਹੈ। ਨਾਟਕ ਵਿੱਚ ਅਭਿਸ਼ੇਕ, ਅੰਕੁਜ, ਰੇਯਾ ਸ਼ਰਮਾ, ਯੁਵਰਾਜ, ਨੰਦਿਨੀ ਗੁਪਤਾ, ਪ੍ਰਿਯੰਕਾ, ਮੰਤਵ, ਰਾਕੇਸ਼ ਰਸਤੋਗੀ, ਅਰਸ਼ਦੀਪ ਸਿੰਘ, ਇਸ਼ਨੂਰ ਸਿੰਘ, ਗੁਰਵੀਰ ਸਿੰਘ, ਹਰਮਨਪ੍ਰੀਤ ਸਿੰਘ, ਜੋਤੀ ਸ਼੍ਰੀ ਗੁਹਾ, ਬਲਜਿੰਦਰ ਸਿੰਘ, ਪਰਮਵੀਰ, ਅਥਰਵ, ਨਵ ਕੌਰ, ਹਰਤੀਰਥ ਸਿੰਘ, ਮਿਰਜ਼ਾ, ਹਰਪ੍ਰੀਤ ਕੌਰ ਅਤੇ ਸਾਹਿਨ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨਗੇ।
ਰੂਪਕ ਕਲਾ ਐਂਡ ਵੈਲਫੇਅਰ ਸੋਸਾਇਟੀ ਨੇ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਲਾ-ਪ੍ਰੇਮੀਆਂ, ਸਾਹਿਤਕਾਰਾਂ, ਵਿਦਿਆਰਥੀਆਂ ਅਤੇ ਸਮੂਹ ਸੰਗਤ ਨੂੰ ਇਸ ਵਿਲੱਖਣ ਨਾਟਕ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਸੰਸਥਾ ਦਾ ਮੰਨਣਾ ਹੈ ਕਿ ਇਹ ਪੇਸ਼ਕਾਰੀ ਨਾ ਸਿਰਫ਼ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਹੋਵੇਗੀ, ਸਗੋਂ ਸਮਾਜ ਨੂੰ ਸੱਚ, ਸਹਿਣਸ਼ੀਲਤਾ, ਮਨੁੱਖਤਾ ਅਤੇ ਨੈਤਿਕਤਾ ਦਾ ਸੰਦੇਸ਼ ਦੇਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ।
- Download Babushahi App
-
-